Trump ਨੇ ਰੋਕੇ 10,000 ਪੰਜਾਬੀਆਂ ਦੇ ਵਿਆਹ
ਡੌਨਲਡ ਟਰੰਪ ਨੂੰ ਹੁਣ ਪੰਜਾਬ ਰਹਿੰਦੇ ਲੋਕ ਵੀ ਬਦਅਸੀਸਾਂ ਦੇ ਰਹੇ ਹਨ ਜਿਨ੍ਹਾਂ ਦੇ 10 ਹਜ਼ਾਰ ਵਿਆਹਾਂ ਉਤੇ ਵੱਡਾ ਖ਼ਤਰਾ ਮੰਡਰਾਅ ਰਿਹਾ ਹੈ
ਵਾਸ਼ਿੰਗਟਨ/ਤਹਿਰਾਨ : ਡੌਨਲਡ ਟਰੰਪ ਨੂੰ ਹੁਣ ਪੰਜਾਬ ਰਹਿੰਦੇ ਲੋਕ ਵੀ ਬਦਅਸੀਸਾਂ ਦੇ ਰਹੇ ਹਨ ਜਿਨ੍ਹਾਂ ਦੇ 10 ਹਜ਼ਾਰ ਵਿਆਹਾਂ ਉਤੇ ਵੱਡਾ ਖ਼ਤਰਾ ਮੰਡਰਾਅ ਰਿਹਾ ਹੈ। ਜੀ ਹਾਂ, ਅਮਰੀਕਾ ਦੇ ਰਾਸ਼ਟਰਪਤੀ ਈਰਾਨ ਜੰਗ ਖ਼ਤਮ ਹੋਣ ਐਲਾਨ ਕਰਨ ਤੋਂ ਕੁਝ ਘੰਟੇ ਦੇ ਅੰਦਰ ਹੀ ਮੁੱਕਰ ਗਏ ਅਤੇ ਈਰਾਨ ਉਤੇ ਮੁੜ ਵੱਡਾ ਹਮਲਾ ਕਰਨ ਦੇ ਹੁਕਮ ਦੇ ਦਿਤੇ। ਜੰਗ ਨਾ ਰੁਕੀ ਤਾਂ ਐਲ.ਪੀ.ਜੀ. ਯਾਨੀ ਰਸੋਈ ਗੈਸ ਦੀ ਸਪਲਾਈ ਬਹਾਲ ਨਹੀਂ ਹੋਣੀ ਅਤੇ ਵਿਆਹ ਟਾਲਣੇ ਪੈਣਗੇ ਜਦਕਿ ਪਰਵਾਰਾਂ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਹੁਣ ਵਿਆਹ ਵਾਲੇ ਘਰ ਰਸੋਈ ਗੈਸ ਸਿਲੰਡਰਾਂ ਦੇ ਪ੍ਰਬੰਧਾਂ ਲਈ ਦੌੜ-ਭੱਜ ਕਰਦੇ ਨਜ਼ਰ ਆ ਰਹੇ ਹਨ। ਚੇਤੇ ਰਹੇ ਕਿ ਰੂਸ ਦੇ ਰਾਸ਼ਟਰਪਤੀ ਨਾਲ ਗੁੱਝੀ ਫੋਨ ਕਾਲ ਤੋਂ ਬਾਅਦ ਈਰਾਨ ਜੰਗ ਖ਼ਤਮ ਹੋਣ ਦਾ ਜ਼ਿਕਰ ਕਰਨ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਨੇ ਦੋ ਦਰਜਨ ਨਵੇਂ ਬੀ-2 ਬੌਂਬਰ ਜਹਾਜ਼ਾਂ ਨਾਲ ਕਾਰਵਾਈ ਕਰਨ ਦੀਆਂ ਹਦਾਇਤਾਂ ਦਿਤੀਆਂ ਪਰ ਈਰਾਨੀ ਫੌਜ ਨੇ ਠੋਕਵਾਂ ਜਵਾਬ ਦਿੰਦਿਆਂ ਕਿਹਾ ਕਿ ਜੰਗ ਸ਼ੁਰੂ ਅਮਰੀਕਾ ਨੇ ਕੀਤੀ ਹੈ ਅਤੇ ਖ਼ਤਮ ਅਸੀਂ ਕਰਾਂਗੇ।
ਈਰਾਨ ਜੰਗ ਖ਼ਤਮ ਹੋਣ ਦਾ ਐਲਾਨ ਕਰ ਕੇ ਮੁੱਕਰੇ ਰਾਸ਼ਟਰਪਤੀ
ਉਧਰ, ਪੂਰੀ ਦੁਨੀਆਂ ਦੇ ਰੱਖਿਆ ਮਾਹਰ ਟਰੰਪ ਦੀਆਂ ਹਰਕਤਾਂ ਤੋਂ ਹੈਰਾਨ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਨੂੰ ਸੋਚ ਸਮਝ ਕੇ ਹੀ ਕੋਈ ਸਟੈਂਡ ਲੈਣਾ ਚਾਹੀਦਾ ਹੈ। ਇਸੇ ਦੌਰਾਨ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਈਰਾਨ ਨੂੰ ਨਵੇਂ ਸਿਰੇ ਤੋਂ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਜੇ ਹੋਰਮੂਜ਼ ਸਟ੍ਰੇਟ ਵਿਚੋਂ ਲੰਘਣ ਵਾਲੇ ਸਮੁੰਦਰੀ ਜਹਾਜ਼ਾਂ ਨੂੰ ਰੋਕਿਆ ਤਾਂ ਮੌਤ ਨੰਗਾ ਨਾਚ ਕਰੇਗੀ ਅਤੇ ਅਮੈਰੀਕਨ ਫੌਜ ਵੱਲੋਂ 20 ਗੁਣਾ ਖ਼ਤਰਨਾਕ ਹਮਲੇ ਕੀਤੇ ਜਾਣਗੇ। ਦੱਸ ਦੇਈਏ ਕਿ ਜੰਗ ਖ਼ਤਮ ਹੋਣ ਦਾ ਐਲਾਨ ਹੋਇਆ ਤਾਂ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦਾ ਭਾਅ ਘਟ ਕੇ 86 ਡਾਲਰ ਪ੍ਰਤੀ ਬੈਰਲ ’ਤੇ ਆ ਗਿਆ ਅਤੇ ਸ਼ੇਅਰ ਬਾਜ਼ਾਰਾਂ ਵਿਚ ਵੀ ਰੌਣਕਾਂ ਪਰਤਦੀਆਂ ਨਜ਼ਰ ਆਈਆਂ ਪਰ ਰਾਹਤ ਜ਼ਿਆਦਾ ਸਮਾਂ ਬਰਕਰਾਰ ਨਾ ਰਹਿ ਸਕੀ। ਟਰੰਪ ਬੱਚਿਆਂ ਦੀ ਤਰਜ਼ ’ਤੇ ਈਰਾਨ ਨੂੰ ਚਿੜ੍ਹਾਉਣ ਦਾ ਯਤਨ ਕਰਦੇ ਵੀ ਨਜ਼ਰ ਆਏ। ਉਨ੍ਹਾਂ ਕਿਹਾ ਕਿ ਈਰਾਨ ਕੋਲ ਨਾ ਹਵਾਈ ਫੌਜ ਹੈ ਅਤੇ ਨਾ ਹੀ ਰਾਡਾਰ ਜਾਂ ਐਂਟੀ ਏਅਰ ਕ੍ਰਾਫ਼ਟ ਸਿਸਟਮ ਮੌਜੂਦ ਹੈ। ਡਰੋਨ ਦਾਗਣ ਦੀ ਸਮਰੱਥਾ ਸਿਰਫ਼ 25 ਫ਼ੀ ਸਦੀ ਰਹਿ ਗਈ ਹੈ ਅਤੇ ਜਲਦ ਹੀ ਬਿਲਕੁਲ ਖ਼ਤਮ ਹੋ ਜਾਵੇਗੀ। ਮਿਜ਼ਾਈਲਾਂ ਦਾਗਣ ਦੀ ਤਾਕਤ ਪਹਿਲਾਂ ਹੀ ਬਾਕੀ ਨਹੀਂ ਬਚੀ ਅਤੇ ਸੰਚਾਰ ਸਾਧਨ ਵੀ ਠੱਪ ਹੋ ਚੁੱਕੇ ਹਨ। ਇਥੇ ਦਸਣਾ ਬਣਦਾ ਹੈ ਕਿ ਜੰਗ ਈਰਾਨ ਵਿਚ ਹੋ ਰਹੀ ਹੈ ਪਰ ਅਸਰ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਵਰਗੇ ਮੁਲਕਾਂ ਵਿਚ ਦੇਖਣ ਨੂੰ ਮਿਲ ਰਿਹਾ ਹੈ। ਤੇਲ ਦੀ ਕਿੱਲਤ ਨੂੰ ਵੇਖਦਿਆ ਪਾਕਿਸਤਾਨ ਵਿਚ ਸਕੂਲ 2 ਹਫ਼ਤੇ ਲਈ ਬੰਦ ਕੀਤੇ ਜਾ ਚੁੱਕੇ ਹਨ ਅਤੇ ਸਰਕਾਰੀ ਦਫ਼ਤਰ ਹਫ਼ਤੇ ਵਿਚ ਸਿਰਫ਼ ਚਾਰ ਦਿਨ ਲੱਗਣਗੇ ਜਦਕਿ ਅੱਧੇ ਮੁਲਾਜ਼ਮਾਂ ਨੂੰ ਘਰ ਬੈਠ ਕੇ ਕੰਮ ਕਰਨ ਦੀਆਂ ਹਦਾਇਤਾਂ ਦਿਤੀਆਂ ਗਈਆਂ ਹਨ। ਮੰਤਰੀਆਂ ਦੇ ਵਿਦੇਸ਼ ਦੌਰਿਆਂ ਉਤੇ ਮੁਕੰਮਲ ਰੋਕ ਲੱਗ ਚੁੱਕੀ ਹੈ ਅਤੇ ਦੋ ਮਹੀਨੇ ਤਨਖਾਹ ਵੀ ਨਹੀਂ ਮਿਲੇਗੀ।
ਜੰਗ ਅਮਰੀਕਾ ਨੇ ਸ਼ੁਰੂ ਕੀਤੀ, ਖ਼ਤਮ ਅਸੀਂ ਕਰਾਂਗੇ : ਈਰਾਨ
ਇਸ ਤੋਂ ਇਲਾਵਾ ਐਮ.ਪੀਜ਼ ਦੀਆਂ ਤਨਖਾਹਾਂ ਵਿਚ 25 ਫ਼ੀ ਸਦੀ ਕਟੌਤੀ ਕੀਤੀ ਗਈ ਹੈ। ਸਰਕਾਰੀ ਗੱਡੀਆਂ ਵਿਚੋਂ 60 ਫੀ ਸਦੀ ਪੱਕੇ ਤੌਰ ’ਤੇ ਪਾਰਕ ਕਰ ਦਿਤੀਆਂ ਜਦਕਿ ਬਾਕੀ ਗੱਡੀਆਂ ਨੂੰ ਅੱਧਾ ਫ਼ਿਊਲ ਮਿਲੇਗਾ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਈਰਾਨ ਜੰਗ ਕਰ ਕੇ ਕੱਚੇ ਤੇਲ ਦਾ ਭਾਅ 60 ਡਾਲਰ ਤੋਂ 100 ਡਾਲਰ ਪ੍ਰਤੀ ਬੈਰਲ ਹੋ ਗਿਆ ਹੈ ਜਿਸ ਮਗਰੋਂ ਮੁਲਕ ਵਿਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕਰਨਾ ਪਿਆ। ਭਾਰਤ ਵਿਚ ਐਲ.ਪੀ.ਜੀ. ਦੀ ਕਿੱਲਤ ਕਰ ਕੇ ਕਮਰਸ਼ੀਅਲ ਸਪਲਾਈ ਬੰਦ ਕਰ ਦਿਤੀ ਗਈ ਹੈ ਅਤੇ ਵੱਡੇ ਸ਼ਹਿਰਾਂ ਵਿਚ ਹੋਟਲ ਤੇ ਰੈਸਟੋਰੈਂਟ ਬੰਦ ਹੋ ਰਹੇ ਹਨ। ਬੰਗਲਾਦੇਸ਼ ਵਿਚ ਪੈਟਰੋਲ-ਡੀਜ਼ਲ ਦੀ ਵਿਕਰੀ ਬੰਦਿਸ਼ਾਂ ਦੇ ਘੇਰੇ ਵਿਚ ਆ ਗਈ ਹੈ। ਦੋ ਪਹੀਆ ਵਾਲਿਆਂ ਨੂੰ ਸਿਰਫ਼ 2 ਲਿਟਰ ਤੇਲ ਦਿਤਾ ਜਾ ਰਿਹਾ ਹੈ ਜਦਕਿ ਕਾਰਾਂ ਵਾਲਿਆਂ ਨੂੰ 10 ਲਿਟਰ ਤੇਲ ਹੀ ਮਿਲ ਰਿਹਾ ਹੈ। ਬੱਸਾਂ ਅਤੇ ਟਰੱਕਾਂ ਵਾਸਤੇ 70 ਤੋਂ 220 ਲਿਟਰ ਦੀ ਹੱਦ ਤੈਅ ਕੀਤੀ ਗਈ ਹੈ।