ਅਮਰੀਕਾ ਛੱਡਣ ਵਾਲਿਆਂ ਨੂੰ ਹੁਣ ਮਿਲਣਗੇ 3000 ਡਾਲਰ

ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰ-ਕਰ ਹੰਭੀ ਟਰੰਪ ਸਰਕਾਰ ਨੇ ਬੋਲੀ ਵਧਾ ਦਿਤੀ ਹੈ ਅਤੇ ਹੁਣ ਸੈਲਫ਼ ਡਿਪੋਰਟ ਹੋਣ ਵਾਲਿਆਂ ਨੂੰ 3 ਹਜ਼ਾਰ ਡਾਲਰ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ

Update: 2025-12-23 14:03 GMT

ਵਾਸ਼ਿੰਗਟਨ : ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰ-ਕਰ ਹੰਭੀ ਟਰੰਪ ਸਰਕਾਰ ਨੇ ਬੋਲੀ ਵਧਾ ਦਿਤੀ ਹੈ ਅਤੇ ਹੁਣ ਸੈਲਫ਼ ਡਿਪੋਰਟ ਹੋਣ ਵਾਲਿਆਂ ਨੂੰ 3 ਹਜ਼ਾਰ ਡਾਲਰ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਜੀ ਹਾਂ, ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਨੇ ਕਿਹਾ ਹੈ ਕਿ 31 ਦਸੰਬਰ ਤੱਕ ਮੁਲਕ ਛੱਡਣ ਵਾਲਿਆਂ ਨੂੰ ਆਪਣੀ ਮੰਜ਼ਿਲ ਤੱਕ ਪੁੱਜਣ ਲਈ ਹਵਾਈ ਕਿਰਾਇਆ ਵੀ ਦਿਤਾ ਜਾ ਰਿਹਾ ਹੈ ਅਤੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਮੌਜੂਦਗੀ ਦੇ ਦੋਸ਼ ਹੇਠ ਲੱਗਣ ਵਾਲੇ ਸਾਰੇ ਜੁਰਮਾਨੇ ਮੁਆਫ਼ ਕਰ ਦਿਤੇ ਜਾਣਗੇ। ਡੀ.ਐਚ.ਐਸ. ਵੱਲੋਂ ਪ੍ਰਵਾਸੀਆਂ ਨੂੰ ਨਵੇਂ ਰੂਪ ਵਿਚ ਲਿਆਂਦੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਐਪ ਦੀ ਵਰਤੋਂ ਕਰਨ ਦਾ ਸੁਝਾਅ ਦਿਤਾ ਗਿਆ ਹੈ। ਇਸ ਤੋਂ ਪਹਿਲਾਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਸੈਲਫ਼ ਡਿਪੋਰਟੇਸ਼ਨ ਵਾਸਤੇ ਇਕ ਹਜ਼ਾਰ ਡਾਲਰ ਅਤੇ ਹਵਾਈ ਕਿਰਾਏ ਦੀ ਸਹੂਲਤ ਦਿਤੀ ਜਾ ਰਹੀ ਸੀ।

ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰ-ਕਰ ਹੰਭੀ ਟਰੰਪ ਸਰਕਾਰ

ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੌਇਮ ਨੇ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਜਿਹੜੇ ਗੈਰਕਾਨੂੰਨੀ ਪ੍ਰਵਾਸੀ 3 ਹਜ਼ਾਰ ਡਾਲਰ ਦਾ ਲਾਭ ਨਹੀਂ ਉਠਾਉਂਦੇ, ਉਨ੍ਹਾਂ ਨੂੰ ਕਾਬੂ ਕਰ ਕੇ ਡਿਟੈਨਸ਼ਨ ਸੈਂਟਰ ਵਿਚ ਸੁੱਟਿਆ ਜਾਵੇਗਾ ਅਤੇ ਫ਼ਿਰ ਹੋਰਨਾਂ ਪ੍ਰਵਾਸੀਆਂ ਨਾਲ ਡਿਪੋਰਟ ਕੀਤੇ ਜਾਣਗੇ। ਅਜਿਹੇ ਹਾਲਾਤ ਵਿਚ ਉਹ ਕਦੇ ਵੀ ਅਮਰੀਕਾ ਨਹੀਂ ਪਰਤ ਸਕਣਗੇ। ਇਥੇ ਦਸਣਾ ਬਣਦਾ ਹੈ ਕਿ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਐਪ ਮੁਢਲੇ ਤੌਰ ’ਤੇ ਬਾਇਡਨ ਸਰਕਾਰ ਵੇਲੇ ਤਿਆਰ ਕੀਤੀ ਗਈ ਜਿਸ ਰਾਹੀਂ ਅਸਾਇਲਮ ਮੰਗਣ ਵਾਲਿਆਂ ਨੂੰ ਅਪੁਆਇੰਟਮੈਂਟ ਦਿਤੀ ਜਾਂਦੀ ਸੀ ਪਰ ਡੌਨਲਡ ਟਰੰਪ ਦੇ ਸੱਤਾ ਵਿਚ ਆਉਣ ਮਗਰੋਂ ਐਪ ਨੂੰ ਡਿਪੋਰਟੇਸ਼ਨ ਵਾਸਤੇ ਵਰਤਿਆ ਜਾਣ ਲੱਗਾ। ਸੈਲਫ਼ ਡਿਪੋਰਟ ਹੋਣ ਵਾਲਿਆਂ ਨੂੰ ਤਿੰਨ ਹਜ਼ਾਰ ਡਾਲਰ ਦੀ ਰਕਮ ਦਿਤੇ ਜਾਣ ਦੀ ਮੁਹਿੰਮ ਨੂੰ ਹੌਲੀਡੇਅ ਸੀਜ਼ਨ ਨਾਲ ਜੋੜਿਆ ਜਾ ਰਿਹਾ ਹੈ ਪਰ ਇੰਮੀਗ੍ਰੇਸ਼ਨ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਫੜ ਕੇ ਡਿਪੋਰਟ ਕਰਨਾ ਬੇਹੱਦ ਖਰਚੀਲੀ ਅਤੇ ਗੁੰਝਲਦਾਰ ਪ੍ਰਕਿਰਿਆ ਹੈ ਜਿਸ ਦੇ ਮੱਦੇਨਜ਼ਰ ਟਰੰਪ ਸਰਕਾਰ ਨੇ ਪੂਰਾ ਜ਼ੋਰ ਲਾਉਣ ਮਗਰੋਂ ਇਕ ਹਜ਼ਾਰ ਡਾਲਰ ਦੀ ਰਕਮ ਵਧਾ ਕੇ ਤਿੰਨ ਹਜ਼ਾਰ ਡਾਲਰ ਕਰ ਦਿਤੀ।

ਇਕ ਪ੍ਰਵਾਸੀ ਨੂੰ ਡਿਪੋਰਟ ਕਰਨ ’ਤੇ ਖਰਚ ਹੋ ਰਹੇ 17000 ਡਾਲਰ

ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵਿਭਾਗ ਵੱਲੋਂ ਇਕ ਪ੍ਰਵਾਸੀ ਨੂੰ ਗ੍ਰਿਫ਼ਤਾਰ ਕਰਨ ਤੋਂ ਲੈ ਕੇ ਡਿਟੈਨਸ਼ਨ ਸੈਂਟਰ ਵਿਚ ਰੱਖਣ ਅਤੇ ਫ਼ਿਰ ਡਿਪੋਰਟ ਕਰਨ ਦੀ ਪ੍ਰਕਿਰਿਆ ’ਤੇ ਅੰਦਾਜ਼ਨ 17 ਹਜ਼ਾਰ ਡਾਲਰ ਖ਼ਰਚ ਹੋ ਰਹੇ ਹਨ। ਡੀ.ਐਚ.ਐਸ. ਦੇ ਅੰਕੜਿਆਂ ਮੁਤਾਬਕ ਜਨਵਰੀ ਤੋਂ ਹੁਣ ਤੱਕ 19 ਲੱਖ ਗੈਰਕਾਨੂੰਨੀ ਪ੍ਰਵਾਸੀ ਸੈਲਫ਼ ਡਿਪੋਰਟ ਹੋ ਚੁੱਕੇ ਹਨ ਜਿਨ੍ਹਾਂ ਵਿਚੋਂ ਵੱਡੀ ਗਿਣਤੀ ਨੇ ਸੀ.ਬੀ.ਪੀ. ਹੋਮ ਪ੍ਰੋਗਰਾਮ ਐਪ ਦੀ ਵਰਤੋਂ ਕੀਤੀ। ਇਨ੍ਹਾਂ ਅੰਕੜਿਆਂ ਦੀ ਤਸਦੀਕ ਨਹੀਂ ਕੀਤੀ ਜਾ ਸਕੀ ਪਰ ਸੀ.ਬੀ.ਐਸ. ਨਿਊਜ਼ ਵੱਲੋਂ ਟਰੰਪ ਸਰਕਾਰ ਦੇ ਅੰਦਰੂਨੀ ਦਸਤਾਵੇਜ਼ਾਂ ਦੇ ਹਵਾਲੇ ਪ੍ਰਕਾਸ਼ਤ ਰਿਪੋਰਟ ਮੁਤਾਬਕ ਡੌਨਲਡ ਟਰੰਪ ਦੇ ਸੱਤਾ ਵਿਚ ਆਉਣ ਦੇ ਪਹਿਲੇ ਛੇ ਮਹੀਨੇ ਦੌਰਾਨ 1 ਲੱਖ 50 ਹਜ਼ਾਰ ਪ੍ਰਵਾਸੀ ਫੜ ਫੜ ਕੇ ਡਿਪੋਰਟ ਕੀਤੇ ਗਏ ਜਦਕਿ 13 ਹਜ਼ਾਰ ਸੈਲਫ਼ ਡਿਪੋਰਟ ਹੋਏ। ਦੂਜੇ ਪਾਸੇ ਪਿਛਲੇ ਦਿਨੀਂ ਸਾਹਮਣੇ ਆਈ ਇਕ ਮੀਡੀਆ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਕਿ ਸੈਲਫ਼ ਡਿਪੋਰਟ ਹੋਣ ਵਾਲਿਆਂ ਨੂੰ ਵਾਅਦੇ ਮੁਤਾਬਕ ਇਕ ਹਜ਼ਾਰ ਡਾਲਰ ਨਹੀਂ ਮਿਲੇ।

Tags:    

Similar News