ਯੂਕਰੇਨੀ ਫੌਜ ਨੇ ਗ੍ਰਿਫ਼ਤਾਰ ਕੀਤਾ ਭਾਰਤੀ ਵਿਦਿਆਰਥੀ

ਰੂਸ ਵੱਲੋਂ ਜੰਗ ਲੜ ਰਹੇ 22 ਸਾਲ ਦੇ ਭਾਰਤੀ ਵਿਦਿਆਰਥੀ ਮਾਜੋਤੀ ਸਾਹਿਲ ਮੁਹੰਮਦ ਹੁਸੈਨ ਨੂੰ ਯੂਕਰੇਨੀ ਫੌਜ ਨੇ ਗ੍ਰਿਫ਼ਤਾਰ ਕਰ ਲਿਆ ਹੈ

Update: 2025-10-08 12:28 GMT

ਕੀਵ : ਰੂਸ ਵੱਲੋਂ ਜੰਗ ਲੜ ਰਹੇ 22 ਸਾਲ ਦੇ ਭਾਰਤੀ ਵਿਦਿਆਰਥੀ ਮਾਜੋਤੀ ਸਾਹਿਲ ਮੁਹੰਮਦ ਹੁਸੈਨ ਨੂੰ ਯੂਕਰੇਨੀ ਫੌਜ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗੁਜਰਾਤ ਦੇ ਮੋਰਬੀ ਸ਼ਹਿਰ ਨਾਲ ਸਬੰਧਤ ਮਾਜੋਤੀ ਸਾਹਿਲ ਸਟੱਡੀ ਵੀਜ਼ਾ ’ਤੇ ਰੂਸ ਗਿਆ ਸੀ ਅਤੇ ਡ੍ਰਗਜ਼ ਕੇਸ ਵਿਚ ਸੱਤ ਸਾਲ ਦੀ ਜੇਲ ਤੋਂ ਬਚਣ ਲਈ ਉਹ ਰੂਸੀ ਫੌਜ ਵਿਚ ਭਰਤੀ ਹੋ ਗਿਆ। ਯੂਕਰੇਨ ਦੀ 63ਵੀਂ ਮੈਕੇਨਾਈਜ਼ਡ ਬ੍ਰਿਗੇਡ ਵੱਲੋਂ ਜਾਰੀ ਵੀਡੀਓ ਵਿਚ ਮਾਜੋਤੀ ਨੇ ਕਿਹਾ ਕਿ ਉਹ ਜੇਲ ਨਹੀਂ ਸੀ ਜਾਣਾ ਚਾਹੁੰਦਾ ਅਤੇ ਉਸ ਨੇ ਰੂਸੀ ਫੌਜ ਦਾ ਕੌਂਟਰੈਕਟ ਸਾਈਨ ਕਰ ਲਿਆ। ਉਸ ਨੂੰ ਸਿਰਫ਼ 16 ਦਿਨ ਦੀ ਟ੍ਰੇਨਿੰਗ ਦਿਤੀ ਗਈ ਅਤੇ 1 ਅਕਤੂਬਰ ਨੂੰ ਜੰਗ ਦੇ ਮੈਦਾਨ ਵੱਲ ਰਵਾਨਾ ਕਰ ਦਿਤਾ ਗਿਆ।

ਰੂਸੀ ਫੌਜ ਵੱਲੋਂ ਜੰਗ ਲੜ ਰਿਹਾ ਸੀ ਮਾਜੋਤੀ ਸਾਹਿਲ

ਤਿੰਨ ਦਿਨ ਬਾਅਦ ਆਪਣੇ ਕਮਾਂਡਰ ਨਾਲ ਝਗੜਾ ਹੋਣ ’ਤੇ ਉਸ ਨੇ ਯੂਕਰੇਨੀ ਫੌਜ ਸਾਹਮਣੇ ਸਰੰਡਰ ਕਰ ਦਿਤਾ। ਮਾਜੋਤੀ ਰੂਸੀ ਭਾਸ਼ਾ ਵਿਚ ਬੋਲਦਾ ਸੁਣਿਆ ਜਾ ਸਕਦਾ ਹੈ ਅਤੇ ਉਹ ਕਹਿ ਰਿਹਾ ਹੈ ਕਿ ਉਸ ਨੂੰ ਮਦਦ ਦੀ ਜ਼ਰੂਰਤ ਹੈ। ਮਾਜੋਤੀ ਨੇ ਕਿਹਾ ਕਿ ਉਹ ਰੂਸ ਵਾਪਸੀ ਨਹੀਂ ਕਰਨਾ ਚਾਹੁੰਦਾ। ਉਸ ਨੂੰ ਫੌਜ ਵਿਚ ਭਰਤੀ ਹੋਣ ਦੇ ਇਵਜ਼ ਵਿਚ ਰਕਮ ਦਾ ਵਾਅਦਾ ਕੀਤਾ ਗਿਆ ਪਰ ਕੁਝ ਨਾ ਮਿਲਿਆ। ਇਥੇ ਦਸਣਾ ਬਣਦਾ ਹੈ ਕਿ ਯੂਕਰੇਨੀ ਫੌਜ ਕਈ ਮੁਲਕਾਂ ਦੇ ਫੌਜੀਆਂ ਨੂੰ ਰੂਸ ਵੱਲੋਂ ਜੰਗ ਲੜਦਿਆਂ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਯੂਕਰੇਨ ਸਰਕਾਰ ਉਤਰੀ ਕੋਰੀਆ ਦੇ ਫੌਜੀਆਂ ਦੀ ਵੀਡੀਓ ਵੀ ਜਾਰੀ ਕਰ ਚੁੱਕੀ ਹੈ। ਦੂਜੇ ਪਾਸੇ ਕੀਵ ਸਥਿਤ ਭਾਰਤੀ ਅੰਬੈਸੀ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਯੂਕਰੇਨ ਸਰਕਾਰ ਵੱਲੋਂ ਮਾਜੋਤੀ ਦੇ ਮਸਲੇ ਦੀ ਤਸਦੀਕ ਨਹੀਂ ਕੀਤੀ ਗਈ। ਭਾਰਤ ਸਰਕਾਰ ਨੇ ਪਿਛਲੇ ਮਹੀਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਅਪੀਲ ਕੀਤੀ ਸੀ ਕਿ ਭਾਰਤੀ ਨਾਗਰਿਕਾਂ ਦੀ ਫੌਜ ਵਿਚ ਭਰਤੀ ਬੰਦ ਕਰ ਦਿਤੀ ਜਾਵੇ ਅਤੇ ਪਹਿਲਾਂ ਤੋਂ ਭਰਤੀ ਭਾਰਤੀ ਨਾਗਰਿਕ ਵਾਪਸ ਭੇਜ ਦਿਤੇ ਜਾਣ।

ਡ੍ਰਗਜ਼ ਕੇਸ ਵਿਚੋਂ ਰਿਹਾਈ ਲਈ ਫੌਜ ਵਿਚ ਹੋਇਆ ਸ਼ਾਮਲ

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਲੋਕਾਂ ਨੂੰ ਸੁਝਾਅ ਦਿਤਾ ਸੀ ਕਿ ਰੂਸ ਫੌਜ ਵਿਚ ਭਰਤੀ ਹੋਣ ਦੀ ਤਜਵੀਜ਼ ਵੱਲ ਧਿਆਨ ਨਾ ਦਿਤਾ ਜਾਵੇ ਕਿਉਂਕਿ ਇਸ ਨਾਲ ਜਾਨ ਦਾ ਖਤਰਾ ਪੈਦਾ ਹੁੰਦਾ ਹੈ। ਵਿਦੇਸ਼ ਮੰਤਰਾਲੇ ਦਾ ਮੰਨਣਾ ਹੈ ਕਿ ਹੁਣ ਤੱਕ ਯੂਕਰੇਨ ਜੰਗ ਵਿਚ 12 ਭਾਰਤੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਹੁਣ ਤੱਕ 126 ਭਾਰਤੀ ਨਾਗਰਿਕ ਰੂਸੀ ਫੌਜ ਵਿਚ ਭਰਤੀ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ। ਇਨ੍ਹਾਂ ਵਿਚੋਂ 96 ਜਣੇ ਪਰਤ ਆਏ ਜਦਕਿ 18 ਜਣਿਆਂ ਦੇ ਫਸੇ ਹੋਣ ਦੀ ਖਬਰ ਹੈ ਅਤੇ 16 ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ।

Tags:    

Similar News