ਟਰੰਪ ਅਤੇ ਪੁਤਿਨ ਪਾਉਣਗੇ ਗਲਵਕੜੀ
ਖੁਫੀਆ ਏਜੰਸੀਆਂ ਦੀ ਚਿਤਵਾਨੀ ਨੂੰ ਛਿੱਕੇ ਟੰਗਦਿਆਂ ਰਾਸ਼ਟਰਪਤੀ ਡੌਨਲਡ ਟਰੰਪ ਨੇ ਹੈਰਾਨਕੁੰਨ ਫੈਸਲਾ ਲਿਆ ਹੈ ਜਿਸ ਤਹਿਤ ਰੂਸ ਨੂੰ ਅਮਰੀਕਾ ਦੀ ਕੌਮੀ ਸੁਰੱਖਿਆ ਵਾਸਤੇ ਵੱਡਾ ਸਾਈਬਰ ਖਤਰਾ ਨਹੀਂ ਮੰਨਿਆ ਜਾਵੇਗਾ।;
ਵਾਸ਼ਿੰਗਟਨ : ਖੁਫੀਆ ਏਜੰਸੀਆਂ ਦੀ ਚਿਤਵਾਨੀ ਨੂੰ ਛਿੱਕੇ ਟੰਗਦਿਆਂ ਰਾਸ਼ਟਰਪਤੀ ਡੌਨਲਡ ਟਰੰਪ ਨੇ ਹੈਰਾਨਕੁੰਨ ਫੈਸਲਾ ਲਿਆ ਹੈ ਜਿਸ ਤਹਿਤ ਰੂਸ ਨੂੰ ਅਮਰੀਕਾ ਦੀ ਕੌਮੀ ਸੁਰੱਖਿਆ ਵਾਸਤੇ ਵੱਡਾ ਸਾਈਬਰ ਖਤਰਾ ਨਹੀਂ ਮੰਨਿਆ ਜਾਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਐਤਵਾਰ ਰਾਤ ਰੱਖਿਆ ਮੰਤਰੀ ਪੀਟ ਹੈਗਜ਼ਥ ਨੇ ਰੂਸ ਵਿਰੁੱਧ ਚੱਲ ਰਹੇ ਸਾਰੇ ਸਾਈਬਰ ਆਪ੍ਰੇਸ਼ਨ ਬੰਦ ਕਰਨ ਦੇ ਹੁਕਮ ਦੇ ਦਿਤੇ ਜਿਸ ਤੋਂ ਬਿਲਕੁਲ ਸਪੱਸ਼ਟ ਹੋ ਗਿਆ ਕਿ ਟਰੰਪ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨਾਲ ਨੇੜਤਾ ਵਧਾਉਣ ਦੇ ਇੱਛਕ ਹਨ। ਉਧਰ ਆਲੋਚਕਾਂ ਵੱਲੋਂ ਰੂਸ ਪ੍ਰਤੀ ਅਖਤਿਆਰ ਨਵੀਂ ਨੀਤੀ ਨੂੰ ਖਤਰੇ ਦੀ ਘੰਟੀ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈਕਿ ਰੂਸ ਅਤੇ ਚੀਨ ਸਾਡੇ ਸਭ ਤੋਂ ਵੱਡੇ ਵਿਰੋਧੀ ਹਨ ਪਰ ਸਰਫਾ ਕਰਨ ਦੀ ਮੁਹਿੰਮ ਤਹਿਤ ਸਾਈਬਰ ਸੁਰੱਖਿਆ ਮੁਲਾਜ਼ਮ ਵੀ ਕੱਢੇ ਦਿਤੇ ਗਏ ਅਤੇ ਦਬੀ ਜ਼ੁਬਾਨ ਵਿਚ ਇਥੋਂ ਤੱਕ ਆਖਿਆ ਜਾ ਰਿਹਾ ਹੈ ਕਿ ਰੂਸ ਦੀ ਜਿੱਤ ਹੋ ਰਹੀ ਹੈ।
ਅਮਰੀਕਾ ਨੇ ਰੂਸ ਵਿਰੁੱਧ ਸਾਈਬਰ ਆਪ੍ਰੇਸ਼ਨ ਕੀਤੇ ਬੰਦ
ਚੋਣਾਂ ਵਿਚ ਦਖਲ ਅਤੇ ਹੈਕਿੰਗ ਦੇ ਲਗਾਤਾਰ ਹੁੰਦੇ ਯਤਨਾਂ ਦਰਮਿਆਨ ਤਾਜ਼ਾ ਫੈਸਲਾ ਕਈਆਂ ਨੂੰ ਹਜ਼ਮ ਨਹੀਂ ਹੋ ਰਿਹਾ। ਉਧਰ ਪੈਂਟਾਗਨ ਨਾਲ ਸਬੰਧਤ ਇਕ ਖੁਫੀਆ ਅਫਸਰ ਮੁਤਾਬਕ ਰੂਸ ਵਿਰੁੱਧ ਸਾਈਬਰ ਅਪ੍ਰੇਸ਼ਨ ’ਤੇ ਰੋਕ ਲਾਉਣ ਦੇ ਹੁਕਮ ਟਰੰਪ ਅਤੇ ਜ਼ੈਲੈਂਸਕੀ ਦਰਮਿਆਨ ਮੁਲਾਕਾਤ ਤੋਂ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਸਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਟਰੰਪ ਸਰਕਾਰ ਰੂਸ ਵਿਰੁਧ ਕੀਤੀ ਜਾ ਰਹੀ ਹਰ ਕਾਰਵਾਈ ਦੀ ਸਮੀਖਿਆ ਕਰ ਰਹੀ ਹੈ ਪਰ ਇਸ ਬਾਰੇ ਜਨਤਕ ਤੌਰ ’ਤੇ ਕੋਈ ਵੇਰਵਾ ਸਾਂਝਾ ਨਹੀਂ ਕੀਤਾ ਗਿਆ। ਇਸੇ ਦੌਰਾਨ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਯੂਕਰੇਨ ਦੇ ਮੁੱਦੇ ’ਤੇ ਰੂਸ ਨੂੰ ਗੱਲਬਾਤ ਦੀ ਮੇਜ਼ ’ਤੇ ਲਿਆਉਣਾ ਬੇਹੱਦ ਜ਼ਰੂਰੀ ਹੈ। ਜੇ ਪੁਤਿਨ ਵਿਰੋਧੀ ਰਵੱਈਆ ਅਖਤਿਆਰ ਕੀਤਾ ਗਿਆ ਤਾਂ ਉਨ੍ਹਾਂ ਨੂੰ ਗੱਲਬਾਤ ਵਿਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਦੂਜੇ ਪਾਸੇ ਅਮਰੀਕਾ ਸਰਕਾਰ ਵਿਚ ਉਚ ਅਹੁਦਿਆਂ ’ਤੇ ਰਹਿ ਚੁੱਕੇ ਦੋ ਅਫ਼ਸਰਾਂ ਦਾ ਕਹਿਣਾ ਸੀ ਕਿ ਦੋ ਮੁਲਕਾਂ ਵਿਚਾਲੇ ਕੂਟਨੀਤਕ ਅਤੇ ਸੰਜੀਦਾ ਗੱਲਬਾਤ ਤੋਂ ਪਹਿਲਾਂ ਅਜਿਹੇ ਮਿਸ਼ਨ ’ਤੇ ਰੋਕ ਲਾਉਣਾ ਆਮ ਗੱਲ ਹੈ ਪਰ ਰੂਸ ਵਿਰੁਧ ਸਾਈਬਰ ਅਪ੍ਰੇਸ਼ਨ ਤੋਂ ਪਿੱਛੇ ਹਟਣਾ, ਇਕ ਵੱਡਾ ਦਾਅ ਮੰਨਿਆ ਜਾ ਸਕਦਾ ਹੈ।
ਨਵੀਂ ਨੀਤੀ ’ਤੇ ਸੁਰੱਖਿਆ ਮਾਹਰਾਂ ਨੇ ਉਠਾਏ ਸਵਾਲ
ਟਰੰਪ ਸਰਕਾਰ ਦਾ ਕਦਮ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਰੂਸ ਵੱਲੋਂ ਅਮਰੀਕਾ ਦੇ ਖੁਫੀਆ ਨੈਟਵਰਕ ਵਿਚ ਦਾਖਲ ਹੋਣ ਦੇ ਯਤਨ ਕੀਤੇ ਜਾ ਰਹੇ ਹਨ। ਟਰੰਪ ਦੇ ਸਹੁੰ ਚੁੱਕਣ ਤੋਂ ਕੁਝ ਦਿਨ ਬਾਅਦ ਵੀ ਰੂਸ ਵੱਲੋਂ ਸਾਈਬਰ ਦਖਲਅੰਦਾਜ਼ੀ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਇਥੋਂ ਤੱਕ ਕਿ ਜੋਅ ਬਾਇਡਨ ਦੇ ਸੱਤਾ ਸੰਭਾਲਣ ਵੇਲੇ ਵੀ ਖੁਫੀਆ ਵਿਭਾਗ ਵੱਲੋਂ ਇਕ ਰਿਪੋਰਟ ਜਾਰੀ ਕਰਦਿਆਂ ਕਿਹਾ ਗਿਆ ਸੀ ਕਿ ਅਮਰੀਕਾ ਦੀਆਂ ਚੋਣਾਂ ਵਿਚ ਰੂਸੀ ਦਖਲ ਵਧ ਰਿਹਾ ਹੈ ਅਤੇ ਨਤੀਜੇ ਪ੍ਰਭਾਵਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਕੁਝ ਵਰਿ੍ਹਆਂ ਦੌਰਾਨ ਅਮਰੀਕਾ ਦੇ ਹਸਪਤਾਲਾਂ ਅਤੇ ਇਨਫਰਾਸਟ੍ਰਕਚਰ ਉਤੇ ਸਾਈਬਰ ਹਮਲੇ ਵਧੇ ਹਨ ਅਤੇ ਜ਼ਿਆਦਾਤਰ ਹਮਲੇ ਰੂਸ ਏਜੰਸੀਆਂ ਦੇ ਇਸ਼ਾਰੇ ’ਤੇ ਕੀਤੇ ਗਏ। ਯੂਰਪ ਵਿਚ ਵੀ ਇਨਫ਼ਰਾਸਟ੍ਰਕਚਰ ਨੂੰ ਨੁਕਸਾਨ ਪਹੁੰਚਾਉਣ ਦੀਆਂ ਵਾਰਦਾਤਾਂ ਵਿਚ ਵਾਧਾ ਹੋਇਆ ਹੈ ਜਿਨ੍ਹਾਂ ਵਿਚ ਕਮਿਊਨੀਕੇਸ਼ਨ ਕੇਬਲ ਨੂੰ ਵੱਢਣ ਦਾ ਯਤਨ ਸ਼ਾਮਲ ਹੈ। ਅਮਰੀਕਾ ਹੁਣ ਤੱਕ ਇਨ੍ਹਾਂ ਮਾਮਲਿਆਂ ਵਿਚ ਯੂਰਪ ਦੀ ਮਦਦ ਕਰਦਾ ਆਇਆ ਹੈ ਪਰ ਰੂਸ ਵਿਰੁੱਧ ਸਾਈਬਰ ਅਪ੍ਰੇਸ਼ਨ ਰੋਕਣ ਨਾਲ ਯੂਰਪੀ ਮੁਲਕਾਂ ਨੂੰ ਸਮੱਸਿਆਵਾਂ ਦਾ ਟਾਕਰਾ ਕਰਨਾ ਪੈ ਸਕਦਾ ਹੈ।