‘ਅਮਰੀਕਾ ਦੇ ਕਹਿਣ ’ਤੇ ਅਤਿਵਾਦੀਆਂ ਨੂੰ ਦਿਤੀ ਟ੍ਰੇਨਿੰਗ’

ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਕਬੂਲ ਕੀਤਾ ਹੈ ਕਿ ਉਨ੍ਹਾਂ ਦਾ ਮੁਲਕ ਅਮਰੀਕਾ ਅਤੇ ਹੋਰਨਾਂ ਪੱਛਮੀ ਮੁਲਕਾਂ ਦੇ ਕਹਿਣ ’ਤੇ ਪਿਛਲੇ 30 ਸਾਲ ਤੋਂ ਅਤਿਵਾਦੀਆਂ ਨੂੰ ਸਿਖਲਾਈ ਦਾ ਗੰਦਾ ਕੰਮ ਕਰਦਾ ਆਇਆ ਹੈ।

Update: 2025-04-25 12:37 GMT

ਇਸਲਾਮਾਬਾਦ : ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਕਬੂਲ ਕੀਤਾ ਹੈ ਕਿ ਉਨ੍ਹਾਂ ਦਾ ਮੁਲਕ ਅਮਰੀਕਾ ਅਤੇ ਹੋਰਨਾਂ ਪੱਛਮੀ ਮੁਲਕਾਂ ਦੇ ਕਹਿਣ ’ਤੇ ਪਿਛਲੇ 30 ਸਾਲ ਤੋਂ ਅਤਿਵਾਦੀਆਂ ਨੂੰ ਸਿਖਲਾਈ ਦਾ ਗੰਦਾ ਕੰਮ ਕਰਦਾ ਆਇਆ ਹੈ। ਯੂ.ਕੇ. ਦੇ ਸਕਾਈ ਨਿਊਜ਼ ਚੈਨਲ ਦੀ ਐਂਕਰ ਯਲਦਾ ਹਕੀਮ ਵੱਲੋਂ ਪੁੱਛੇ ਸਵਾਲ ਕਿ ਕੀ ਪਾਕਿਸਤਾਨ ਅਤਿਵਾਦੀ ਜਥੇਬੰਦੀਆਂ ਦੀਆਂ ਸਰਗਰਮੀਆਂ ਵਾਸਤੇ ਜ਼ਿੰਮੇਵਾਰ ਹੈ ਤਾਂ ਉਨ੍ਹਾਂ ਕਿਹਾ ਕਿ ਕੌਮਾਂਤਰੀ ਤਾਕਤਾਂ ਨੇ ਆਪਣੇ ਹਿਤਾਂ ਵਾਸਤੇ ਹਮੇਸ਼ਾ ਪਾਕਿਸਤਾਨ ਨੂੰ ਵਰਤਿਆ ਹੈ। ਖਵਾਜਾ ਆਸਿਫ਼ ਨੇ ਇਹ ਵੀ ਮੰਨਿਆ ਕਿ ਅਤਿਵਾਦੀਆਂ ਦੀ ਹਮਾਇਤ ਕਰਦਿਆਂ ਜਾਂ ਉਨ੍ਹਾਂ ਨੂੰ ਟ੍ਰੇਨਿੰਗ ਦਿੰਦਿਆਂ ਵੱਡੀ ਗਲਤੀ ਕੀਤੀ ਅਤੇ ਇਸ ਦੀ ਸਜ਼ਾ ਭੁਗਤ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇ ਪਾਕਿਸਤਾਨ, ਸੋਵੀਅਤ ਯੂਨੀਅਨ ਵਿਰੁੱਧ ਜੰਗ ਵਿਚ ਸ਼ਾਮਲ ਨਾ ਹੁੰਦਾ ਤਾਂ ਮੁਲਕ ਦਾ ਰਿਕਾਰਡ ਬੇਦਾਗ ਹੁੰਦਾ। ਪਹਿਲਗਾਮ ਮਾਮਲੇ ਬਾਰੇ ਖਵਾਜਾ ਆਸਿਫ਼ ਨੇ ਕਿਹਾ ਕਿ ਦੋਹਾਂ ਮੁਲਕਾਂ ਦਰਮਿਆਨ ਸ਼ੁਰੂ ਹੋਇਆ ਵਿਵਾਦ ਜੰਗ ਦਾ ਰੂਪ ਅਖਤਿਆਰ ਕਰ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਜੋ ਵੀ ਕਰੇਗਾ, ਪਾਕਿਸਤਾਨ ਉਸ ਦਾ ਜਵਾਬ ਦੇਵੇਗਾ। ਜੇ ਚੀਜ਼ਾਂ ਗਲਤ ਹੋਈਆਂ ਤਾਂ ਇਸ ਟਕਰਾਅ ਦਾ ਅਸਰ ਖਤਰਨਾਕ ਹੋ ਸਕਦਾ ਹੈ।

ਪਾਕਿਸਤਾਨ ਦੇ ਰੱਖਿਆ ਮੰਤਰੀ ਦਾ ਵੱਡਾ ਕਬੂਲਨਾਮਾ

ਪਾਕਿਸਤਾਨ ਦੇ ਰੱਖਿਆ ਮੰਤਰੀ ਦਾ ਕਹਿਣਾ ਸੀ ਕਿ ਦੁਨੀਆਂ ਨੂੰ ਚਿੰਤਤ ਹੋਣਾ ਚਾਹੀਦਾ ਹੈ ਕਿਉਂਕਿ ਦੋਹਾਂ ਮੁਲਕਾਂ ਕੋਲ ਪ੍ਰਮਾਣੂ ਹਥਿਆਰ ਮੌਜੂਦ ਹਨ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਦੋਵੇਂ ਮੁਲਕ ਗੱਲਬਾਤ ਰਾਹੀਂ ਮਸਲਾ ਸੁਲਝਾਉਣ ਵਿਚ ਸਫ਼ਲ ਹੋਣਗੇ। ਪਹਿਲਗਾਮ ਵਿਖੇ ਅਤਿਵਾਦੀ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੀ ਜਥੇਬੰਦੀ ‘ਦਾ ਰੈਜ਼ਿਸਟੈਂਸ ਫਰੰਟ’ ਬਾਰੇ ਪੁੱਛੇ ਜਾਣ ’ਤੇ ਖਵਾਜਾ ਆਸਿਫ਼ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਕਦੇ ਵੀ ਇਹ ਨਾਂ ਨਹੀਂ ਸੁਣਿਆ। ਜਦੋਂ ਐਂਕਰ ਨੇ ਚੇਤੇ ਕਰਵਾਇਆ ਗਿਆ ਕਿ ਟੀ.ਆਰ.ਐਫ਼, ਲਸ਼ਕਰ ਏ ਤਇਬਾ ਦਾ ਹੀ ਹਿੱਸਾ ਹੈ ਤਾਂ ਉਨ੍ਹਾਂ ਕਿਹਾ ਕਿ ਲਸ਼ਕਰ ਦੀ ਹੁਣ ਹੋਂਦ ਹੀ ਬਾਕੀ ਨਹੀਂ ਬਚੀ। ਦੂਜੇ ਪਾਸੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਪਹਿਲਗਾਮ ਹਮਲੇ ਦੇ ਅਤਿਵਾਦੀਆਂ ਨੂੰ ਆਜ਼ਾਦੀ ਘੁਲਾਟੀਆ ਕਰਾਰ ਦਿਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਇਹ ਫਰੀਡਮ ਫਾਈਟਰ ਵੀ ਹੋ ਸਕਦੇ ਹਨ। ਹਾਲਾਂਕਿ ਅਸੀਂ ਨਹੀਂ ਜਾਣਦੇ ਕਿ ਉਹ ਕੌਣ ਸਨ।

ਪਹਿਲਗਾਮ ਮਸਲੇ ’ਤੇ ਜੰਗ ਦਾ ਖਦਸ਼ਾ ਕੀਤਾ ਜ਼ਾਹਰ

ਸੰਭਾਵਤ ਤੌਰ ’ਤੇ ਆਪਣੀ ਨਾਕਾਮੀ ਅਤੇ ਘਰੇਲੂ ਸਿਆਸਤ ਲਈ ਪਾਕਿਸਤਾਨ ਵਿਰੁੱਧ ਇਲਜ਼ਾਮ ਲੱਗ ਰਹੇ ਹਨ।’’ ਇਥੇ ਦਸਣਾ ਬਣਦਾ ਹੈ ਕਿ ਇਸਹਾਕ ਡਾਰ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਵੀ ਹਨ। ਉਨ੍ਹਾਂ ਸਵਾਲੀਆ ਲਹਿਜ਼ੇ ਵਿਚ ਕਿਹਾ ਕਿ ਜੇ ਪਹਿਲਗਾਮ ਹਮਲੇ ਵਿਚ ਪਾਕਿਸਤਾਨ ਦੀ ਸ਼ਮੂਲੀਅਤ ਦਾ ਕੋਈ ਸਬੂਤ ਹੈ ਤਾਂ ਇਹ ਦੁਨੀਆਂ ਸਾਹਮਣੇ ਪੇਸ਼ ਕੀਤਾ ਜਾਵੇ। ਡਾਰ ਦਾ ਕਹਿਣਾ ਸੀ ਕਿ ਹਾਲਾਤ ਦੇ ਮੱਦੇਨਜ਼ਰ ਉਨ੍ਹਾਂ ਨੇ ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਦੇ ਦੌਰੇ ਰੱਦ ਕਰ ਦਿਤੇ ਤਾਂਕਿ ਕੂਟਨੀਤਕ ਹੁੰਗਾਰਾ ਤਿਆਰ ਕੀਤਾ ਜਾ ਸਕੇ।

Tags:    

Similar News