ਯੂ.ਕੇ. ਦੇ ਪ੍ਰਧਾਨ ਮੰਤਰੀ ਦਾ ਘਰ ਫੂਕਿਆ
ਯੂ.ਕੇ. ਦੇ ਪ੍ਰਧਾਨ ਮੰਤਰੀ ਕਿਅਰ ਸਟਾਰਮਰ ਦੇ ਦੋ ਘਰਾਂ ਨੂੰ ਅਪਰਾਧਕ ਅਨਸਰਾਂ ਵੱਲੋਂ ਅੱਗ ਲਾਉਣ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ।
ਲੰਡਨ : ਯੂ.ਕੇ. ਦੇ ਪ੍ਰਧਾਨ ਮੰਤਰੀ ਕਿਅਰ ਸਟਾਰਮਰ ਦੇ ਦੋ ਘਰਾਂ ਨੂੰ ਅਪਰਾਧਕ ਅਨਸਰਾਂ ਵੱਲੋਂ ਅੱਗ ਲਾਉਣ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ। 24 ਘੰਟੇ ਦੇ ਵਕਫ਼ੇ ’ਤੇ ਨੌਰਥ ਲੰਡਨ ਵਿਖੇ ਸਥਿਤ ਘਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਸਕੌਟਲੈਂਡ ਯਾਰਡ ਦਾ ਕਹਿਣਾ ਹੈ ਕਿ ਗੁਆਂਢੀਆਂ ਨੇ ਇਕ ਵੱਡੇ ਧਮਾਕੇ ਦੀ ਆਵਾਜ਼ ਵੀ ਸੁਣੀ। ਸਿਰਫ਼ ਪ੍ਰਧਾਨ ਮੰਤਰੀ ਦੇ ਘਰ ਫੂਕਣ ਦੇ ਯਤਨ ਨਹੀਂ ਕੀਤੇ ਗਏ ਸਗੋਂ ਗਲੀ ਵਿਚ ਖੜ੍ਹੀਆਂ ਗੱਡੀਆਂ ਨੂੰ ਵੀ ਅੱਗੇ ਦੇ ਹਵਾਲੇ ਕਰ ਦਿਤਾ ਗਿਆ। ਅਤਿਵਾਦ ਵਿਰੋਧੀ ਦਸਤੇ ਵੱਲੋਂ ਪੜਤਾਲ ਆਪਣੇ ਹੱਥਾਂ ਵਿਚ ਲੈਂਦਿਆਂ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ।
24 ਘੰਟੇ ਦੇ ਵਕਫ਼ੇ ’ਤੇ 2 ਘਰਾਂ ਨੂੰ ਲਾਈ ਅੱਗ
ਦੱਸ ਦੇਈਏ ਕਿ ਪਿਛਲੇ ਸਾਲ ਚੋਣਾਂ ਵਿਚ ਜਿੱਤ ਮਗਰੋਂ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦਾ ਪਰਵਾਰ ਸਰਕਾਰੀ ਰਿਹਾਇਸ਼ ਵਿਚ ਚਲੇ ਗਏ ਅਤੇ 20 ਲੱਖ ਪਾਊਂਡ ਦਾ ਮਕਾਨ ਖਾਲੀ ਪਿਆ ਸੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਅੱਧੀ ਰਾਤ ਵੇਲੇ ਘਰ ਨੂੰ ਫੂਕਣ ਦੀ ਕੋਸ਼ਿਸ਼ ਕੀਤੀ ਗਈ। ਉਧਰ ਮੈਟਰੋਪੌਲੀਟਨ ਪੁਲਿਸ ਨੇ ਕਿਹਾ ਕਿ 8 ਮਈ ਨੂੰ ਐਨ.ਡਬਲਿਊ 5 ਵਿਖੇ ਇਕ ਗੱਡੀ ਸਾੜਨ ਅਤੇ 11 ਮਈ ਨੂੰ ਐਨ 7 ਵਿਖੇ ਬਾਹਰਲਾ ਦਰਵਾਜ਼ਾ ਫੂਕਣ ਦੇ ਮਾਮਲੇ ਆਪਸ ਵਿਚ ਸਬੰਧਤ ਮਹਿਸੂਸ ਹੋ ਰਹੇ ਹਨ। ਘਰ ਨੂੰ ਪੁੱਜੇ ਨੁਕਸਾਨ ਬਾਰੇ ਪੁਲਿਸ ਨੇ ਦੱਸਿਆ ਕਿ ਇਕ ਘਰ ਦਾ ਪੋਰਚ ਸੜਿਆ ਹੈ ਅਤੇ ਕੰਧਾਂ ਦਾ ਰੰਗ ਕਾਲਾ ਹੋ ਗਿਆ। ਅੱਗ ਮਕਾਨ ਦੇ ਅੰਦਰ ਤੱਕ ਨਹੀਂ ਫੈਲੀ।
ਸਕਾਟਲੈਂਡ ਯਾਰਡ ਕਰ ਰਹੀ ਹੈ ਮਾਮਲੇ ਦੀ ਪੜਤਾਲ
ਇਸੇ ਦੌਰਾਨ ਲੰਡਨ ਫਾਇਰ ਬ੍ਰਿਗੇਡ ਨੇ ਕਿਹਾ ਕਿ ਅੱਗ ਕਾਰਨ ਘਰ ਦਾ ਮੂਹਰਲੇ ਹਿੱਸੇ ਵਿਚ ਨੁਕਸਾਨ ਹੋਇਆ ਹੈ ਜਦਕਿ ਗੁਆਂਢੀਆਂ ਨੇ ਕਿਹਾ ਕਿ ਵੱਡੇ ਤੜਕੇ ਇਕ ਧਮਾਕਾ ਹੋਇਆ ਅਤੇ ਇਲਾਕੇ ਵਿਚ ਦਹਿਸ਼ਤ ਫੈਲ ਗਈ। ਸਰਕਾਰੀ ਦਸਤਾਵੇਜ਼ਾਂ ਮੁਤਾਬਕ ਕਿਅਰ ਸਟਾਰਮਰ ਵੱਲੋਂ ਇਹ ਮਕਾਨ ਕਿਰਾਏ ’ਤੇ ਦਿਤਾ ਗਿਆ ਸੀ।