ਅਮਰੀਕਾ ਵੱਲੋਂ ਯੂਕਰੇਨ ਨੂੰ ਵਧੇਰੇ ਫੌਜੀ ਮਦਦ ਦਾ ਐਲਾਨ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਯੂਕਰੇਨ ਨੂੰ ਵਧੇਰੇ ਫੌਜੀ ਮਦਦ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ

Update: 2024-12-26 13:16 GMT

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਯੂਕਰੇਨ ਨੂੰ ਵਧੇਰੇ ਫੌਜੀ ਮਦਦ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ ਜਦਕਿ ਉਨ੍ਹਾਂ ਦਾ ਕਾਰਜਕਾਲ ਖਤਮ ਹੋਣ ਵਿਚ ਇਕ ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਜੋਅ ਬਾਇਡਨ ਨੇ ਕਿਹਾ ਕਿ ਯੂਕਰੇਨ ਦੀ ਮਦਦ ਉਸ ਵੇਲੇ ਤੱਕ ਜਾਰੀ ਰਹੇਗੀ ਜਦੋਂ ਤੱਕ ਉਹ ਰੂਸ ਵਿਰੁੱਧ ਜਿੱਤ ਹਾਸਲ ਨਾ ਕਰ ਲਵੇ। ਦੂਜੇ ਪਾਸੇ ਨਵੇਂ ਚੁਣੇ ਰਾਸ਼ਟਰਪਤੀ ਡੌਨਲਡ ਟਰੰਪ ਜੰਗ ਰੁਕਵਾਉਣ ਦਾ ਫਾਰਮੂਲਾ ਮੌਜੂਦ ਹੋਣ ਦਾ ਦਾਅਵਾ ਕਰ ਚੁੱਕੇ ਹਨ।

ਯੂਕਰੇਨ ਦੀ ਜਿੱਤ ਹਾਸਲ ਹੋਣ ਤੱਕ ਮਦਦ ਜਾਰੀ ਰਹੇਗੀ : ਬਾਇਡਨ

ਜੋਅ ਬਾਇਡਨ ਨੇ ਰੂਸ ਵੱਲੋਂ ਕੀਤੇ ਵੱਡੇ ਹਮਲੇ ਦੀ ਨਿਖੇਧੀ ਵੀ ਕੀਤੀ ਗਈ ਜਿਸ ਦੌਰਾਨ 78 ਮਿਜ਼ਾਈਲਾਂ ਅਤੇ 106 ਡਰੋਨਜ਼ ਦੀ ਵਰਤੋਂ ਕਰਦਿਆਂ ਯੂਕਰੇਨੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਯੂਕਰੇਨੀ ਮੀਡੀਆ ਮੁਤਾਬਕ ਸਭ ਤੋਂ ਵੱਡਾ ਹਮਲਾ ਖਾਰਕੀਵ ਸ਼ਹਿਰ ’ਤੇ ਹੋਇਆ ਅਤੇ ਇਸ ਤੋਂ ਇਲਾਵਾ ਨਿਪਰੋ, ਕ੍ਰੈਮੇਨਚੁਕ, ਕ੍ਰਿਵੀ ਅਤੇ ਇਵਾਨੋ ਫਰੈਂਕੀਵਸਕ ਵਿਖੇ ਵੀ ਹਮਲੇ ਕੀਤੇ ਗਏ। ਸਿਆਲ ਹੋਣ ਕਾਰਨ ਰੂਸੀ ਫੌਜ ਐਨਰਜੀ ਇਨਫ਼ਰਾਸਟ੍ਰਕਚਰ ਨੂੰ ਨਿਸ਼ਾਨਾ ਬਣਾ ਰਹੀ ਹੈ ਤਾਂਕਿ ਬਿਜਲੀ ਸਪਲਾਈ ਠੱਪ ਕੀਤੀ ਜਾ ਸਕੇ। ਇਸ ਦੇ ਨਾਲ ਹੀ ਰਿਹਾਇਸ਼ੀ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਯੂਕਰੇਨੀ ਮੀਡੀਆ ਮੁਤਾਬਕ ਰੂਸ ਵੱਲੋਂ ਬੈਲਿਸਟਿਕ ਮਿਜ਼ਾਈਲਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ। ਖਾਰਕੀਵ ਦੇ ਗਵਰਨਰ ਨੇ ਦੱਸਿਆ ਕਿ ਰੂਸ ਵੱਲੋਂ ਉਨ੍ਹਾਂ ਦੇ ਸ਼ਹਿਰ ’ਤੇ ਘੱਟੋ ਘੱਟ 7 ਮਿਜ਼ਾਈਲਾਂ ਦਾਗੀਆਂ ਗਈਆਂ। ਰੂਸੀ ਹਮਲਿਆਂ ਦੇ ਮੱਦੇਨਜ਼ਰ ਕਈ ਸ਼ਹਿਰਾਂ ਵਿਚ ਬਿਜਲੀ ਸਪਲਾਈ ਬੰਦ ਕਰ ਦਿਤੀ ਗਈ ਹੈ। ਉਧਰ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਨੇ ਦੋਸ਼ ਲਾਇਆ ਕਿ ਪੁਤਿਨ ਵੱਲੋਂ ਜਾਣ ਬੁੱਝ ਕੇ ਕ੍ਰਿਸਮਸ ਵਾਲੇ ਦਿਨ ਹਮਲੇ ਕੀਤੇ ਗਏ। ਪੁਤਿਨ ਇਨਸਾਨ ਨਹੀਂ, ਕਿਸੇ ਖੂੰਖਾਰ ਜਾਨਵਰ ਤੋਂ ਵੀ ਬਦਤਰ ਹੈ।

ਟਰੰਪ ਕਰ ਚੁੱਕੇ ਨੇ ਰੂਸ-ਯੂਕਰੇਨ ਜੰਗ ਬੰਦ ਕਰਵਾਉਣ ਦਾ ਐਲਾਨ

ਇਸੇ ਦੌਰਾਨ ਯੂਕਰੇਨ ਦੀ ਸਭ ਤੋਂ ਵੱਡੀ ਪ੍ਰਾਈਵੇਟ ਬਿਜਲੀ ਕੰਪਨੀ ਡੀਟੈਕ ਨੇ ਕਿਹਾ ਕਿ ਰੂਸ ਵੱਲੋਂ ਯੂਕਰੇਨੀ ਐਨਰਜੀ ਸਿਸਟਮ ’ਤੇ 13ਵਾਂ ਵੱਡਾ ਹਮਲਾ ਕੀਤਾ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਜ਼ੈਲੈਂਸਕੀ ਦੇ ਜੱਦੀ ਸ਼ਹਿਰ ਕ੍ਰਿਵੀ ਉਤੇ ਵੀ ਰੂਸ ਨੇ ਕਈ ਮਿਜ਼ਾਈਲਾਂ ਦਾਗੀਆਂ। ਇਕ ਅਪਾਰਟਮੈਂਟ ਉਤੇ ਮਿਜ਼ਾਈਲ ਡਿੱਗਣ ਕਾਰਨ ਇਕ ਜਣੇ ਦੀ ਮੌਤ ਹੋ ਗਈ ਜਦਕਿ 15 ਹੋਰਨਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਦੂਜੇ ਪਾਸੇ ਰੂਸ ਵੱਲੋਂ ਯੂਕਰੇਨ ਦੇ 59 ਡਰੋਨ ਨਾਕਾਰਾ ਕਰਨ ਦਾ ਦਾਅਵਾ ਕੀਤਾ ਗਿਆ ਹੈ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲੌਵਰੋਵ ਨੇ ਦੋਸ਼ ਲਾਇਆ ਕਿ ਯੂਕਰੇਨੀ ਫ਼ੌਜ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਅਤੇ ਅਜਿਹੇ ਹਮਲੇ ਜਾਰੀ ਰਹੇ ਤਾਂ ਰੂਸ ਵੱਡੀ ਕਾਰਵਾਈ ਕਰਨ ਲਈ ਮਜਬੂਰ ਹੋਵੇਗਾ। ਦੱਸ ਦੇਈਏ ਕਿ 21 ਦਸੰਬਰ ਨੂੰ ਰੂਸ ਦੇ ਕਜ਼ਾਨ ਸ਼ਹਿਰ ਵਿਚ 8 ਡਰੋਨ ਹਮਲੇ ਹੋਏ ਅਤੇ 6 ਥਾਵਾਂ ’ਤੇ ਰਿਹਾਇਸ਼ੀ ਇਮਾਰਤਾਂ ਨਿਸ਼ਾਨਾ ਬਣੀਆਂ। ਕਜ਼ਾਨ ਸ਼ਹਿਰ ਰੂਸ ਦੀ ਰਾਜਧਾਨੀ ਮਾਸਕੋ ਤੋਂ 720 ਕਿਲੋਮੀਟਰ ਦੂਰ ਹੈ।

Tags:    

Similar News