ਗੁਰਪਤਵੰਤ ਪੰਨੂ ਮਾਮਲੇ ਵਿਚ ਅਮਰੀਕਾ ਨੇ ਬਦਲਿਆ ਬਿਆਨ
ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਬਾਰੇ ਚੱਲ ਪੜਤਾਲ ਵਿਚ ਭਾਰਤ ਸਹਿਯੋਗ ਦੇ ਰਿਹਾ ਹੈ ਅਤੇ ਅਮਰੀਕਾ ਨੂੰ ਫਿਲਹਾਲ ਤਸੱਲੀ ਹੈ।
ਵਾਸ਼ਿੰਗਟਨ : ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਬਾਰੇ ਚੱਲ ਪੜਤਾਲ ਵਿਚ ਭਾਰਤ ਸਹਿਯੋਗ ਦੇ ਰਿਹਾ ਹੈ ਅਤੇ ਅਮਰੀਕਾ ਨੂੰ ਫਿਲਹਾਲ ਤਸੱਲੀ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਰਤੀ ਅਧਿਕਾਰੀ ਸਾਨੂੰ ਪੜਤਾਲ ਬਾਰੇ ਅਪਡੇਟ ਦੇ ਰਹੇ ਹਨ। ਮੈਥਿਊ ਮਿਲਰ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਜਿਹੜੇ ਅਫਸਰ ’ਤੇ ਅਮਰੀਕਾ ਵਿਚ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਘੜਨ ਦਾ ਦੋਸ਼ ਲਾਇਆ ਗਿਆ, ਉਸ ਨੂੰ ਨੌਕਰੀ ਤੋਂ ਹਟਾਇਆ ਜਾ ਚੁੱਕਾ ਹੈ।
ਕਿਹਾ, ਸਾਜ਼ਿਸ਼ ਦੇ ਸ਼ੱਕੀ ਅਫਸਰ ਨੂੰ ਭਾਰਤ ਨੇ ਨੌਕਰੀ ਤੋਂ ਹਟਾਇਆ
ਅਮਰੀਕਾ ਵੀ ਆਪਣੇ ਬਿਆਨ ਬਦਲ ਰਿਹਾ ਹੈ ਕਿਉਂਕਿ 14 ਅਕਤੂਬਰ ਨੂੰ ਅਮਰੀਕਾ ਨੇ ਕਿਹਾ ਸੀ ਕਿ ਭਾਰਤ ਸਰਕਾਰ ਵੱਲੋਂ ਪੰਨੂ ਦੇ ਕਤਲ ਦੀ ਸਾਜ਼ਿਸ਼ ਘੜਨ ਵਾਲੇ ਖੁਫੀਆ ਏਜੰਸੀ ਦੇ ਅਫਸਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਾਸ਼ਿੰਗਟਨ ਪੋਸਟ ਵੱਲੋਂ ਇਸ ਅਫਸਰ ਦਾ ਨਾਂ ਵਿਕਰਮ ਯਾਦਵ ਦੱਸਿਆ ਗਿਆ ਪਰ ਤਾਜ਼ਾ ਬਿਆਨ ਕਹਿੰਦਾ ਹੈ ਕਿ ਉਸ ਨੂੰ ਨੌਕਰੀ ਤੋਂ ਹਟਾਇਆ ਜਾ ਚੁੱਕਾ ਹੈ। ਅਮਰੀਕੀ ਏਜੰਸੀਆਂ ਮੁਤਾਬਕ ਗੁਰਪਤਵੰਤ ਪੰਨੂ ਦੇ ਖਾਤਮੇ ਦੀ ਸਾਜ਼ਿਸ਼ ਪਿਛਲੇ ਸਾਲ ਘੜੀ ਗਈ ਅਤੇ ਭਾਰਤ ਦੇ ਸਾਬਕਾ ਅਫਸਰ ਨੇ ਨਿਖਿਲ ਗੁਪਤਾ ਨੂੰ ਵਾਰਦਾਤ ਕਰਨ ਦੀ ਜ਼ਿੰਮੇਵਾਰੀ ਸੌਂਪੀ। ਨਿਊ ਯਾਰਕ ਦੀ ਅਦਾਲਤ ਵਿਚ ਚੱਲ ਰਹੇ ਮੁਕੱਦਮੇ ਮੁਤਾਬਕ ਭਾਰਤੀ ਅਫਸਰ ਨੇ ਮਈ 2023 ਵਿਚ ਨਿਖਿਲ ਗੁਪਤਾ ਨੂੰ ਹਾਇਰ ਕੀਤਾ। ਨਿਖਿਲ ਗੁਪਤਾ ਵੱਲੋਂ ਸ਼ੂਟਰ ਦੀ ਭਾਲ ਆਰੰਭੀ ਗਈ ਅਤੇ ਇਕ ਪੇਸ਼ੇਵਰ ਕਾਤਲ ਨਾਲ ਸੰਪਰਕ ਹੋਇਆ ਜੋ ਅਮਰੀਕਾ ਦਾ ਅੰਡਰ ਕਵਰ ਏਜੰਟ ਨਿਕਲਿਆ। 9 ਜੂਨ 2023 ਨੂੰ ਨਿਖਿਲ ਗੁਪਤਾ ਨੇ ਪੰਨੂ ਦੇ ਖਾਤਮੇ ਲਈ ਹਾਇਰ ਕੀਤੇ ਹਿਟਮੈਨ ਨੂੰ 15 ਹਜ਼ਾਰ ਡਾਲਰ ਨਕਦ ਭੇਜੇ ਜਦਕਿ ਪੂਰਾ ਸੌਦਾ ਇਕ ਲੱਖ ਡਾਲਰ ਵਿਚ ਹੋਇਆ ਸੀ। 11 ਜੂਨ ਨੂੰ ਭਾਰਤੀ ਅਧਿਕਾਰੀ ਨੇ ਗੁਪਤਾ ਨੂੰ ਕਾਰਵਾਈ ਟਾਲਣ ਵਾਸਤੇ ਆਖਿਆ ਕਿਉਂਕਿ ਉਨ੍ਹਾਂ ਦਿਨਾਂ ਵਿਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਜਾਣਾ ਸੀ। ਇਸੇ ਦੌਰਾਨ 18 ਜੂਨ ਨੂੰ ਕੈਨੇਡਾ ਵਿਚ ਹਰਦੀਪ ਸਿੰਘ ਨਿੱਜਰ ਦਾ ਕਤਲ ਕਰ ਦਿਤਾ ਗਿਆ। ਇਸੇ ਦੌਰਾਨ ਐਫ.ਬੀ.ਆਈ. ਵੱਲੋਂ ਇਕੱਤਰ ਸਬੂਤਾਂ ਦੇ ਆਧਾਰ ’ਤੇ ਨਿਖਿਲ ਗੁਪਤਾ ਨੂੰ ਚੈਕ ਰਿਪਬਲਿਕ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ।