ਅਮਰੀਕਾ ਦੇ ਮੰਦਰ ਵਿਚ ਚੋਰਾਂ ਨੇ ਲਾ ਦਿਤੀ ਸੰਨ੍ਹ
ਅਮਰੀਕਾ ਵਿਚ ਚੋਰਾਂ ਨੇ ਹਿੰਦੂ ਮੰਦਰ ਵਿਚ ਸੰਨ੍ਹ ਲਾ ਦਿਤੀ ਅਤੇ 34 ਹਜ਼ਾਰ ਡਾਲਰ ਮੁੱਲ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਏ
ਕੈਲੇਫੋਰਨੀਆ : ਅਮਰੀਕਾ ਵਿਚ ਚੋਰਾਂ ਨੇ ਹਿੰਦੂ ਮੰਦਰ ਵਿਚ ਸੰਨ੍ਹ ਲਾ ਦਿਤੀ ਅਤੇ 34 ਹਜ਼ਾਰ ਡਾਲਰ ਮੁੱਲ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਏ। ਵਾਰਦਾਤ ਕੈਲੇਫੋਰਨੀਆ ਦੇ ਡਬਲਿਨ ਸ਼ਹਿਰ ਵਿਖੇ ਹਨੂਮਾਨ ਮੰਦਰ ਵਿਚ ਵਾਪਰੀ। ਮੰਦਰ ਦੇ ਖਜ਼ਾਨਚੀ ਅਤੇ ਬੁਲਾਰੇ ਮੋਹਿਮ ਪਰਮਾਰ ਨੇ ਦੱਸਿਆ ਕਿ ਚੋਰ ਮੁੱਖ ਦਰਵਾਜ਼ੇ ਤੋੜ ਕੇ ਅੰਦਰ ਦਾਖਲ ਹੋਏ। ਇਹ ਪਹਿਲੀ ਵਾਰ ਨਹੀਂ ਜਦੋਂ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ, ਪਿਛਲੇ ਸਾਲ ਜਨਵਰੀ ਵਿਚ ਵੀ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿਤਾ ਜਿਸ ਮਗਰੋਂ ਸਰਵੇਲੈਂਸ ਕੈਮਰੇ ਲਾਏ ਗਏ। ਮੰਦਰ ਦੇ ਪ੍ਰਬੰਧਕਾਂ ਵੱਲੋਂ ਹੁਣ ਮੈਟਲ ਡੋਰ ਲਗਵਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ।
34 ਹਜ਼ਾਰ ਡਾਲਰ ਦੇ ਗਹਿਣੇ ਅਤੇ ਨਕਦੀ ਲੈ ਗਏ
ਭਾਈਚਾਰੇ ਨਾਲ ਸਬੰਧਤ ਰਾਜੀ ਸੁਕੁਮਾਰ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਵਿਚ ਇਕ ਨਕਾਬਪੋਸ਼ ਚੋਰ ਦਾਖਲ ਹੁੰਦਾ ਨਜ਼ਰ ਆਉਂਦਾ ਹੈ। ਸੰਭਾਵਤ ਤੌਰ ’ਤੇ ਉਹ ਔਰਤ ਸੀ ਜਿਸ ਨੇ ਫਲੈਸ਼ਲਾਈਟ ਦੀ ਮਦਦ ਨਾਲ ਕੀਮਤੀ ਚੀਜ਼ਾਂ ਇਕੱਠੀਆਂ ਕੀਤੀਆਂ। ਚੋਰ ਨੇ ਸਭ ਤੋਂ ਪਹਿਲਾਂ ਦਾਨ ਪਾਤਰਾਂ ਨੂੰ ਹੱਥ ਪਾਇਆ ਜਿਨ੍ਹਾਂ ਵਿਚ ਡਾਲਰ ਮੌਜੂਦ ਸਨ। ਇਸ ਮਗਰੋਂ ਚੋਰ ਨੇ ਭਗਵਾਨ ਦੀਆਂ ਮੂਰਤੀਆਂ ਤੋਂ ਸਾਰੇ ਗਹਿਣੇ ਲਾਹ ਲਏ ਅਤੇ ਮੰਦਰ ਦੇ ਮੌਜੂਦ ਆਪਣੇ ਸਾਥੀ ਨਾਲ ਫਰਾਰ ਹੋ ਗਿਆ। ਰੋਹਿਤ ਪਰਮਾਰ ਨੇ ਸੋਨੇ ਅਤੇ ਚਾਂਦੀ ਵਾਲੇ ਗਹਿਣਿਆਂ ਦੀਆਂ ਤਸਵੀਰਾਂ ਦਿਖਾਈਆਂ ਜੋ ਚੋਰ ਲੈ ਗਿਆ। ਇਥੇ ਦਸਣਾ ਬਣਦਾ ਹੈ ਕਿ ਮੰਦਰ ਵਿਖੇ ਹਾਲ ਹੀ ਵਿਚ ਲਗਾਤਾਰ ਇਕ ਹਫ਼ਤਾ ਸਮਾਗਮ ਜਾਰੀ ਰਿਹਾ ਜਿਸ ਦੇ ਮੱਦੇਨਜ਼ਰ ਕਾਫੀ ਦਾਨ ਇਕੱਤਰ ਹੋ ਚੁੱਕਾ ਸੀ। ਰੋਹਿਤ ਪਰਮਾਰ ਨੇ ਸ਼ੱਕ ਜ਼ਾਹਰ ਕੀਤਾ ਕਿ ਚੋਰ ਮੰਦਰ ਬਾਰੇ ਸਭ ਕੁਝ ਜਾਣਦੇ ਸਨ ਅਤੇ ਵਾਰਦਾਤ ਮੁਕੰਮਲ ਕਰਨ ਵਿਚ ਸਿਰਫ਼ ਤਿੰਨ ਮਿੰਟ ਦਾ ਸਮਾਂ ਲਾਇਆ।
ਕੈਲੇਫੋਰਨੀਆ ਦੇ ਡਬਲਿਨ ਸ਼ਹਿਰ ਵਿਚ ਵਾਪਰੀ ਵਾਰਦਾਤ
ਚੋਰਾਂ ਨੂੰ ਲਾਹਣਤਾਂ ਪਾਉਂਦਿਆਂ ਰੋਹਿਤ ਪਰਮਾਰ ਅਤੇ ਮੰਦਰ ਦੇ ਹੋਰਨਾਂ ਪ੍ਰਬੰਧਕਾਂ ਨੇ ਕਿਹਾ ਕਿ ਧਾਰਮਿਕ ਥਾਵਾਂ ਵਿਚ ਅਜਿਹੀਆਂ ਘਟਨਾਵਾਂ ਦਿਲ ਨੂੰ ਡੂੰਘੀ ਸੱਟ ਮਾਰਦੀਆਂ ਹਨ। ਇਹ ਪੂਜਾ ਕਰਨ ਦਾ ਸਥਾਨ ਹੈ ਅਤੇ ਲੋਕ ਇਥੇ ਰੂਹਾਨੀ ਸ਼ਾਂਤੀ ਵਾਸਤੇ ਆਉਂਦੇ ਹਨ। ਸ਼ਿਕਾਇਤ ਭਰੇ ਲਹਿਜ਼ੇ ਵਿਚ ਉਨ੍ਹਾਂ ਕਿਹਾ ਕਿ ਪੁਜਾਰੀ ਦੀ ਤਨਖਾਹ ਅਤੇ ਹੋਰ ਖਰਚੇ ਸ਼ਰਧਾਲੂਆਂ ਵੱਲੋਂ ਕੀਤੇ ਦਾਨ ਦੇ ਸਿਰ ’ਤੇ ਹੀ ਚਲਦੇ ਹਨ। ਇਸੇ ਦੌਰਾਨ ਸੁਕੁਮਾਰ ਦਾ ਕਹਿਣਾ ਸੀ ਕਿ ਅਜਿਹੀਆਂ ਘਟਨਾਵਾਂ ਸਾਡੀਆਂ ਧਾਰਮਿਕ ਸਰਗਰਮੀਆਂ ਵਿਚ ਅੜਿੱਕਾ ਨਹੀਂ ਬਣ ਸਕਦੀਆਂ। ਮੰਦਰ ਦੇ ਪ੍ਰਬੰਧਕਾਂ ਨੂੰ ਉਮੀਦ ਹੈ ਕਿ ਬੀਮੇ ਦੀ ਰਕਮ ਅਤੇ ਕਮਿਊਨਿਟੀ ਤੋਂ ਮਿਲਣ ਵਾਲੇ ਡੋਨੇਸ਼ਨ ਰਾਹੀਂ ਇਸ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇਗੀ। ਉਧਰ ਪੁਲਿਸ ਨੇ ਕਿਹਾ ਕਿ ਇਹ ਵਾਰਦਾਤ ਧਾਰਮਿਕ ਨਫ਼ਰਤ ਦੇ ਨਜ਼ਰੀਏ ਵਾਲੀ ਨਜ਼ਰ ਨਹੀਂ ਆਉਂਦੀ।