ਅਮਰੀਕਾ ’ਚ ਭਾਰਤੀ ਵਿਦਿਆਰਥਣ ਨਾਲ ਦਰਦਨਾਕ ਹਾਦਸਾ

ਅਮਰੀਕਾ ਵਿਚ ਦਰਦਨਾਕ ਹਾਦਸੇ ਦਾ ਸ਼ਿਕਾਰ ਬਣੀ ਨੀਲਮ ਸ਼ਿੰਦੇ ਕੋਮਾ ਵਿਚ ਹੈ ਅਤੇ ਡਾਕਟਰ ਉਸ ਦੇ ਸਿਰ ਦੀ ਸਰਜਰੀ ਕਰਨ ਵਾਸਤੇ ਪਰਵਾਰ ਦੀ ਸਹਿਮਤੀ ਚਾਹੁੰਦੇ ਹਨ;

Update: 2025-02-27 13:30 GMT

ਸੈਕਰਾਮੈਂਟੋ : ਅਮਰੀਕਾ ਵਿਚ ਦਰਦਨਾਕ ਹਾਦਸੇ ਦਾ ਸ਼ਿਕਾਰ ਬਣੀ ਨੀਲਮ ਸ਼ਿੰਦੇ ਕੋਮਾ ਵਿਚ ਹੈ ਅਤੇ ਡਾਕਟਰ ਉਸ ਦੇ ਸਿਰ ਦੀ ਸਰਜਰੀ ਕਰਨ ਵਾਸਤੇ ਪਰਵਾਰ ਦੀ ਸਹਿਮਤੀ ਚਾਹੁੰਦੇ ਹਨ ਪਰ ਭਾਰਤ ਵਿਚ ਮੌਜੂਦ ਉਸ ਦੇ ਪਿਤਾ ਨੂੰ ਵੀਜ਼ਾ ਨਹੀਂ ਮਿਲ ਰਿਹਾ। ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਨਾਲ ਸਬੰਧਤ ਨੀਲਮ ਸ਼ਿੰਦੇ ਨੂੰ 14 ਫਰਵਰੀ ਦੀ ਸ਼ਾਮ ਇਕ ਤੇਜ਼ ਰਫ਼ਤਾਰ ਗੱਡੀ ਨੇ ਟੱਕਰ ਮਾਰ ਦਿਤੀ ਜਦੋਂ ਉਹ ਪੈਦਲ ਕਿਸੇ ਕੰਮ ਜਾ ਰਹੀ ਸੀ। ਹਿੱਟ ਐਂਡ ਰਨ ਦੇ ਇਸ ਮਾਮਲੇ ਵਿਚ ਨੀਲਮ ਦੀਆਂ ਲੱਤਾਂ-ਬਾਹਾਂ ਟੁੱਟ ਗਈਆਂ ਜਦਕਿ ਸਿਰ ਵਿਚ ਵੀ ਗੰਭੀਰ ਸੱਟ ਵੱਜੀ। ਐਮਰਜੰਸੀ ਕਾਮਿਆਂ ਵੱਲੋਂ ਉਸ ਨੂੰ ਬੇਹੱਦ ਨਾਜ਼ੁਕ ਹਾਲਤ ਵਿਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਨੀਲਮ ਦੇ ਪਰਵਾਰ ਨੂੰ ਹਾਦਸੇ ਬਾਰੇ 16 ਫ਼ਰਵਰੀ ਨੂੰ ਪਤਾ ਲੱਗਾ ਅਤੇ ਉਸੇ ਦਿਨ ਤੋਂ ਨੀਲਮ ਦੇ ਪਿਤਾ ਤਾਨਾਜੀ ਸ਼ਿੰਦੇ ਅਮਰੀਕਾ ਜਾਣ ਦੀ ਚਾਰਾਜੋਈ ਕਰ ਰਹੇ ਹਨ।

13 ਦਿਨ ਤੋਂ ਕੋਮਾ ਵਿਚ ਐ ਨੀਲਮ ਸ਼ਿੰਦੇ

35 ਸਾਲ ਦੀ ਨੀਲਮ ਸ਼ਿੰਦੇ ਕੈਲੇਫੋਰਨੀਆ ਦੇ ਸੈਕਰਾਮੈਂਟੋ ਸ਼ਹਿਰ ਵਿਚ ਯੂਨੀਵਰਸਿਟੀ ਆਫ਼ ਕੈਲੇਫੋਰਨੀਆ ਦੇ ਡੇਵਿਸ ਹੈਲਥ ਸੈਂਟਰ ਵਿਚ ਦਾਖਲ ਹੈ ਅਤੇ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਰੋਜ਼ਾਨਾ ਉਸ ਦੇ ਮਾਪਿਆਂ ਨੂੰ ਸਿਹਤ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ। ਇਥੇ ਦਸਣਾ ਬਣਦਾ ਹੈ ਕਿ ਨੀਲਮ ਸ਼ਿੰਦੇ ਸਟੱਡੀ ਵੀਜ਼ਾ ’ਤੇ ਅਮਰੀਕਾ ਪੁੱਜੀ ਅਤੇ ਚਾਰ ਸਾਲ ਦੀ ਸਖ਼ਤ ਮਿਹਨਤ ਮਗਰੋਂ ਆਪਣੇ ਕੋਰਸ ਦੇ ਅੰਤਮ ਵਰ੍ਹੇ ਵਿਚ ਦਾਖਲ ਹੋ ਗਈ। ਕੁਝ ਦਿਨ ਪਹਿਲਾਂ ਹੀ ਨੀਲਮ ਸ਼ਿੰਦੇ ਦੀ ਮਾਤਾ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਅਤੇ ਹੁਣ ਤਾਨਾਜੀ ਸ਼ਿੰਦੇ ਆਪਣੇ ਆਪ ਨੂੰ ਬੇਸਹਾਰਾ ਮਹਿਸੂਸ ਕਰ ਰਹੇ ਹਨ। ਉਧਰ ਸੈਕਰਾਮੈਂਟੋ ਪੁਲਿਸ ਨੇ ਨੀਲਮ ਸ਼ਿੰਦੇ ਨੂੰ ਟੱਕਰ ਮਾਰ ਕੇ ਫਰਾਰ ਹੋਇਆ ਡਰਾਈਵਰ ਗ੍ਰਿਫ਼ਤਾਰ ਕਰ ਲਿਆ ਹੈ ਪਰ ਕਿਸੇ ਨਜ਼ਦੀਕੀ ਪਰਵਾਰਕ ਮੈਂਬਰ ਦੀ ਗੈਰਮੌਜੂਦਗੀ ਵਿਚ ਉਸ ਵਿਰੁੱਧ ਗੰਭੀਰ ਦੋਸ਼ ਆਇਦ ਕਰਨ ਵਿਚ ਦਿੱਕਤ ਆ ਰਹੀ ਹੈ। ਇਸੇ ਦੌਰਾਨ ਮਹਾਰਾਸ਼ਟਰ ਵਿਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਐਮ.ਪੀ. ਸੁਪ੍ਰਿਆ ਸੁਲੇ ਵੱਲੋਂ ਨੀਲਮ ਸ਼ਿੰਦੇ ਦਾ ਮਾਮਲਾ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਕੋਲ ਉਠਾਇਆ ਗਿਆ ਹੈ ਤਾਂਕਿ ਪਰਵਾਰ ਦੇ ਕਿਸੇ ਮੈਂਬਰ ਨੂੰ ਜਲਦ ਤੋਂ ਜਲਦ ਵੀਜ਼ਾ ਮਿਲ ਸਕੇ।

ਵੀਜ਼ੇ ਲਈ ਤਰਲੇ ਕਰ ਰਹੇ ਨੇ ਨੀਲਮ ਦੇ ਪਿਤਾ

ਸੁਪ੍ਰਿਆ ਸੁਲੇ ਨੇ ਕਿਹਾ ਕਿ ਭਾਰਤ ਦਾ ਵਿਦੇਸ਼ ਮੰਤਰਾਲਾ ਅਜਿਹੇ ਮਾਮਲਿਆਂ ਵਿਚ ਅਕਸਰ ਮਦਦ ਲਈ ਅੱਗੇ ਆਉਂਦਾ ਹੈ ਅਤੇ ਉਮੀਦ ਹੈ ਕਿ ਇਸ ਵਾਰ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸੁਪ੍ਰਿਆ ਸੁਲੇ ਵੱਲੋਂ ਮੁੰਬਈ ਸਥਿਤ ਅਮਰੀਕੀ ਕੌਂਸਲੇਟ ਨਾਲ ਵੀ ਸੰਪਰਕ ਕੀਤਾ ਗਿਆ ਹੈ। ਅੰਤਮ ਰਿਪੋਰਟ ਮਿਲਣ ਤੱਕ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਮਾਮਲਾ ਆਪਣੇ ਹੱਥਾਂ ਵਿਚ ਲੈ ਲਿਆ ਗਿਆ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਦੇ ਦਖਲ ਮਗਰੋਂ ਨੀਲਮ ਸ਼ਿੰਦੇ ਦੇ ਪਿਤਾ ਨੂੰ ਜਲਦ ਵੀਜ਼ਾ ਮਿਲ ਜਾਵੇਗਾ।

Tags:    

Similar News