ਟਰੰਪ ਨੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਕੀਤੀ ਪ੍ਰਵਾਨ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੇ 13 ਜੁਲਾਈ ਨੂੰ ਹੋਏ ਹਮਲੇ ਮਗਰੋਂ ਸ਼ੁੱਕਰਵਾਰ ਨੂੰ ਪਹਿਲਾ ਭਾਸ਼ਣ ਦਿਤਾ ਅਤੇ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ ਪ੍ਰਵਾਨ ਕਰ ਲਈ।
ਅਮਰੀਕਾ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੇ 13 ਜੁਲਾਈ ਨੂੰ ਹੋਏ ਹਮਲੇ ਮਗਰੋਂ ਸ਼ੁੱਕਰਵਾਰ ਨੂੰ ਪਹਿਲਾ ਭਾਸ਼ਣ ਦਿਤਾ ਅਤੇ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ ਪ੍ਰਵਾਨ ਕਰ ਲਈ। ਵਿਸਕੌਨਸਿਨ ਸੂਬੇ ਦੇ ਮਿਲਵੌਕੀ ਸ਼ਹਿਰ ਵਿਚ ਰਿਪਬਲਿਕਨ ਪਾਰਟੀ ਦੀ ਕੌਮੀ ਕਨਵੈਨਸ਼ਨ ਦੇ ਅੰਤਮ ਦਿਨ ਟਰੰਪ ਨੇ 92 ਮਿੰਟ ਤੱਕ ਸੰਬੋਧਨ ਕੀਤਾ ਅਤੇ ਪ੍ਰਵਾਸੀਆਂ ਨੂੰ ਏਲੀਅਨਜ਼ ਦੱਸਿਆ। ਉਨ੍ਹਾਂ ਕਿਹਾ ਹੈ ਕਿ ਅਮਰੀਕਾ ਵਿਚ 107 ਫੀ ਸਦੀ ਨੌਕਰੀਆਂ ਗੈਰਕਾਨੂੰਨੀ ਪ੍ਰਵਾਸੀਆਂ ਦੇ ਰੂਪ ਵਿਚ ਆਏ ਏਲੀਅਨਜ਼ ਹਾਸਲ ਕਰ ਰਹੇ ਹਨ।
ਟਰੰਪ ਨੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਤੁਲਨਾ ਫਿਲਮੀ ਦੁਨੀਆਂ ਦੇ ਮੌਨਸਟਰਜ਼ ਨਾਲ ਵੀ ਕੀਤੀ ਅਤੇ ਕਿਹਾ ਕਿ ਇਹ ਤੁਹਾਨੂੰ ਖਾ ਜਾਣਗੇ। ਇਥੇ ਦਸਣਾ ਬਣਦਾ ਹੈ ਕਿ ਜਦੋਂ ਟਰੰਪ ਉੱਤੇ ਗੋਲੀਆਂ ਚੱਲੀਆਂ ਤਾਂ ਉਸ ਵੇਲੇ ਵੀ ਉਹ ਗੈਰਕਾਨੂੰਨੀ ਪ੍ਰਵਾਸੀਆਂ ਬਾਰੇ ਬੋਲ ਰਹੇ ਸਨ। ਉਨ੍ਹਾਂ ਅੱਗੇ ਕਿਹਾ ਹੈ ਕਿ ਮੈਂ ਦੁਬਾਰਾ ਕਦੇ ਵੀ ਹਮਲੇ ਵਾਲੀ ਘਟਨਾ ਦਾ ਜ਼ਿਕਰ ਨਹੀਂ ਕਰ ਸਕਾਂਗਾ। ਮੈਂ ਅੱਜ ਵੀ ਲੋਕਾਂ ਵਿਚ ਖੜ੍ਹਾਂ ਕਿਉਂਕਿ ਉਸ ਦਿਨ ਮੇਰਾ ਰੱਬ ਮੇਰੇ ਨਾਲ ਸੀ। ਮੇਰੇ ਹਮਾਇਤੀ ਉਥੋਂ ਦੌੜੇ ਨਹੀਂ ਅਤੇ ਮੌਕੇ ’ਤੇ ਮੌਜੂਦ ਰਹੇ। ਸੀਕ੍ਰੇਟ ਸਰਵਿਸ ਵਾਲਿਆਂ ਨੇ ਬਿਹਤਰੀਨ ਕੰਮ ਕੀਤਾ।
ਦੱਸ ਦੇਈਏ ਕਿ ਟਰੰਪ ਨੇ ਭਾਸ਼ਣ ਦੌਰਾਨ ਸਿਰਫ ਇਕ ਵਾਰ ਜੋਅ ਬਾਇਡਨ ਦਾ ਨਾਂ ਲਿਆ। ਨਿਊ ਯਾਰਕ ਰਸਾਲੇ ਵੱਲੋਂ ਹਾਲ ਹੀ ਵਿਚ ਸਿਹਤ ਮਾਮਲਿਆਂ ਬਾਰੇ ਨਵਾਂ ਅੰਕ ਜਾਰੀ ਕੀਤਾ ਗਿਆ ਹੈ ਜਿਸ ਦੇ ਮੁੱਖ ਪੰਨੇ ’ਤੇ ਟਰੰਪ ਅਤੇ ਬਾਇਡਨ ਅਧਨੰਗੇ ਨਜ਼ਰ ਆ ਰਹੇ ਹਨ। ਰਸਾਲੇ ਵਿਚ ਦੋਹਾਂ ਆਗੂਆਂ ਦੇ ਮੈਡੀਕਲ ਸਟੇਟਸ ਦੀ ਤੁਲਨਾ ਕੀਤੀ ਗਈ ਹੈ ਪਰ ਸੋਸ਼ਲ ਮੀਡੀਆ ’ਤੇ ਰਸਾਲੇ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ ਕਿਉਂਕਿ ਦੋਹਾਂ ਆਗੂਆਂ ਦੀ ਪ੍ਰਾਈਵੇਸੀ ਵਿਚ ਦਖਲ ਦਿਤਾ ਗਿਆ ਹੈ।