US : Harjinder Singh ਦੇ ਮੁਕੱਦਮੇ ’ਚ ਤੀਜੇ ਵਕੀਲ ਦੀ ਐਂਟਰੀ
ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੀ ਪੈਰਵੀ ਕਰ ਰਹੇ ਵਕੀਲਾਂ ਨੂੰ ਮੁਕੱਦਮੇ ਦੀ ਤਿਆਰੀ ਵਾਸਤੇ ਅਦਾਲਤ ਨੇ ਵਧੇਰੇ ਸਮਾਂ ਦੇ ਦਿਤਾ ਹੈ
ਫ਼ਲੋਰੀਡਾ : ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੀ ਪੈਰਵੀ ਕਰ ਰਹੇ ਵਕੀਲਾਂ ਨੂੰ ਮੁਕੱਦਮੇ ਦੀ ਤਿਆਰੀ ਵਾਸਤੇ ਅਦਾਲਤ ਨੇ ਵਧੇਰੇ ਸਮਾਂ ਦੇ ਦਿਤਾ ਹੈ। ਏ.ਬੀ.ਸੀ. 25 ਦੀ ਰਿਪੋਰਟ ਮੁਤਾਬਕ ਅਮਰੀਕਾ ਦੇ ਚਰਚਿਤ ਯੂ-ਟਰਨ ਹਾਦਸੇ ਨਾਲ ਸਬੰਧਤ ਮੁਕੱਦਮੇ ਦੀ ਸੁਣਵਾਈ ਸੇਂਟ ਲੂਸੀ ਕਾਊਂਟੀ ਦੀ ਅਦਾਲਤ ਵਿਚ ਹੋਈ ਪਰ ਇਸ ਦੌਰਾਨ ਹਰਜਿੰਦਰ ਸਿੰਘ ਨੂੰ ਪੇਸ਼ ਨਾ ਕੀਤਾ ਗਿਆ ਅਤੇ ਬਚਾਅ ਪੱਖ ਦੇ ਵਕੀਲਾਂ ਨੇ ਤੀਜੀ ਧਿਰ ਵਜੋਂ ਇਕ ਹੋਰ ਵਕੀਲ ਦੀ ਸ਼ਮੂਲੀਅਤ ਦਾ ਜ਼ਿਕਰ ਕੀਤਾ। ਅਦਾਲਤ ਵਿਚ ਪੇਸ਼ ਦਸਤਾਵੇਜ਼ਾਂ ਮੁਤਾਬਕ ਥਰਡ ਪਾਰਟੀ ਅਟਾਰਨੀ ਦੀ ਸ਼ਮੂਲੀਅਤ ਹਰਜਿੰਦਰ ਸਿੰਘ ਦੇ ਪਰਵਾਰ ਦੀ ਇੱਛਾ ਮੁਤਾਬਕ ਕੀਤੀ ਜਾ ਰਹੀ ਹੈ। ਸਰਕਾਰੀ ਵਕੀਲਾਂ ਨੇ ਫ਼ਿਲਹਾਲ ਥਰਡ ਪਾਰਟੀ ਅਟਾਰਨੀ ਦਾ ਕੋਈ ਵਿਰੋਧ ਨਹੀਂ ਕੀਤਾ ਅਤੇ ਮੰਨਿਆ ਜਾ ਰਿਹਾ ਹੈ ਕਿ ਅਗਲੀ ਸੁਣਵਾਈ ਦੌਰਾਨ ਸਿੱਖ ਜਥੇਬੰਦੀ ਨਾਲ ਸਬੰਧਤ ਵਕੀਲ ਹਰਜਿੰਦਰ ਸਿੰਘ ਦਾ ਪੱਖ ਪੇਸ਼ ਕਰ ਸਕਦਾ ਹੈ।
ਅਦਾਲਤ ਨੇ ਤਿਆਰੀ ਵਾਸਤੇ ਵਾਧੂ ਸਮਾਂ ਵੀ ਦਿਤਾ
ਥਰਡ ਪਾਰਟੀ ਅਟਾਰਨੀ ਵੱਲੋਂ ਹਰਜਿੰਦਰ ਸਿੰਘ ਨੂੰ ਡਿਪੋਰਟ ਨਾ ਕੀਤੇ ਜਾਣ ਦੀ ਅਪੀਲ ਕੀਤੀ ਜਾ ਸਕਦੀ ਹੈ। ਸੇਂਟ ਲੂਸੀ ਕਾਊਂਟੀ ਦੇ ਜੱਜ ਵੱਲੋਂ 21 ਮਈ ਤੱਕ ਦਾ ਸਮਾਂ ਦਿਤਾ ਗਿਆ ਹੈ ਅਤੇ ਇਸ ਤੋਂ ਪਹਿਲਾਂ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋ ਸਕਦੀ ਹੈ। ਇਕ ਪਾਸੇ ਹਰਜਿੰਦਰ ਸਿੰਘ, ਜਸ਼ਨਪ੍ਰੀਤ ਸਿੰਘ ਅਤੇ ਹੋਰਨਾਂ ਕਈ ਪੰਜਾਬੀ ਡਰਾਈਵਰਾਂ ਵਿਰੁੱਧ ਜਾਨਲੇਵਾ ਹਾਦਸਿਆਂ ਦੇ ਮੁਕੱਦਮੇ ਚੱਲ ਰਹੇ ਹਨ ਅਤੇ ਦੂਜੇ ਪਾਸੇ ਟਰੰਪ ਸਰਕਾਰ ਜਾਨਲੇਵਾ ਟਰੱਕ ਹਾਦਸਿਆਂ ਲਈ ਜ਼ਿੰਮੇਵਾਰ ਗੈਰਕਾਨੂੰਨੀ ਪ੍ਰਵਾਸੀਆਂ ਸਜ਼ਾ ਏ ਮੌਤ ਦਾ ਕਾਨੂੰਨ ਲਿਆ ਰਹੀ ਹੈ।
ਸਜ਼ਾ ਏ ਮੌਤ ਨੂੰ ਲੈ ਕੇ ਕਾਨੂੰਨੀ ਮਾਹਰਾਂ ਵਿਚ ਬਹਿਸ ਤੇਜ਼
ਕਾਨੂੰਨ ਮਾਹਰਾਂ ਵਿਚ ਬਹਿਸ ਛਿੜ ਚੁੱਕੀ ਹੈ ਕਿ ਹਰਜਿੰਦਰ ਸਿੰਘ ਦੇ ਮੁਕੱਦਮੇ ਦਾ ਫ਼ੈਸਲਾ ਆਉਣ ਤੋਂ ਪਹਿਲਾਂ ਕਾਨੂੰਨ ਪਾਸ ਹੋ ਜਾਂਦਾ ਹੈ ਤਾਂ ਕੀ ਡਲਾਈਲਾਹ ਐਕਟ ਅਧੀਨ ਹਰਜਿੰਦਰ ਸਿੰਘ ਜਾਂ ਕਿਸੇ ਹੋਰ ਡਰਾਈਵਰ ਨੂੰ ਸਜ਼ਾ ਏ ਮੌਤ ਸੁਣਾਈ ਜਾ ਸਕਦੀ ਹੈ। ਦੱਸ ਦੇਈਏ ਕਿ ਡਲਾਈਲਾਹ ਕੋਲਮੈਨ ਪੰਜ ਸਾਲ ਦੀ ਇਕ ਛੋਟੀ ਬੱਚੀ ਹੈ ਜੋ ਪ੍ਰਤਾਪ ਸਿੰਘ ਦੇ ਟਰੱਕ ਦੀ ਟੱਕਰ ਵੱਜਣ ਮਗਰੋਂ ਅਪਾਹਜਾਂ ਵਰਗੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੈ। ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਸਖ਼ਤ ਕਾਨੂੰਨ ਲਿਆਉਣ ਦਾ ਸੱਦਾ ਦਿਤਾ ਗਿਆ ਅਤੇ ਸੈਨੇਟ ਵਿਚ ਇਸ ਦਾ ਚਾਰਾਜੋਈ ਆਰੰਭ ਹੋ ਚੁੱਕੀ ਹੈ।