ਯੂ.ਕੇ. : ਨਦੀ ’ਚ ਪੈਰ ਧੋਂਦੇ ਭਾਰਤੀ ਨੌਜਵਾਨ ਦੀ ਵੀਡੀਓ ਨੇ ਛੜਿਆ ਵਿਵਾਦ
ਇੰਗਲੈਂਡ ਦੀ ਥੇਮਜ਼ ਨਦੀ ਵਿਚ ਪੈਰ ਧੋ ਰਹੇ ਭਾਰਤੀ ਨੌਜਵਾਨ ਦੀ ਵੀਡੀਓ ਨੇ ਵੱਡਾ ਵਿਵਾਦ ਖੜ੍ਹਾ ਕਰ ਦਿਤਾ ਹੈ
ਲੰਡਨ : ਇੰਗਲੈਂਡ ਦੀ ਥੇਮਜ਼ ਨਦੀ ਵਿਚ ਪੈਰ ਧੋ ਰਹੇ ਭਾਰਤੀ ਨੌਜਵਾਨ ਦੀ ਵੀਡੀਓ ਨੇ ਵੱਡਾ ਵਿਵਾਦ ਖੜ੍ਹਾ ਕਰ ਦਿਤਾ ਹੈ। ਜੀ ਹਾਂ, ਸੋਸ਼ਲ ਮੀਡੀਆ ਵਰਤੋਂਕਾਰ ਸਵਾਲ ਕਰ ਰ ਹੇ ਹਨ ਕਿ ਗੰਗਾ-ਯਮਨਾ ਨੂੰ ਗੰਦਾ ਕਰ ਕੇ ਮਨ ਨਹੀਂ ਸੀ ਭਰਿਆ ਕਿ ਹੁਣ ਥੇਮਜ਼ ਦਰਿਆ ’ਤੇ ਪੁੱਜ ਗਏ। ਕੁਝ ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਨੌਜਵਾਨ ਨੇ ਥੇਮਜ਼ ਨਦੀ ਵਿਚ ਨਹਾਉਣ ਦਾ ਯਤਨ ਵੀ ਕੀਤਾ। ਦੂਜੇ ਪਾਸੇ ਕੁਝ ਲੋਕ ਸਵਾਲ ਕਰਦੇ ਨਜ਼ਰ ਆਏ ਕਿ ਜੇ ਪੈਰ ਧੋਅ ਲਏ ਤਾਂ ਕੀ ਅਸਮਾਨ ਡਿੱਗ ਗਿਆ, ਇਸ ਵਿਚ ਸਮੱਸਿਆ ਕੀ ਹੈ? ਇਕ ਵਰਤੋਂਕਾਰ ਨਾਲ ਪੁੱਛਿਆ ਕਿ ਕੀ ਪਾਣੀ ਵਿਚ ਪੈਣ ਪਾਉਣੇ ਗੈਰਕਾਨੂੰਨੀ ਹਨ। ਜਦਕਿ ਦੂਜੇ ਨੇ ਕਿਹਾ ਕਿ ਇਹ ਪਾਣੀ ਲੋਕ ਪੀਂਦੇ ਹਨ, ਇਸ ਵਿਚ ਪੈਰ ਨਾ ਪਾਉ।
ਲੋਕਾਂ ਨੇ ਕਿਹਾ, ਗੰਗਾ-ਯਮਨਾ ਮਗਰੋਂ ਥੇਮਜ਼ ਵੀ ਗੰਦੀ ਕਰਨ ਲੱਗੇ
ਦੱਸ ਦੇਈਏ ਕਿ ਥੇਮਜ਼ ਨਦੀ ਲੰਡਨ ਸ਼ਹਿਰ ਦੇ ਬਿਲਕੁਲ ਵਿਚਕਾਰੋਂ ਲੰਘਦੀ ਹੈ ਅਤੇ ਸਦੀਆਂ ਤੋਂ ਸ਼ਹਿਰ ਦੇ ਵਿਕਾਸ, ਵਪਾਰ ਅਤੇ ਆਵਾਜਾਈ ਦਾ ਆਧਾਰ ਰਹੀ ਹੈ। ਰੋਮਨ ਸਲਤਨਤ ਵੇਲੇ ਵੀ ਇਹ ਨਦੀ ਬੇਹੱਦ ਅਹਿਮ ਰਹੀ ਅਤੇ ਇਸ ਦੇ ਕੰਢੇ ’ਤੇ ਲੰਡਨ ਸ਼ਹਿਰ ਦੀ ਨੀਂਹ ਰੱਖੀ ਗਈ। ਥੇਮਜ਼ ਨਦੀ ’ਤੇ ਬਣੇ ਪੁਲ ਅਤੇ ਵੈਸਟਮਿੰਸਟਰ ਪੈਲਸ ਵਰਗੀਆਂ ਇਮਾਰਤਾਂ ਦੁਨੀਆਂ ਭਰ ਵਿਚ ਪ੍ਰਸਿੱਧ ਹਨ। ‘ਦਾ ਗਾਰਡੀਅਨ’ ਦੀ ਰਿਪੋਰਟ ਮੁਤਾਬਕ ਥੇਮਜ਼ ਨਦੀ ਦੇ ਕਈ ਹਿੱਸਿਆਂ ਵਿਚ ਈਕੋਲਾਈ ਬੈਕਟੀਰੀਆ ਅਤੇ ਸੀਵਰੇਜ ਪ੍ਰਦੂਸ਼ਣ ਦੀ ਹੱਦ ਕਾਫ਼ੀ ਵਧ ਗਈ ਹੈ। ਦੂਜੇ ਪਾਸੇ ਭਾਰਤੀ ਲੋਕਾਂ ਨੂੰ ਪਿਛਲੇ ਕੁਝ ਵਰਿ੍ਹਆਂ ਦੌਰਾਨ ਦੁਨੀਆਂ ਭਰ ਵਿਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਲੰਡਨ ਦੇ ਮੇਅਰ ਸਾਦਿਕ ਖਾਨ ਨੇ ਜਦੋਂ ਦਿਵਾਲੀ ਦੀ ਵਧਾਈ ਦਿਤੀ ਤਾਂ ਇਸ ਬਾਰੇ ਵੀ ਨਸਲੀ ਟਿੱਪਣੀਆਂ ਕੀਤੀਆਂ ਗਈਆਂ। ਬਰਤਾਨਵੀ ਸੰਸਦ ਵਿਚ 2021 ਵਿਚ ਪੇਸ਼ ਇਕ ਰਿਪੋਰਟ ਕਹਿੰਦੀ ਹੈ ਕਿ 80 ਫ਼ੀ ਸਦੀ ਭਾਰਤੀਆਂ ਨੂੰ ਵਿਤਕਰਾ ਬਰਦਾਸ਼ਤ ਕਰਨਾ ਪੈਂਦਾ ਹੈ।