ਟਰੰਪ ਦੇ ਘਰ ਵਿਚ ਪੈ ਗਿਆ ਕਲੇਸ਼
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਘਰ ਛਿੜਿਆ ਕਲੇਸ਼ ਜਗ-ਜ਼ਾਹਰ ਹੋ ਗਿਆ ਹੈ। ਜੀ ਹਾਂ, ਟਰੰਪ ਦੀ ਧੀ ਇਵਾਂਕਾ ਅਤੇ ਉਸ ਦੀ ਮਤਰੇਈ ਮਾਂ ਮਲਾਨੀਆ ਵਿਚ ਅਣ-ਬਣ ਦੀਆਂ ਕਨਸੋਆਂ ਤਾਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ;
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਘਰ ਛਿੜਿਆ ਕਲੇਸ਼ ਜਗ-ਜ਼ਾਹਰ ਹੋ ਗਿਆ ਹੈ। ਜੀ ਹਾਂ, ਟਰੰਪ ਦੀ ਧੀ ਇਵਾਂਕਾ ਅਤੇ ਉਸ ਦੀ ਮਤਰੇਈ ਮਾਂ ਮਲਾਨੀਆ ਵਿਚ ਅਣ-ਬਣ ਦੀਆਂ ਕਨਸੋਆਂ ਤਾਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ ਪਰ ਹੁਣ ਪਰਵਾਰ ਦੇ ਇਕ ਭੇਤੀ ਨੇ ਮੀਡੀਆ ਸਾਹਮਣੇ ਪੋਤੜੇ ਫਰੋਲ ਕੇ ਰੱਖ ਦਿਤੇ। ਅਸਲ ਵਿਚ ਰੇੜਕਾ ਤਾਂ 2005 ਵਿਚ ਹੀ ਸ਼ੁਰੂ ਹੋ ਗਿਆ ਸੀ ਜਦੋਂ ਡੌਨਲਡ ਟਰੰਪ ਨੇ ਸਾਬਕਾ ਮਾਡਲ ਨਾਲ ਵਿਆਹ ਕਰਵਾਇਆ। ਮਲਾਨੀਆ ਉਸ ਵੇਲੇ 34 ਸਾਲ ਦੀ ਸੀ ਜਦਕਿ ਇਵਾਂਕਾ ਦੀ ਉਮਰ 23 ਸਾਲ ਸੀ। 2016 ਵਿਚ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਮਗਰੋਂ ਮਲਾਨੀਆ ਅਤੇ ਇਵਾਂਕਾ ਦੀ ਖਿੱਚ-ਧੂਹ ਸਿਖਰਾਂ ’ਤੇ ਪੁੱਜ ਗਈ।
ਇਵਾਂਕਾ ਦੀ ਮਤਰੇਈ ਮਾਂ ਨਾਲ ਅਣ-ਬਣ ਜਗ ਜ਼ਾਹਰ
ਉਸ ਵੇਲੇ ਮਲਾਨੀਆ ਦਾ ਬੇਟਾ ਬੈਰਨ 10 ਸਾਲ ਦਾ ਸੀ ਅਤੇ ਉਸ ਦੀ ਸਕੂਲੀ ਸਿੱਖਿਆ ਦੇ ਮੱਦੇਨਜ਼ਰ ਮਲਾਨੀਆ ਨੂੰ ਨਿਊ ਯਾਰਕ ਵਿਚ ਹੀ ਰਹਿਣਾ ਪਿਆ। ਉਹ 2017 ਦੀਆਂ ਗਰਮੀਆਂ ਵਿਚ ਹੀ ਆਪਣੇ ਪਤੀ ਕੋਲ ਵਾਸ਼ਿੰਗਟਨ ਡੀ.ਸੀ. ਪੁੱਜ ਸਕੀ ਜਦਕਿ ਇਵਾਂਕਾ ਨੇ ਆਪਣੇ ਪਤੀ ਨਾਲ ਪਹਿਲਾਂ ਹੀ ਡੇਰੇ ਲਾ ਲਏ ਸਨ। 2018 ਤੱਕ ਹਾਲਾਤ ਐਨੇ ਵਿਗੜ ਗਏ ਕਿ ਵਾਈਟ ਹਾਊਸ ਦੇ ਤਤਕਾਲੀ ਚੀਫ਼ ਆਫ਼ ਸਟਾਫ਼ ਜੌਹਨ ਕੈਲੀ ਨੂੰ ਦੋਹਾਂ ਔਰਤਾਂ ਦਰਮਿਆਨ ਟਕਰਾਅ ਰੋਕਣ ਲਈ ਦਖਲ ਦੇਣਾ ਪਿਆ। ਇਵਾਂਕਾ, ਫਸਟ ਲੇਡੀ ਦੀਆਂ ਜ਼ਿੰਮੇਵਾਰੀਆਂ ਨਿਭਾਅ ਰਹੀ ਸੀ ਅਤੇ ਮਲਾਨੀਆ ਦੀ ਟੀਮ ਸਾਰਾ ਕੰਟਰੋਲ ਆਪਣੇ ਹੱਥਾਂ ਵਿਚ ਲੈਣ ਦਾ ਜ਼ੋਰ ਪਾਉਣ ਲੱਗੀ। ਘਰੇਲੂ ਕਲੇਸ਼ ਐਨਾ ਵਧ ਗਿਆ ਕਿ ਟਰੰਪ ਦੇ ਸਲਾਹਕਾਰ ਵਜੋਂ ਨਿਯੁਕਤ ਇਵਾਂਕਾ ਅਤੇ ਉਸ ਦਾ ਪਤੀ ਸਿਆਸਤ ਤੋਂ ਦੂਰੀ ਕਾਇਮ ਕਰਨ ਲਈ ਮਜਬੂਰ ਹੋ ਗਏ। ਬੀਤੇ ਜਨਵਰੀ ਮਹੀਨੇ ਦੌਰਾਨ ਟਰੰਪ ਦੇ ਦੂਜੀ ਵਾਰ ਸਹੁੰ ਚੁੱਕਣ ਮੌਕੇ ਇਵਾਂਕਾ ਨੂੰ ਮਲਾਨੀਆ ਦੇ ਬਿਲਕੁਲ ਬਰਾਬਰ ਖੜ੍ਹੀ ਦੇਖਿਆ ਜਾ ਸਕਦਾ ਹੈ ਪਰ ਦੋਹਾਂ ਨੇ ਇਕ-ਦੂਜੇ ਨਾਲ ਗੱਲ ਵੀ ਨਾ ਕੀਤੀ। ਸਰਕਾਰੀ ਸਮਾਗਮਾਂ ਵਿਚ ਇਵਾਂਕਾ ਦੀ ਸ਼ਮੂਲੀਅਤ ਮਲਾਨੀਆ ਨੂੰ ਫੁੱਟੀ ਅੱਖ ਨਹੀਂ ਭਾਅ ਰਹੀ ਅਤੇ ਨਵੀਂ ਜੰਗ ਛਿੜਦੀ ਮਹਿਸੂਸ ਹੋ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਇਵਾਂਕਾ ਆਪਣੀ ਮਾਂ ਇਵਾਨਾ ਨਾਲ ਜਜ਼ਬਾਤੀ ਤੌਰ ’ਤੇ ਡੂੰਘਾਈ ਨਾਲ ਜੋੜੀ ਹੋਈ ਸੀ ਪਰ 2022 ਵਿਚ ਪੌੜੀਆਂ ਤੋਂ ਡਿੱਗਣ ਕਾਰਨ ਇਵਾਨਾ ਦਮ ਤੋੜ ਗਈ।
ਮਲਾਨੀਆ ਨੂੰ ਫੁੱਟੀ ਅੱਖ ਨਹੀਂ ਭਾਉਂਦੀ ਮਤਰੇਈ ਧੀ
ਸਿਆਸਤ ਵਿਚ ਕਦਮ ਰੱਖਣ ਤੋਂ ਪਹਿਲਾਂ ਇਵਾਂਕਾ ਨੇ 2004 ਵਿਚ ਬਿਜ਼ਨਸ ਸਕੂਲ ਤੋਂ ਪੜ੍ਹਾਈ ਮੁਕੰਮਲ ਕੀਤੀ ਅਤੇ ਆਪਣੇ ਪਿਤਾ ਦਾ ਰੀਅਲ ਅਸਟੇਟ ਕਾਰੋਬਾਰ ਸੰਭਾਲਣ ਲੱਗੀ। ਇਸ ਮਗਰੋਂ ਉਸ ਨੇ ਫੈਸ਼ਨ ਖੇਤਰ ਵਿਚ ਕਦਮ ਰੱਖਿਆ ਅਤੇ ਸਾਲਾਨਾ ਵਿਕਰੀ 100 ਮਿਲੀਅਨ ਡਾਲਰ ਤੱਕ ਪੁੱਜ ਗਈ। 2016 ਵਿਚ ਟਰੰਪ ਪਹਿਲੀ ਵਾਰ ਰਾਸ਼ਟਰਪਤੀ ਚੁਣੇ ਗਏ ਤਾਂ ਵਿਕਰੀ ਘਟਣ ਲੱਗੀ ਅਤੇ 2018 ਵਿਚ ਕਾਰੋਬਾਰ ਬੰਦ ਕਰਨਾ ਪਿਆ। ਮਲਾਨੀਆ ਵੱਲੋਂ ਵੀ 2012 ਵਿਚ ਸਕਿਨ ਕੇਅਰ ਅਤੇ ਜਿਊਲਰੀ ਕਾਰੋਬਾਰ ਆਰੰਭਣ ਦੇ ਯਤਨ ਕੀਤੇ ਗਏ ਪਰ ਸਫ਼ਲ ਨਾ ਹੋ ਸਕੀ। ਦੂਜੇ ਪਾਸੇ ਮਤਰੇਈ ਮਾਂ ਨਾਲ ਲੱਖ ਗੁੱਸਾ ਹੋਣ ਦੇ ਬਾਵਜੂਦ ਇਵਾਂਕਾ ਦਾ ਆਪਣੇ ਮਤਰਏ ਭਰਾ ਨਾਲ ਰਿਸ਼ਤਾ ਨਹੀਂ ਵਿਗੜਿਆ। ਟਰੰਪ ਦੇ ਪਹਿਲੇ ਵਿਆਹ ਤੋਂ ਪੈਦਾ ਹੋਏ ਸਾਰੇ ਬੱਚੇ ਬੈਰਨ ਨਾਲ ਮੋਹ ਰਖਦੇ ਹਨ ਅਤੇ ਸਿਆਸਤ ਵਿਚ ਦਿਲਚਸਪੀ ਹੋਣ ਕਾਰਨ ਬੈਰਨ ਵੀ ਆਪਣੇ ਮਤਰਏ ਭੈਣ-ਭਰਾਵਾਂ ਨਾਲ ਨਿੱਘੇ ਰਿਸ਼ਤਿਆਂ ਨੂੰ ਤਰਜੀਹ ਦੇ ਰਿਹਾ ਹੈ।