ਪਾਕਿਸਤਾਨ ਵਿਚ ਮੁਰਗੇ ਤੋਂ ਮਹਿੰਗੇ ਹੋਏ ਟਮਾਟਰ
ਪਾਕਿਸਤਾਨ ਵਿਚ ਟਮਾਟਰ ਦਾ ਭਾਅ 600 ਰੁਪਏ ਕਿਲੋ ਤੋਂ ਟੱਪ ਗਿਆ ਹੈ ਅਤੇ ਇਹ ਆਮ ਨਾਲੋਂ 4 ਗੁਣਾ ਵੱਧ ਦੱਸਿਆ ਜਾ ਰਿਹਾ ਹੈ
ਲਾਹੌਰ : ਪਾਕਿਸਤਾਨ ਵਿਚ ਟਮਾਟਰ ਦਾ ਭਾਅ 600 ਰੁਪਏ ਕਿਲੋ ਤੋਂ ਟੱਪ ਗਿਆ ਹੈ ਅਤੇ ਇਹ ਆਮ ਨਾਲੋਂ 4 ਗੁਣਾ ਵੱਧ ਦੱਸਿਆ ਜਾ ਰਿਹਾ ਹੈ। ਸਿਰਫ਼ ਟਮਾਟਰ ਹੀ ਨਹੀਂ ਹੋਰਨਾਂ ਸਬਜ਼ੀਆਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੋ ਰਿਹਾ ਹੈ ਅਤੇ ਲੋਕ ਮਹਿੰਗਾਈ ਦੇ ਬੋਠ ਹੇਠ ਦਬਦੇ ਜਾ ਰਹੇ ਹਨ। ਦੱਸ ਦੇਈਏ ਕਿ ਅਫਗਾਨਿਸਤਾਨ ਨਾਲ 11 ਅਕਤੂਬਰ ਤੋਂ ਚੱਲ ਰਹੇ ਤਣਾਅ ਕਰ ਕੇ ਕੌਮਾਂਤਰੀ ਸਰਹੱਦ ’ਤੇ ਆਵਾਜਾਈ ਬੰਦ ਹੈ ਅਤੇ ਸਬਜ਼ੀਆਂ ਦੀ ਸਪਲਾਈ ਰੁਕਣ ਕਰ ਕੇ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਕੌਮਾਂਤਰੀ ਲਾਂਘਾ ਬੰਦ ਹੋਣ ਕਰ ਕੇ ਟਮਾਟਰ, ਸੇਬ ਅਤੇ ਅੰਗੂਰਾਂ ਨਾਲ ਲੱਦੇ 5 ਹਜ਼ਾਰ ਤੋਂ ਵੱਧ ਕੰਟੇਨਰ ਫਸੇ ਹੋਏ ਹਨ।
600 ਰੁਪਏ ਪ੍ਰਤੀ ਕਿਲੋ ਤੋਂ ਟੱਪੀ ਕੀਮਤ
ਦੂਜੇ ਪਾਸੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ, ਬਲੋਚਿਸਤਾਨ ਅਤੇ ਸਿੰਧ ਰਾਜਾਂ ਵਿਚ ਭਾਰੀ ਮੀਂਹ ਅਤੇ ਹੜ੍ਹਾਂ ਕਰ ਕੇ ਵੀ ਫ਼ਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ। ਲਾਹੌਰ ਦੇ ਬਾਦਾਮੀ ਬਾਗ ਬਾਜ਼ਾਰ ਵਿਚ ਰੋਜ਼ਾਨਾ 30 ਟਰੱਕਾਂ ਦੀ ਬਜਾਏ 15 ਤੋਂ 20 ਟਰੱਕ ਹੀ ਪੁੱਜ ਰਹੇ ਹਨ ਜਿਸ ਕਰ ਕੇ ਮੰਗ ਅਤੇ ਸਪਲਾਈ ਦਾ ਖੱਪਾ ਵਧ ਗਿਆ ਹੈ ਅਤੇ ਕੀਮਤਾਂ ਅਸਮਾਨ ਛੋਹ ਰਹੀਆਂ ਹਨ। ਟਮਾਟਰਾਂ ਦੀ ਕਿੱਲਤ ਦਾ ਮਸਲਾ 2011 ਵਿਚ ਵੀ ਪੈਦਾ ਹੋਇਆ ਸੀ ਅਤੇ ਉਸ ਵੇਲੇ ਭਾਰਤੀ ਵਪਾਰੀਆਂ ਨੇ ਅਟਾਰੀ-ਵਾਘਾ ਸਰਹੱਦ ਰਾਹੀਂ ਮੂੰਹ ਮੰਗੀਆਂ ਕੀਮਤਾਂ ’ਤੇ ਟਮਾਟਰ ਭੇਜੇ। ਦਿੱਲੀ ਅਤੇ ਨਾਸਿਕ ਤੋਂ ਰੋਜ਼ਾਨਾ ਟਮਾਟਰਾਂ ਨਾਲ ਲੱਦੇ ਟਰੱਕ ਪਾਕਿਸਤਾਨ ਜਾਂਦੇ ਸਨ ਪਰ ਇਸ ਵੇਲੇ ਜ਼ਮੀਨੀ ਸਰਹੱਦ ਰਾਹੀਂ ਵਪਾਰ ਠੱਪ ਹੈ।
ਹੋਰਨਾਂ ਸਬਜ਼ੀਆਂ ਦੀਆਂ ਕੀਮਤਾਂ ਵਿਚ ਵੀ ਵਾਧਾ
ਹੋਰਨਾਂ ਸਬਜ਼ੀਆਂ ਦੀਆਂ ਕੀਮਤਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਅਦਰਕ 700 ਰੁਪਏ ਕਿਲੋ ਵਿਕ ਰਿਹਾ ਹੈ ਜਦਕਿ ਸ਼ਿਮਲਾ ਮਿਰਚਾ ਦਾ ਭਾਅ 300 ਰੁਪਏ ਪ੍ਰਤੀ ਕਿਲੋ ਚੱਲ ਰਿਹਾ ਹੈ। ਇਸੇ ਤਰ੍ਹਾਂ ਲਸ੍ਹਣ 400 ਰੁਪਏ ਅਤੇ ਭਿੰਡੀ 300 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ। ਚੇਤੇ ਰਹੇ ਕਿ ਜੁਲਾਈ 2023 ਦੌਰਾਨ ਪਾਕਿਸਤਾਨ ਵਿਚ ਆਟੇ ਦਾ ਭਾਅ 320 ਰੁਪਏ ਪ੍ਰਤੀ ਕਿਲੋ ਤੱਕ ਪੁੱਜ ਗਿਆ ਸੀ। ਕਰਾਚੀ ਵਿਚ ਆਏ ਦੀ ਥੈਲੀ 3,200 ਰੁਪਏ ਵਿਚ ਵਿਕੀ ਅਤੇ ਪਿਛਲੇ ਕਈ ਦਹਾਕਿਆਂ ਦੇ ਇਤਿਹਾਸ ਵਿਚ ਪਹਿਲੀ ਵਾਰ ਆਟਾ ਐਨਾ ਮਹਿੰਗਾ ਹੋਇਆ। ਉਸ ਵੇਲੇ ਪਾਕਿਸਤਾਨ ਵਿਚ ਵਿਕ ਰਹੇ ਆਟੇ ਨੂੰ ਦੁਨੀਆਂ ਦਾ ਸਭ ਤੋਂ ਮਹਿੰਗਾ ਆਟਾ ਦੱਸਿਆ ਗਿਆ।