ਅਮਰੀਕਾ ਵਿਚ ਮੁੜ ਵਾ-ਵਰੋਲਿਆਂ ਦਾ ਕਹਿਰ, ਹੁਣ ਤੱਕ 28 ਮੌਤਾਂ
ਅਮਰੀਕਾ ਵਾ-ਵਰੋਲਿਆਂ ਦਾ ਕਹਿਰ ਸੋਮਵਾਰ ਨੂੰ ਵੀ ਜਾਰੀ ਰਿਹਾ ਅਤੇ ਓਕਲਾਹੋਮਾ ਤੇ ਨੇਬਰਾਸਕਾ ਵਿਚ ਚਾਰ ਟੌਰਨੈਡੋਜ਼ ਤਬਾਹੀ ਮਚਾਈ।
ਵਾਸ਼ਿੰਗਟਨ : ਅਮਰੀਕਾ ਵਾ-ਵਰੋਲਿਆਂ ਦਾ ਕਹਿਰ ਸੋਮਵਾਰ ਨੂੰ ਵੀ ਜਾਰੀ ਰਿਹਾ ਅਤੇ ਓਕਲਾਹੋਮਾ ਤੇ ਨੇਬਰਾਸਕਾ ਵਿਚ ਚਾਰ ਟੌਰਨੈਡੋਜ਼ ਤਬਾਹੀ ਮਚਾਈ। ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 28 ਹੋ ਚੁੱਕੀ ਹੈ ਅਤੇ ਦਰਜਨਾਂ ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਓਕਲਾਹੋਮਾ ਦੇ ਮੈਕਅਲਸਟਰ ਸ਼ਹਿਰ ਨੇੜੇ ਆਏ ਟੌਰਨੈਡੋ ਦੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਵੱਡੇ ਵੱਡੇ ਟਰੱਕਾਂ ਦਾ ਵੀ ਕੋਈ ਜ਼ੋਰ ਨਾ ਚੱਲਿਆ ਅਤੇ ਖਤਾਨਾਂ ਵਿਚ ਜਾ ਡਿੱਗੇ। ਬਿਜਲੀ ਦੇ ਖੰਭੇ ਪੁੱਟੇ ਗਏ ਅਤੇ ਅੰਤਮ ਰਿਪੋਰਟ ਮਿਲਣ ਤੱਕ ਓਕਲਾਹੋਮਾ, ਅਰਕੰਸਾ, ਮਜ਼ੂਰੀ ਤੇ ਕੈਨਸਸ ਵਿਖੇ 1 ਲੱਖ 25 ਹਜ਼ਾਰ ਤੋਂ ਵੱਧ ਘਰ ਦੀ ਬਿਜਲੀ ਗੁੱਲ ਸੀ। ਟੈਕਸਸ ਦੇ ਉਤਰੀ ਇਲਾਕਿਆਂ ਵਿਚ ਗੜਿਆਂ ਦਾ ਆਕਾਰ ਸਾਢੇ ਚਾਰ ਇੰਚ ਤੋਂ ਮੋਟਾ ਰਿਹਾ ਅਤੇ ਵੱਡੀ ਗਿਣਤੀ ਵਿਚ ਗੱਡੀਆਂ ਨੁਕਸਾਨੀਆਂ ਗਈਆਂ। ਕੈਂਟਕੀ ਸੂਬੇ ’ਤੇ ਸਭ ਤੋਂ ਵੱਧ ਮਾਰ ਗਈ ਹੈ ਜਿਥੇ ਘੱਟੋ ਘੱਟ 19 ਜਣਿਆਂ ਦੀ ਮੌਤ ਹੋ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਮੌਸਮੀ ਗੜਬੜੀ ਜਾਰੀ ਰਹਿਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ। ਇਕ ਪਾਸੇ ਜਿਥੇ ਲੋਕ ਉਜਾੜੇ ਦਾ ਸ਼ਿਕਾਰ ਹੋ ਗਏ ਤਾਂ ਦੂਜੇ ਪਾਸੇ ਚੋਰ ਲੁਟੇਰਿਆਂ ਨੇ ਮੌਕੇ ਦਾ ਫਾਇਦਾ ਉਠਾਉਣਾ ਸ਼ੁਰੂ ਕਰ ਦਿਤਾ। ਕਈ ਸਟੋਰਾਂ ਵਿਚੋਂ ਮਹਿੰਗੀਆਂ ਚੀਜ਼ਾਂ ਚੋਰੀ ਹੋਣ ਦੀ ਰਿਪੋਰਟ ਹੈ।
ਟੈਕਸਸ ਵਿਚ ਮੋਟੇ ਮੋਟੇ ਗੜਿਆਂ ਨੇ ਕੀਤਾ ਭਾਰੀ ਨੁਕਸਾਨ
ਪੁਲਿਸ ਮਹਿਕਮਿਆਂ ਵੱਲੋਂ ਪ੍ਰਭਾਵਤ ਇਲਾਕਿਆਂ ਵਿਚ ਗਸ਼ਤ ਵਧਾਈ ਗਈ ਹੈ ਅਤੇ ਲੋਕਾਂ ਨੂੰ ਸੁਚੇਤ ਰਹਿਣ ਦਾ ਸੱਦਾ ਦਿਤਾ ਜਾ ਰਿਹਾ ਹੈ। ਕੈਂਟਕੀ ਦੇ ਲੰਡਨ ਸ਼ਹਿਰ ਦੇ ਮੇਅਰ ਰੈਂਡਲ ਵੈਡਲ ਨੇ ਕਿਹਾ ਕਿ ਇਸ ਵੇਲੇ ਮੁੱਖ ਤਰਜੀਹ ਮਲਬੇ ਨੂੰ ਹਟਾਉਣ ਅਤੇ ਲੋਕਾਂ ਦੀ ਹਰ ਸੰਭਵ ਮਦਦ ਕਰਨ ਦੀ ਹੈ। ਟੌਰਨੈਡੋ ਤੋਂ ਵਾਲ-ਵਾਲੇ ਬਚੇ ਲੋਕਾਂ ਨੇ ਦੱਸਿਆ ਕਿ ਹਵਾਵਾਂ ਦੀ ਰਫ਼ਤਾਰ ਐਨੀ ਜ਼ਿਆਦਾ ਸੀ ਕਿ ਸਭ ਕੁਝ ਉਡਾ ਕੇ ਲੈ ਗਈਆਂ। ਦੋ ਦਿਨ ਪਹਿਲਾਂ ਜਿਥੇ ਘਰ ਨਜ਼ਰ ਆ ਰਹੇ ਸਨ, ਉਥੇ ਹੁਣ ਮਲਬੇ ਦੇ ਨਾਂ ’ਤੇ ਕੁਝ ਇੱਟਾਂ ਰੋੜੇ ਹੀ ਬਚੇ ਹਨ। ਦੂਜੇ ਪਾਸੇ ਕੈਲੇਫੋਰਨੀਆ ਵਿਚ ਸੋਮਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਬੇਕਰਜ਼ਫੀਲਡ ਤੋਂ 21 ਮੀਲ ਦੱਖਣ ਵੱਲ 2.5 ਤੀਬਰਤਾ ਤੋਂ 3.8 ਤੀਬਰਤਾ ਵਾਲਾ ਭੂਚਾਲ ਆਇਆ। ਅਮਰੀਕਾ ਦੇ ਜੀਓਲੌਜੀਕਲ ਸਰਵੇਅ ਮੁਤਾਬਕ ਇਸ ਇਲਾਕੇ ਵਿਚ 100 ਸਾਲ ਦੌਰਾਨ ਸਿਰਫ਼ ਵਾਰ ਭੂਚਾਲ ਆਉਂਦਾ ਹੈ ਅਤੇ ਆਖਰੀ ਵਾਰ 1857 ਵਿਚ 7.9 ਤੀਬਰਾ ਵਾਲੇ ਭੂਚਾਲ ਨੇ ਮਾਰ ਕੀਤੀ ਸੀ।