ਟਰੰਪ ਨੇ ਆਪਣੇ 78ਵੇਂ ਜਨਮ ਦਿਨ ਮੌਕੇ ਬਾਇਡਨ ’ਤੇ ਲਾਏ ਬੇਤੁਕੇ ਦੋਸ਼

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੇ 78ਵੇਂ ਜਨਮ ਦਿਨ ਮੌਕੇ ਰਾਸ਼ਟਰਪਤੀ ਜੋਅ ਬਾਇਡਨ ਵਿਰੁੱਧ ਬੇਤੁਕੇ ਦੋਸ਼ ਲਾਉਂਦਿਆਂ ਕਿਹਾ ਕਿ ਕਈ ਅਪਰਾਧ ਕਰ ਚੁੱਕੇ ਰਾਸ਼ਟਰਪਤੀ ਹੁਣ ਅਤਿਵਾਦ ਫੈਲਾਉਣ ਦਾ ਕੰਮ ਵੀ ਕਰ ਰਹੇ ਹਨ।;

Update: 2024-06-15 11:30 GMT

ਫਲੋਰੀਡਾ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੇ 78ਵੇਂ ਜਨਮ ਦਿਨ ਮੌਕੇ ਰਾਸ਼ਟਰਪਤੀ ਜੋਅ ਬਾਇਡਨ ਵਿਰੁੱਧ ਬੇਤੁਕੇ ਦੋਸ਼ ਲਾਉਂਦਿਆਂ ਕਿਹਾ ਕਿ ਕਈ ਅਪਰਾਧ ਕਰ ਚੁੱਕੇ ਰਾਸ਼ਟਰਪਤੀ ਹੁਣ ਅਤਿਵਾਦ ਫੈਲਾਉਣ ਦਾ ਕੰਮ ਵੀ ਕਰ ਰਹੇ ਹਨ। ਟਰੰਪ ਦਾ ਇਸ਼ਾਰਾ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਤੋਂ ਗ੍ਰਿਫ਼ਤਾਰ ਤਾਜਿਕਸਤਾਨ ਦੇ ਅੱਠ ਨਾਗਰਿਕਾਂ ਵੱਲ ਸੀ ਜਿਨ੍ਹਾਂ ਇਸਲਾਮਿਕ ਸਟੇਟ ਨਾਲ ਸਬੰਧਤ ਹੋਣ ਕਾਰਨ ਕਾਬੂ ਕੀਤਾ ਗਿਆ।

ਆਪਣੇ ਹਮਾਇਤੀਆਂ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਸਾਲ 2019 ’ਤੇ ਝਾਤ ਮਾਰੀ ਜਾਵੇ ਤਾਂ ਇਕ ਵੀ ਅਤਿਵਾਦੀ ਮੁਲਕ ਵਿਚ ਦਾਖਲ ਨਹੀਂ ਸੀ ਹੋ ਰਿਹਾ। ਕੋਈ ਇਸ ਗੱਲ ’ਤੇ ਯਕੀਨ ਕਰੇ ਜਾਂ ਨਾ ਪਰ ਉਸ ਵੇਲੇ ਹਾਲਾਤ ਬਹੁਤ ਚੰਗੇ ਸਨ। ਟਰੰਪ ਨੇ ਰਾਸ਼ਟਰਪਤੀ ਦੀ ਪਤਨੀ ਜਿਲ ਬਾਇਡਨ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਹੰਟਰ ਬਾਇਡਨ ਨੂੰ ਦੋਸ਼ੀ ਕਰਾਰ ਦਿਤੇ ਜਾਣ ਮਗਰੋਂ ਉਹ ਫਰਾਂਸ ਤੋਂ ਵਾਪਸ ਆਈ ਅਤੇ ਕੁਝ ਸਮਾਂ ਹੰਟਰ ਨਾਲ ਲੰਘਾਉਣ ਮਗਰੋਂ ਮੁੜ ਫਰਾਂਸ ਚਲੀ ਗਈ ਜਿਥੇ ਮੈਕ੍ਰੌਂ ਪਰਵਾਰ ਨਾਲ ਰਾਤ ਦੇ ਖਾਣੇ ਵਿਚ ਸ਼ਾਮਲ ਹੋਣਾ ਸੀ। ਸਿਰਫ ਐਨਾ ਹੀ ਨਹੀਂ ਰਾਸ਼ਟਰਪਤੀ ਜੋਅ ਬਾਇਡਨ ਡੀ-ਡੇਅ ਸਮਾਗਮਾਂ ਵਿਚ ਸ਼ਾਮਲ ਹੋਣ ਫਰਾਂਸ ਗਏ ਅਤੇ ਵਾਪਸੀ ਕਰਨ ਤੋਂ ਕੁਝ ਦਿਨ ਬਾਅਦ ਹੁਣ ਇਟਲੀ ਰਵਾਨਾ ਹੋ ਗਏ। ਟਰੰਪ ਨੇ ਦੋਸ਼ ਲਾਇਆ ਕਿ ਹਰ ਸਮਾਗਮ ਵਿਚ ਜੋਅ ਬਾਇਡਨ ਸੁੱਤੇ ਹੋਏ ਮਿਲਦੇ ਹਨ। ਇਥੇ ਦਸਣਾ ਬਣਦਾ ਹੈ ਕਿ ਟਰੰਪ ਦੇ ਜਨਮ ਦਿਨ ਮੌਕੇ ਇਕੱਤਰ ਹੋਏ ਲੋਕਾਂ ਨੇ ਲਾਲ, ਸਫੈਦ ਜਾਂ ਨੀਲੇ ਕੱਪੜੇ ਪਹਿਨੇ ਹੋਏ ਸਨ। ਟਰੰਪ ਨੇ ਦਾਅਵਾ ਕੀਤਾ ਕਿ ਸਾਡਾ ਮੁਲਕ ਐਨੇ ਖਤਰੇ ਵਿਚ ਕਦੇ ਨਹੀਂ ਸੀ ਘਿਰਿਆ ਜਿੰਨਾ ਇਸ ਵੇਲੇ ਘਿਰਿਆ ਮਹਿਸੂਸ ਹੋ ਰਿਹਾ ਹੈ।

ਜੋਅ ਬਾਇਡਨ ਨੂੰ ਸਿਰਫ ਟਰੰਪ ਹੀ ਨਿਸ਼ਾਨਾ ਨਹੀਂ ਬਣਾ ਰਹੇ ਸਗੋਂ ਚੋਣਾਂ ਦੇ ਮੱਦੇਨਜ਼ਰ ਰਿਪਬਲਿਕਨ ਪਾਰਟੀ ਵੱਲੋਂ ਵੀ ਕਈ ਕਿਸਮ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਚੋਣ ਸਰਵੇਖਣਾਂ ਵਿਚ ਟਰੰਪ ਅੱਗੇ ਚੱਲ ਰਹੇ ਹਨ ਪਰ ਕੁਝ ਨਿਰਪੱਖ ਸੋਚ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਇਸ ਵੇਲੇ ਬੋਲਣ ਦੀ ਆਜ਼ਾਦੀ ਖਤਮ ਹੋ ਚੁੱਕੀ ਹੈ ਅਤੇ ਧਾਰਮਿਕ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

Tags:    

Similar News