ਟਰੰਪ ਸਰਕਾਰ ਨੇ ਅਮਰੀਕਾ ਆਉਣ ਤੋਂ ਰੋਕੇ ਸੈਂਕੜੇ ਭਾਰਤੀ
ਟਰੰਪ ਸਰਕਾਰ ਵੱਲੋਂ ਅਚਨਚੇਤ ਵੀਜ਼ਾ ਅਪੁਆਇੰਟਮੈਂਟਸ ਰੱਦ ਕੀਤੇ ਜਾਣ ਕਰ ਕੇ ਵੱਡੀ ਗਿਣਤੀ ਵਿਚ ਭਾਰਤੀ ਲੋਕ ਨਵੀਂ ਦਿੱਲੀ, ਹੈਦਰਾਬਾਦ, ਚੇਨਈ ਜਾਂ ਮੁੰਬਈ ਵਿਚ ਫਸ ਚੁੱਕੇ ਹਨ
ਵਾਸ਼ਿੰਗਟਨ : ਟਰੰਪ ਸਰਕਾਰ ਵੱਲੋਂ ਅਚਨਚੇਤ ਵੀਜ਼ਾ ਅਪੁਆਇੰਟਮੈਂਟਸ ਰੱਦ ਕੀਤੇ ਜਾਣ ਕਰ ਕੇ ਵੱਡੀ ਗਿਣਤੀ ਵਿਚ ਭਾਰਤੀ ਲੋਕ ਨਵੀਂ ਦਿੱਲੀ, ਹੈਦਰਾਬਾਦ, ਚੇਨਈ ਜਾਂ ਮੁੰਬਈ ਵਿਚ ਫਸ ਚੁੱਕੇ ਹਨ ਜੋ ਆਪਣੇ ਐਚ-1ਬੀ ਵੀਜ਼ਾ ਨਵਿਆਉਣ ਪੁੱਜੇ ਸਨ ਪਰ ਕੌਂਸਲਰ ਦਫ਼ਤਰਾਂ ਨੇ ਬਗੈਰ ਕਿਸੇ ਅਗਾਊਂ ਚਿਤਾਵਨੀ ਤੋਂ 15 ਦਸੰਬਰ ਤੋਂ ਬਾਅਦ ਵਾਲੀਆਂ ਵੀਜ਼ਾ ਇੰਟਰਵਿਊਜ਼ ਵੱਡੇ ਪੱਧਰ ’ਤੇ ਰੱਦ ਕਰ ਦਿਤੀਆਂ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਵੀਜ਼ਾ ਧਾਰਕਾਂ ਨੂੰ ਦੱਸਿਆ ਗਿਆ ਹੈ ਕਿ ਨਵੀਂ ਸੋਸ਼ਲ ਮੀਡੀਆ ਪੌਲਿਸੀ ਦੇ ਚਲਦਿਆਂ ਇੰਟਰਵਿਊਜ਼ ਫ਼ਿਲਹਾਲ ਟਾਲ ਦਿਤੀਆਂ ਗਈਆਂ। ਪਰ ਇੰਮੀਗ੍ਰੇਸ਼ਨ ਮਾਹਰਾਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਅਮਰੀਕਾ ਵਿਚੋਂ ਵੀਜ਼ਾ ਵਾਲਿਆਂ ਨੂੰ ਡਿਪੋਰਟ ਕਰਨ ਦਾ ਇਹ ਨਵਾਂ ਤਰੀਕੇ ਹੋ ਸਕਦਾ ਹੈ। ਦੱਸ ਦੇਈਏ ਕਿ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਤਿੰਨ ਇੰਮੀਗ੍ਰੇਸ਼ਨ ਵਕੀਲਾਂ ਵੱਲੋਂ ਮੁਹੱਈਆ ਜਾਣਕਾਰੀ ’ਤੇ ਆਧਾਰਤ ਹੈ ਜਿਨ੍ਹਾਂ ਦੇ ਕਲਾਈਂਟਸ ਇਸ ਵੇਲੇ ਭਾਰਤ ਵਿਚ ਫਸੇ ਹੋਏ ਹਨ।
ਵੀਜ਼ਾ ਨਵਿਆਉਣ ਭਾਰਤ ਪੁੱਜਣ ਵਾਲਿਆਂ ਦੀਆਂ ਇੰਟਰਵਿਊਜ਼ ਰੱਦ
ਵਿਦੇਸ਼ ਵਿਭਾਗ ਦੀ ਦਲੀਲ ਹੈ ਕਿ ਕੌਮੀ ਸੁਰੱਖਿਆ ਜਾਂ ਲੋਕ ਸੁਰੱਖਿਆ ਨੂੰ ਕਿਸੇ ਵੀ ਕਿਸਮ ਦੇ ਖ਼ਤਰਾ ਨਾ ਹੋਣ ਬਾਰੇ ਯਕੀਨ ਹੋਣ ’ਤੇ ਹੀ ਐਚ-1ਬੀ ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ਰਿਨੀਊ ਕੀਤੇ ਜਾਣਗੇ। ਉਧਰ ਨਵੀਂ ਦਿੱਲੀ ਸਥਿਤ ਯੂ.ਐਸ. ਅੰਬੈਸੀ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਵਿਦੇਸ਼ ਵਿਭਾਗ ਵੱਲੋਂ ਵਿਦਿਆਰਥੀਆਂ ਅਤੇ ਵੀਜ਼ਾ ਵਿਜ਼ਟਰ ਵਾਲਿਆਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੀ ਡੂੰਘਾਈ ਨਾਲ ਘੋਖ ਆਰੰਭ ਹੋ ਚੁੱਕੀ ਹੈ ਅਤੇ ਐਚ-1ਬੀ ਵੀਜ਼ਾ ਜਾਂ ਐਚ-4 ਵੀਜ਼ਾ ਦੇ ਮਾਮਲੇ ਵਿਚ ਵੀ ਇਹੋ ਰਣਨੀਤੀ ਅਖਤਿਆਰ ਕੀਤੀ ਗਈ ਹੈ। ਹਿਊਸਟਨ ਦੀ ਇਕ ਇੰਮੀਗ੍ਰੇਸ਼ਨ ਫ਼ਰਮ ਵਿਚ ਭਾਈਵਾਲ ਐਮਿਲੀ ਨੌਇਮਨ ਨੇ ਦੱਸਿਆ ਕਿ ਉਨ੍ਹਾਂ ਦੇ ਘੱਟੋ ਘੱਟ 100 ਕਲਾਈਂਟਸ ਭਾਰਤ ਵਿਚ ਫਸੇ ਹੋਏ ਹਨ। ਇਸੇ ਤਰ੍ਹਾਂ ਐਟਲਾਂਟਾ ਵਿਖੇ ਇੰਮੀਗ੍ਰੇਸ਼ਨ ਲਾਅ ਦੀ ਪ੍ਰੈਕਟਿਕਸ ਕਰ ਰਹੇ ਚਾਰਲਸ ਕੱਕ ਅਤੇ ਭਾਰਤ ਵਿਚ ਮੌਜੂਦ ਇੰਮੀਗ੍ਰੇਸ਼ਨ ਵਕੀਲ ਵੀਨਾ ਵਿਜੇ ਅਨੰਤ ਨੇ ਦੱਸਿਆ ਕਿ ਉਨ੍ਹਾਂ ਦੇ ਘੱਟੋ ਘੱਟ 12-12 ਕਲਾਈਂਟਸ ਭਾਰਤ ਵਿਚ ਫਸੇ ਹੋਏ ਹਨ। ਐਨਾ ਵੱਡੀ ਇੰਮੀਗ੍ਰੇਸ਼ਨ ਸਮੱਸਿਆ ਇਸ ਤੋਂ ਪਹਿਲਾਂ ਕਦੇ ਸਾਹਮਣੇ ਨਹੀਂ ਆਈ ਅਤੇ ਨੀਅਤ ਸਾਫ਼ ਨਜ਼ਰ ਨਹੀਂ ਆ ਰਹੀ।
ਇੰਮੀਗ੍ਰੇਸ਼ਨ ਮਾਹਰਾਂ ਨੇ ਨਵੀਂ ਨੀਤੀ ’ਤੇ ਉਠਾਏ ਸਵਾਲ
ਉਧਰ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਕਿ ਅਤੀਤ ਵਿਚ ਉਡੀਕ ਸਮਾਂ ਘਟਾਉਂਦਿਆਂ ਇੰਮੀਗ੍ਰੇਸ਼ਨ ਮਾਮਲਿਆਂ ਦੀ ਪ੍ਰੋਸੈਸਿੰਗ ਤੇਜ਼ ਕੀਤੀ ਗਈ ਪਰ ਇਸ ਵੇਲੇ ਹਰ ਵੀਜ਼ਾ ਕੇਸ ਦੀ ਡੂੰਘਾਈ ਨਾਲ ਪੁਣ-ਛਾਣ ਕੀਤੀ ਜਾ ਰਹੀ ਹੈ। ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਨਾਲ ਸਬੰਧਤ ਅਪ੍ਰੈਲ 2025 ਦੇ ਅੰਕੜਿਆਂ ਮੁਤਾਬਕ ਅਮਰੀਕਾ ਵੱਲੋਂ ਜਾਰੀ ਕੁਲ ਐਚ-1ਬੀ ਵੀਜ਼ਿਆਂ ਵਿਚੋਂ 71 ਫ਼ੀ ਸਦੀ ਭਾਰਤੀ ਲੋਕਾਂ ਕੋਲ ਹਨ। ਜੁਲਾਈ ਵਿਚ ਵਿਦੇਸ਼ ਵਿਭਾਗ ਨੇ ਐਲਾਨ ਕੀਤਾ ਸੀ ਕਿ ਐਚ-1ਬੀ ਅਤੇ ਉਨ੍ਹਾਂ ਉਤੇ ਨਿਰਭਰ ਐਚ 4 ਵੀਜ਼ਾ ਹੋਲਡਰ ਕਿਸੇ ਤੀਜੇ ਮੁਲਕ ਵੀਜ਼ੇ ਰੀਨਿਊ ਨਹੀਂ ਕਰਵਾ ਸਕਣਗੇ। ਇਸ ਮਗਰੋਂ 19 ਸਤੰਬਰ ਨੂੰ ਰਾਸ਼ਟਰਪਤੀ ਡੌਨਲਡ ਟਰੰਪ ਨੇ ਨਵੀਆਂ ਐਚ-1ਬੀ ਵੀਜ਼ਾ ਅਰਜ਼ੀਆਂ ’ਤੇ ਇਕ ਲੱਖ ਡਾਲਰ ਫ਼ੀਸ ਲਾਗੂ ਕਰ ਦਿਤੀ। ਡੈਟਰਾਇਟ ਸ਼ਹਿਰ ਵਿਚ ਰਹਿੰਦੇ ਇਕ ਭਾਰਤੀ ਨੇ ਦੱਸਿਆ ਕਿ ਉਹ ਵਿਆਹ ਦੇ ਸਿਲਸਿਲੇ ਵਿਚ ਦਸੰਬਰ ਦੇ ਪਹਿਲੇ ਹਫ਼ਤੇ ਭਾਰਤ ਪੁੱਜਾ ਅਤੇ ਉਸ ਦੀ ਕੌਂਸਲਰ ਅਪੁਆਇੰਟਮੈਂਟ 17 ਦਸੰਬਰ ਦੀ ਤੈਅ ਹੋਈ ਪਰ ਇਸ ਨੂੰ ਰੱਦ ਕਰ ਦਿਤਾ ਗਿਆ। ਨੌਇਮਨ ਨੇ ਸਵਾਲ ਉਠਾਇਆ ਕਿ ਆਖਰਕਾਰ ਕੰਪਨੀਆਂ ਨੂੰ ਆਪਣੇ ਮੁਲਾਜ਼ਮਾਂ ਦੀ ਵਾਪਸੀ ਵਾਸਤੇ ਕਿੰਨੀ ਉਡੀਕ ਕਰਨੀ ਹੋਵੇਗੀ?