ਅਮਰੀਕਾ ਚੋਣਾਂ : ਜੋਅ ਬਾਇਡਨ ਨੇ ਮੁੜ ਬੜਕ ਮਾਰੀ
ਰਾਸ਼ਟਰਪਤੀ ਅਹੁਦੇ ਤੋਂ ਅਸਤੀਫ਼ਾ ਦੇਣ ਦੀਆਂ ਕਨਸੋਆਂ ਦਰਮਿਆਨ ਜੋਅ ਬਾਇਡਨ ਨੇ ਇਕ ਵਾਰ ਫਿਰ ਚੋਣ ਲੜਨ ਦਾ ਦਮਗਜ਼ਾ ਮਾਰਿਆ ਹੈ। ਕੋਰੋਨਾ ਹੋਣ ਕਾਰਨ ਆਇਸੋਲੇਸ਼ਨ ਵਿਚ ਚੱਲ ਰਹੇ ਜੋਅ ਬਾਇਡਨ ਨੇ ਕਿਹਾ ਕਿ ਉਹ ਅਗਲੇ ਹਫ਼ਤੇ ਮੁੜ ਚੋਣ ਪ੍ਰਚਾਰ ਸ਼ੁਰੂ ਕਰ ਦੇਣਗੇ।
ਵਾਸ਼ਿੰਗਟਨ : ਰਾਸ਼ਟਰਪਤੀ ਅਹੁਦੇ ਤੋਂ ਅਸਤੀਫ਼ਾ ਦੇਣ ਦੀਆਂ ਕਨਸੋਆਂ ਦਰਮਿਆਨ ਜੋਅ ਬਾਇਡਨ ਨੇ ਇਕ ਵਾਰ ਫਿਰ ਚੋਣ ਲੜਨ ਦਾ ਦਮਗਜ਼ਾ ਮਾਰਿਆ ਹੈ। ਕੋਰੋਨਾ ਹੋਣ ਕਾਰਨ ਆਇਸੋਲੇਸ਼ਨ ਵਿਚ ਚੱਲ ਰਹੇ ਜੋਅ ਬਾਇਡਨ ਨੇ ਕਿਹਾ ਕਿ ਉਹ ਅਗਲੇ ਹਫ਼ਤੇ ਮੁੜ ਚੋਣ ਪ੍ਰਚਾਰ ਸ਼ੁਰੂ ਕਰ ਦੇਣਗੇ। ਦੂਜੇ ਪਾਸੇ ਡੌਨਲਡ ਟਰੰਪ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਪਿਛਲੇ 45 ਸਾਲ ਦੀ ਸਭ ਤੋਂ ਵੱਡੀ ਜਿੱਤ ਵੱਲ ਵਧਦੇ ਮਹਿਸੂਸ ਹੋ ਰਹੇ ਹਨ। ਰੀਅਲ ਕਲੀਅਰ ਪੌਲੀਟਿਕਸ ਦੇ ਸਰਵੇਖਣ ਮੁਤਾਬਕ ਟਰੰਪ ਨੇ 7 ਵੱਡੇ ਰਾਜਾਂ ਵਿਚ ਬਾਇਡਨ ’ਤੇ 57 ਫੀ ਸਦੀ ਵੋਟਾਂ ਦੀ ਲੀਡ ਹਾਸਲ ਕਰ ਲਈ ਹੈ।
ਟਰੰਪ 45 ਸਾਲ ਦੀ ਸਭ ਤੋਂ ਵੱਡੀ ਜਿੱਤ ਵੱਲ ਵਧੇ
ਮਿਸ਼ੀਗਨ, ਵਿਸਕੌਨਸਿਨ, ਪੈਨਸਿਲਵੇਨੀਆ, ਨੇਵਾਡਾ, ਨੌਰਥ ਕੈਰੋਲਾਈਨਾ, ਐਰੀਜ਼ੋਨਾ ਅਤੇ ਜਾਰਜੀਆ ਵਿਚ ਬਾਇਡਨ ਨੂੰ ਸਿਰਫ 20 ਫੀ ਸਦੀ ਵੋਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਚਾਰ ਸਾਲ ਪਹਿਲਾਂ ਜੋਅ ਬਾਇਡਨ ਵੱਲੋਂ ਨੌਰਥ ਕੈਰੋਲਾਈਨਾ ਨੂੰ ਛੱਡ ਕੇ ਇਨ੍ਹਾਂ ਸਾਰੇ ਰਾਜਾਂ ਵਿਚ ਜਿੱਤ ਦਰਜ ਕੀਤੀ ਗਈ। ਤਾਜ਼ਾ ਸਰਵੇਖਣ ਦਰਸਾਉਂਦਾ ਹੈ ਕਿ ਡੌਨਲਡ ਟਰੰਪਇਸ ਵਾਰ ਰੌਨਲਡ ਰੀਗਨ ਦਾ 1980 ਦਾ ਰਿਕਾਰਡ ਤੋੜ ਦੇਣਗੇ ਜਦੋਂ ਉਨ੍ਹਾਂ ਨੇ ਅਮਰੀਕਾ ਦੇ 44 ਰਾਜਾਂ ਵਿਚ ਜਿੱਤ ਦਰਜ ਕੀਤੀ ਸੀ। ਟਰੰਪ ਨੇ ਰਾਸ਼ਟਰਪਤੀ ਦੀਆਂ ਤਾਕਤਾਂ ਨੂੰ ਹੁਣੇ ਤੋਂ ਮਹਿਸੂਸ ਕਰਨਾ ਸ਼ੁਰੂ ਕਰ ਦਿਤਾ ਹੈ ਅਤੇ ਸ਼ੁੱਕਰਵਾਰ ਸ਼ਾਮ ਹਮਾਸ ਨੂੰ ਚਿਤਾਵਨੀ ਦਿਤੀ ਕਿ ਜੇ ਉਨ੍ਹਾਂ ਦੇ ਰਾਸ਼ਟਰਪਤੀ ਬਣਨ ਤੱਕ ਅਮਰੀਕੀ ਬੰਦੀਆਂ ਦੀ ਰਿਹਾਈ ਨਾ ਹੋਈ ਤਾਂ ਦੋਸ਼ੀਆਂ ਨੂੰ ਤਬਾਹੀ ਭੁਗਤਣੀ ਹੋਵੇਗੀ।
ਕਮਲਾ ਹੈਰਿਸ ਨੇ ਰਾਸ਼ਟਰਪਤੀ ਦੀ ਚੋਣ ਲੜਨ ਦੀਆਂ ਆਰੰਭੀਆਂ ਤਿਆਰੀਆਂ
ਦੱਸ ਦੇਈਏ ਕਿ ਪਿਛਲੇ ਸਾਲ 7 ਅਕਤੂਬਰ ਨੂੰ ਇਜ਼ਰਾਈਲ ’ਤੇ ਕੀਤੇ ਹਮਲੇ ਦੌਰਾਨ ਹਮਾਸ ਵੱਲੋਂ ਕੁਝ ਅਮਰੀਕੀਆਂ ਨੂੰ ਵੀ ਬੰਦੀ ਬਣਾਇਆ ਗਿਆ। ਉਧਰ ਜੋਅ ਬਾਇਡਨ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, ‘‘ਡੌਨਲਡ ਟਰੰਪ ਦੀ ਭਵਿੱਖ ਬਾਰੇ ਸੌੜੀ ਸੋਚ ਅਮਰੀਕੀਆਂ ਨਾਲ ਬਿਲਕੁਲ ਮੇਲ ਨਹੀਂ ਖਾਂਦੀ। ਅਸੀਂ ਸਾਰੇ ਰਲ ਕੇ ਟਰੰਪ ਨੂੰ ਚੋਣਾਂ ਵਿਚ ਹਰਾ ਸਕਦੇ ਹਾਂ।’’ ਟਰੰਪ ਵੱਲੋਂ ਰਿਪਬਲਿਕਨ ਪਾਰਟੀ ਦੀ ਕੌਮੀ ਕਨਵੈਨਸ਼ਨ ਵਿਚ ਦਿਤੇ ਭਾਸ਼ਣ ਦੀ ਨਿਖੇਧੀ ਕਰਦਿਆਂ ਰਾਸ਼ਟਰਪਤੀ ਨੇ ਕਿਹਾ, ‘‘90 ਮਿੰਟ ਤੋਂ ਵੱਡੇ ਭਾਸ਼ਣ ਦੌਰਾਨ ਉਹ ਆਪਣੀਆਂ ਸ਼ਿਕਾਇਤਾਂ ਹੀ ਗਿਣਾਉਂਦੇ ਰਹੇ। ਅਮਰੀਕਾ ਵਾਸੀਆਂ ਨੂੰ ਇਕਜੁਟ ਕਰਨ ਅਤੇ ਉਨ੍ਹਾਂ ਦੀ ਜ਼ਿੰਦਗੀ ਸੁਖਾਲੀ ਬਣਾਉਣ ਦਾ ਕੋਈ ਨੁਕਤਾ ਸਾਂਝਾ ਨਹੀਂ ਕੀਤਾ।’’ ਇਸੇ ਦੌਰਾਨ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਜੋਅ ਬਾਇਡਨ ਦੀ ਹਾਲਤ ਨੂੰ ਵੇਖਦਿਆਂ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ। ਕਮਲਾ ਹੈਰਿਸ ਨੇ ਉਪ ਰਾਸ਼ਟਰਪਤੀ ਅਹੁਦੇ ਦੇ ਸੰਭਾਵਤ ਉਮੀਦਵਾਰਾਂ ਵਿਚੋਂ ਕੁਝ ਸ਼ਾਰਟ ਲਿਸਟ ਕਰ ਲਏ ਜਿਨ੍ਹਾਂ ਵਿਚੋਂ ਸੈਨੇਟਰ ਮਾਰਕ ਕੈਲੀ, ਗਵਰਨਰ ਐਂਡੀ ਬੈਸ਼ਹੀਅਰ ਅਤੇ ਰੌਏ ਕਪੂਰ ਦੇ ਨਾਂ ਸ਼ਾਮਲ ਹਨ। ਕਮਲਾ ਹੈਰਿਸ ਦੇ ਚੋਣ ਲੜਨ ਦੀਆਂ ਸੰਭਾਵਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਕਿਉਂਕਿ ਡੈਮੋਕ੍ਰੈਟਿਕ ਪਾਰਟੀ ਦੇ 60 ਫੀ ਸਦੀ ਆਗੂ ਉਨ੍ਹਾਂ ਦੇ ਹੱਕ ਵਿਚ ਆ ਚੁੱਕੇ ਹਨ।