ਅਮਰੀਕਾ ਵੱਲੋਂ ਗੁਰਪਤਵੰਤ ਪੰਨੂ ਮਾਮਲੇ ਵਿਚ ਭਾਰਤ ਨੂੰ ਕੋਰੀ ਨਾਂਹ
ਅਮਰੀਕਾ ਨੇ ਭਾਰਤ ਸਰਕਾਰ ਨੂੰ ਗੁਰਪਤਵੰਤ ਸਿੰਘ ਪੰਨੂ ਦੇ ਬੈਂਕ ਖਾਤਿਆਂ ਨਾਲ ਸਬੰਧਤ ਕੋਈ ਵੀ ਜਾਣਕਾਰੀ ਮੁਹੱਈਆ ਕਰਵਾਉਣ ਤੋਂ ਨਾਂਹ ਕਰ ਦਿਤੀ
ਵਾਸ਼ਿੰਗਟਨ : ਅਮਰੀਕਾ ਨੇ ਭਾਰਤ ਸਰਕਾਰ ਨੂੰ ਗੁਰਪਤਵੰਤ ਸਿੰਘ ਪੰਨੂ ਦੇ ਬੈਂਕ ਖਾਤਿਆਂ ਨਾਲ ਸਬੰਧਤ ਕੋਈ ਵੀ ਜਾਣਕਾਰੀ ਮੁਹੱਈਆ ਕਰਵਾਉਣ ਤੋਂ ਨਾਂਹ ਕਰ ਦਿਤੀ ਅਤੇ ਇਥੋਂ ਤੱਕ ਕਿ ਭਾਰਤ ਸਰਕਾਰ ਵੱਲੋਂ ਮੰਗੇ ਗਏ ਫੋਨ ਨੰਬਰ ਵੀ ਨਹੀਂ ਦਿਤੇ ਗਏ। ਇਹ ਦਾਅਵਾ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਵਿਚ ਕੀਤਾ ਗਿਆ ਹੈ। ਪੰਨੂ ਨਾਲ ਸਬੰਧਤ ਜਾਣਕਾਰੀ ਮੋਗਾ ਦੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਖਾਲਿਸਤਾਨੀ ਝੰਡਾ ਝੁਲਾਉਣ ਦੇ ਮਾਮਲੇ ਵਿਚ ਮੰਗੀ ਗਈ ਸੀ।
ਬੈਂਕ ਖਾਤਿਆਂ ਦੇ ਵੇਰਵੇ ਅਤੇ ਫੋਨ ਨੰਬਰਾਂ ਦੀ ਜਾਣਕਾਰੀ ਮੁਹੱਈਆ ਨਾ ਕਰਵਾਈ
ਭਾਰਤੀ ਗ੍ਰਹਿ ਮੰਤਰਾਲੇ ਦੇ ਇਕ ਸੂਤਰ ਨੇ ਦੱਸਿਆ ਕਿ ਐਨ.ਆਈ. ਏ. ਵੱਲੋਂ ਨਵੇਂ ਸਿਰੇ ਤੋਂ ਮਾਮਲਾ ਦਰਜ ਕੀਤੇ ਜਾਣ ਮਗਰੋਂ ਗੁਰਪਤਵੰਤ ਸਿੰਘ ਪੰਨੂ ਨਾਲ ਸਬੰਧਤ ਕੁਝ ਬੈਂਕ ਖਾਤਿਆਂ ਅਤੇ ਫੋਨ ਨੰਬਰਾਂ ਬਾਰੇ ਪਤਾ ਲੱਗਾ। ਕੌਮੀ ਜਾਂਚ ਏਜੰਸੀ ਨੇ ਇਸ ਬਾਰੇ ਅਮਰੀਕਾ ਨਾਲ ਸੰਪਰਕ ਕੀਤਾ ਅਤੇ ਵਿਸਤਾਰਤ ਜਾਣਕਾਰੀ ਮੰਗੀ ਗਈ ਪਰ ਹਾਲ ਹੀ ਵਿਚ ਆਏ ਜਵਾਬ ਵਿਚ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਕਾਨੂੰਨ ਉਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਇਸੇ ਦੌਰਾਨ ਨਵੀਂ ਦਿੱਲੀ ਵਿਖੇ ਤੈਨਾਤ ਇਕ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਅਪਰਾਧਕ ਮਸਲਿਆਂ ਤੇ ਅਮਰੀਕਾ ਅਤੇ ਭਾਰਤੀ ਲਾਅ ਐਨਫੋਰਸਮੈਂਟ ਏਜੰਸੀਆਂ ਪੂਰੇ ਤਾਲਮੇਲ ਤਹਿਤ ਕੰਮ ਕਰ ਰਹੀਆਂ ਹਨ ਪਰ ਅਮਰੀਕੀ ਅੰਬੈਸੀ ਨੂੰ ਇਸ ਮਾਮਲੇ ਦੀ ਪੜਤਾਲ ਬਾਰੇ ਕੋਈ ਜਾਣਕਾਰੀ ਨਹੀਂ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਸਰਕਾਰ ਵੱਲੋਂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਮਾਮਲੇ ਤਹਿਤ ਨਾਮਜ਼ਦ ਭਾਰਤੀ ਅਧਿਕਾਰੀ ਦੀ ਪਛਾਣ ਪਹਿਲੀ ਵਾਰ ਬੀਤੇ ਅਕਤੂਬਰ ਮਹੀਨੇ ਦੌਰਾਨ ਨਸ਼ਰ ਕੀਤੀ ਗਈ ਜੋ ਐਫ਼.ਬੀ.ਆਈ. ਦੇ ਭਗੌੜੇ ਅਪਰਾਧੀਆਂ ਦੀ ਸੂਚੀ ਵਿਚ ਸ਼ਾਮਲ ਹੈ। ਸਰਕਾਰੀ ਵਕੀਲਾਂ ਮੁਤਾਬਕ ਵਿਕਾਸ ਯਾਦਵ ਭਾਰਤੀ ਖੁਫੀਆ ਏਜੰਸੀ ਵੱਲੋਂ ਕੰਮ ਕਰ ਰਿਹਾ ਸੀ ਅਤੇ ਉਸ ਵਿਰੁੱਧ ਭਾੜੇ ਦੇ ਕਾਤਲਾਂ ਦਾ ਪ੍ਰਬੰਧ ਕਰਨ ਦੇ ਦੋਸ਼ ਲਾਏ ਗਏ।
ਭਾਰਤ ਵਿਚ ਪੰਨੂ ਵਿਰੁੱਧ ਦਰਜ ਨੇ 12 ਮਾਮਲੇ
ਵਿਕਾਸ ਯਾਦਵ ਦੇ ਕਥਿਤ ਸਾਥੀ ਨਿਖਿਲ ਗੁਪਤਾ ਨੂੰ ਚੈਕ ਰਿਪਬਲਿਕ ਵਿਚ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਅਮਰੀਕਾ ਲਿਆਂਦਾ ਗਿਆ ਅਤੇ ਹੁਣ ਉਸ ਵਿਰੁੱਧ ਮੁਕੱਦਮਾ ਚਲਾਇਆ ਜਾ ਰਿਹਾ ਹੈ। ਭਾਰਤ ਸਰਕਾਰ ਵੱਲੋਂ 2019 ਵਿਚ ਸਿੱਖਸ ਫੌਰ ਜਸਟਿਸ ’ਤੇ ਪਾਬੰਦੀ ਲਾਈ ਗਈ ਅਤੇ ਜੁਲਾਈ 2020 ਵਿਚ ਗੁਰਪਤਵੰਤ ਸਿੰਘ ਪੰਨੂ ਦਾ ਨਾਂ ਅਤਿਵਾਦੀਆਂ ਦੀ ਸੂਚੀ ਵਿਚ ਪਾ ਦਿਤਾ ਗਿਆ। 29 ਨਵੰਬਰ 2022 ਨੂੰ ਭਗੌੜਾ ਐਲਾਨਿਆ ਗਿਆ ਅਤੇ 2023 ਵਿਚ ਐਨ.ਆਈ.ਏ. ਨੇ ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿਖੇ ਸਥਿਤ ਪੰਨੂ ਦੀਆਂ ਪ੍ਰਾਪਰਟੀਜ਼ ਜ਼ਬਤ ਕਰ ਲਈਆਂ। ਇਸ ਵੇਲੇ ਪੰਨੂ ਵਿਰੁੱਧ ਤਕਰੀਬਨ 12 ਮਾਮਲੇ ਦਰਜ ਹਨ।