ਵਾਈਟ ਹਾਊਸ ਦੀ ਬਾਰੀ ’ਚੋਂ ਸੁੱਟੇ ਕੂੜੇ ਦੀ ਵੀਡੀਓ ਵਾਇਰਲ
ਵਾਈਟ ਹਾਊਸ ਦੀ ਬਾਰੀ ਵਿਚੋਂ ਕੂੜੇ ਵਰਗੇ ਕੋਈ ਚੀਜ਼ ਸੁੱਟਣ ਦੀ ਵਾਇਰਲ ਹੋ ਰਹੀ ਵੀਡੀਓ ਨੂੰ ਡੌਨਲਡ ਟਰੰਪ ਨੇ ਫਰਜ਼ੀ ਕਰਾਰ ਦਿਤਾ ਹੈ
ਵਾਸ਼ਿੰਗਟਨ : ਵਾਈਟ ਹਾਊਸ ਦੀ ਬਾਰੀ ਵਿਚੋਂ ਕੂੜੇ ਵਰਗੇ ਕੋਈ ਚੀਜ਼ ਸੁੱਟਣ ਦੀ ਵਾਇਰਲ ਹੋ ਰਹੀ ਵੀਡੀਓ ਨੂੰ ਡੌਨਲਡ ਟਰੰਪ ਨੇ ਫਰਜ਼ੀ ਕਰਾਰ ਦਿਤਾ ਹੈ। ਮੀਡੀਆ ਦੇ ਹਰ ਵਰਗ ਵਿਚ ਭੇਤਭਰੀ ਵੀਡੀਓ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ ਜਿਸ ਵਿਚ ਸਿਖਰਲੀ ਮੰਜ਼ਿਲ ਦੀ ਖਿੜਕੀ ਵਿਚੋਂ ਕੋਈ ਚੀਜ਼ ਬਾਹਰ ਡਿੱਗਦੀ ਨਜ਼ਰ ਆਉਂਦੀ ਹੈ। ਫੌਕਸ ਨਿਊਜ਼ ਦੀ ਪੱਤਰਕਾਰ ਨੇ ਜਦੋਂ ਟਰੰਪ ਨੂੰ ਵੀਡੀਓ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸੰਭਾਵਤ ਤੌਰ ’ਤੇ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਰਾਹੀਂ ਤਿਆਰ ਵੀਡੀਓ ਹੋਵੇਗੀ। ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਤੁਸੀਂ ਬਾਰੀ ਖੋਲ੍ਹ ਹੀ ਨਹੀਂ ਸਕਦੇ ਕਿਉਂਕਿ ਬੁਲਟ ਪਰੂਫ਼ ਹੋਣ ਕਾਰਨ ਇਨ੍ਹਾਂ ਨੂੰ ਪੱਕੇ ਤੌਰ ’ਤੇ ਬੰਦ ਕੀਤਾ ਗਿਆ ਹੈ।
ਟਰੰਪ ਨੇ ਵੀਡੀਓ ਫਰਜ਼ੀ ਹੋਣ ਦਾ ਦਾਅਵਾ ਕੀਤਾ
ਟਰੰਪ ਵੱਲੋਂ ਕੀਤੀ ਟਿੱਪਣੀ ਦੇ ਉਲਟ ਵਾਈਟ ਹਾਊਸ ਨੇ ਕਿਹਾ ਕਿ ਠੇਕੇਦਾਰ ਇਮਾਰਤ ਦੀ ਮੁਰੰਮਤ ਦਾ ਕੰਮ ਕਰ ਰਿਹਾ ਸੀ ਅਤੇ ਸੰਭਾਵਤ ਤੌਰ ’ਤੇ ਉਸ ਵੱਲੋਂ ਕੋਈ ਚੀਜ਼ ਸੁੱਟੀ ਗਈ ਹੋਵੇਗੀ। ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਨੇ ਭਾਰਤ ਉਤੇ 50 ਫ਼ੀ ਸਦੀ ਟੈਰਿਫ਼ਸ ਦਾ ਮਸਲਾ ਮੁੜ ਛੇੜਦਿਆਂ ਕਿਹਾ ਹੈ ਕਿ ਦੋਹਾਂ ਮੁਲਕਾਂ ਦਰਮਿਆਨ ਲੰਮੇ ਸਮੇਂ ਤੋਂ ਇਕਪਾਸੜ ਵਪਾਰਕ ਸਬੰਧ ਚੱਲ ਰਹੇ ਸਨ ਅਤੇ ਇਹੋ ਰਵੱਈਆ ਭਾਰੀ ਭਰਕਮ ਟੈਰਿਫ਼ਸ ਦਾ ਕਾਰਨ ਬਣਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਭਾਰਤ, ਅਮਰੀਕਾ ਦੇ ਸਮਾਨ ’ਤੇ 100 ਫੀ ਸਦੀ ਟੈਰਿਫ਼ਸ ਲਾਉਂਦਾ ਹੈ ਜੋ ਦੁਨੀਆਂ ਵਿਚ ਸਭ ਤੋਂ ਵੱਧ ਹੈ ਅਤੇ ਇਸੇ ਕਰ ਕੇ ਦੋਹਾਂ ਮੁਲਕਾਂ ਦੇ ਵਪਾਰ ਦਾ ਤਵਾਜ਼ਨ ਵਿਗੜਿਆ।
ਭਾਰਤ ਉਤੇ 50 ਫੀ ਸਦੀ ਟੈਰਿਫ਼ਸ ਦਾ ਮਸਲਾ ਮੁੜ ਛੇੜਿਆ
ਟਰੰਪ ਨੇ ਮਿਸਾਲ ਪੇਸ਼ ਕਰਦਿਆਂ ਕਿਹਾ ਕਿ ਅਮਰੀਕਾ ਦੀ ਹਾਰਲੇ ਡੇਵਿਡਸਨ ਕੰਪਨੀ ਵਾਸਤੇ ਭਾਰਤ ਵਿਚ ਮੋਟਰਸਾਈਕਲ ਵੇਚਣੇ ਔਖੋ ਹੋ ਗਏ ਕਿਉਂਕਿ 200 ਫੀ ਸਦੀ ਟੈਕਸ ਦੇਣਾ ਪੈ ਰਿਹਾ ਸੀ। ਇਸੇ ਕਰ ਕੇ ਕੰਪਨੀ ਨੇ ਭਾਰਤ ਵਿਚ ਇਕ ਪਲਾਂਟ ਲਾਇਆ ਅਤੇ ਹੁਣ ਟੈਕਸ ਦੀ ਅਦਾਇਗੀ ਨਹੀਂ ਕਰਨੀ ਪੈਂਦੀ। ਆਪਣੀ ਟੈਰਿਫ਼ ਨੀਤੀ ਦਾ ਬਚਾਅ ਕਰਦਿਆਂ ਟਰੰਪ ਨੇ ਕਿਹਾ ਕਿ ਇਸ ਰਾਹੀਂ ਅਮਰੀਕਾ ਨੂੰ ਗੱਲਬਾਤ ਦੀ ਬਿਹਤਰੀਨ ਤਾਕਤ ਮਿਲੀ ਹੈ। ਟਰੰਪ ਨੇ ਦੁਹਰਾਇਆ ਕਿ ਟੈਰਿਫਸ ਦੇ ਦਮ ’ਤੇ ਅਮਰੀਕਾ 7 ਲੜਾਈਆਂ ਰੋਕਣ ਵਿਚ ਸਫ਼ਲ ਰਿਹਾ।