ਅਮਰੀਕਾ ਦੇ ਰਾਸ਼ਟਰਪਤੀ ਦਾ ਬੇਟਾ ਟੈਕਸ ਚੋਰੀ ਦੇ ਮਾਮਲੇ ਵਿਚ ਵੀ ਦੋਸ਼ੀ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਬੇਟੇ ਹੰਟਰ ਬਾਇਡਨ ਨੇ ਟੈਕਸ ਚੋਰੀ ਦੇ ਮਾਮਲੇ ਵਿਚ ਸਾਰੇ 9 ਦੋਸ਼ ਵੀਰਵਾਰ ਨੂੰ ਕਬੂਲ ਕਰ ਲਏ।

Update: 2024-09-06 12:08 GMT

ਕੈਲੇਫੋਰਨੀਆ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਬੇਟੇ ਹੰਟਰ ਬਾਇਡਨ ਨੇ ਟੈਕਸ ਚੋਰੀ ਦੇ ਮਾਮਲੇ ਵਿਚ ਸਾਰੇ 9 ਦੋਸ਼ ਵੀਰਵਾਰ ਨੂੰ ਕਬੂਲ ਕਰ ਲਏ। ਇਸ ਤੋਂ ਪਹਿਲਾਂ ਹੰਟਰ ਬਾਇਡਨ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਜਾਣਬੁੱਝ ਕੇ 14 ਲੱਖ ਡਾਲਰ ਦੀ ਟੈਕਸ ਅਦਾਇਗੀ ਤੋਂ ਟਾਲਾ ਨਹੀਂ ਵੱਟਿਆ। ਲੌਸ ਐਂਜਲਸ ਦੀ ਅਦਾਲਤ ਵਿਚ ਸੁਣਵਾਈ ਦੌਰਾਨ ਹੰਟਰ ਬਾਇਡਨ ਦੇ ਵਕੀਲ ਨੇ ਕਿਹਾ ਕਿ ਨਿਜੀ ਹਿਤਾਂ ਖਾਤਰ ਉਨ੍ਹਾਂ ਦਾ ਮੁਵੱਕਲ ਮੁਕੱਦਮੇ ਤੋਂ ਨਿਜਾਤ ਹਾਸਲ ਕਰਨਾ ਚਾਹੁੰਦਾ ਹੈ। ਇਸ ਮਗਰੋਂ ਜੱਜ ਮਾਰਕ ਸਕਾਰਸੀ ਨੇ ਕਿਹਾ ਕਿ ਦੋਸ਼ ਕਬੂਲ ਕਰਨ ਦੀ ਸੂਰਤ ਵਿਚ ਹੰਟਰ ਬਾਇਡਨ ਨੂੰ 17 ਸਾਲ ਤੱਕ ਦੀ ਕੈਦ ਅਤੇ 5 ਲੱਖ ਡਾਲਰ ਤੋਂ 10 ਲੱਖ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਅਦਾਲਤ ਵੱਲੋਂ ਸਜ਼ਾ ਦਾ ਐਲਾਨ 16 ਦਸੰਬਰ ਨੂੰ ਕੀਤਾ ਜਾਵੇਗਾ ਅਤੇ ਉਦੋਂ ਤੱਕ ਨਵੇਂ ਰਾਸ਼ਟਰਪਤੀ ਦੀ ਚੋਣ ਹੋ ਚੁੱਕੀ ਹੋਵੇਗੀ।

ਹੰਟਰ ਬਾਇਡਨ ਨੇ ਅਦਾਲਤ ਵਿਚ ਗੁਨਾਹ ਕਬੂਲਿਆ

ਜੋਅ ਬਾਇਡਨ ਪਹਿਲਾਂ ਹੀ ਆਖ ਚੁੱਕੇ ਹਨ ਕਿ ਉਹ ਆਪਣੇ ਪੁੱਤ ਦੀ ਸਜ਼ਾ ਮੁਆਫ ਕਰਨ ਲਈ ਆਪਣੀਆਂ ਕਾਰਜਕਾਰੀ ਤਾਕਤਾਂ ਦੀ ਵਰਤੋਂ ਨਹੀਂ ਕਰਨਗੇ। ਉਧਰ ਸਰਕਾਰੀ ਵਕੀਲ ਲੀਓ ਵਾਈਜ਼ ਨੇ ਕਿਹਾ ਕਿ ਹੰਟਰ ਬਾਇਡਨ ਕੋਈ ਮਾਸੂਮ ਨਹੀਂ ਸਗੋਂ ਦੋਸ਼ੀ ਹੈ। ਇਥੇ ਦਸਣਾ ਬਣਦਾ ਹੈ ਕਿ ਤਿੰਨ ਮਹੀਨੇ ਪਹਿਲਾਂ ਹੰਟਰ ਬਾਇਡਨ ਨੂੰ ਨਸ਼ੀਲੇ ਪਦਾਰਥ ਰੱਖਣ ਅਤੇ ਨਾਜਾਇਜ਼ ਤਰੀਕੇ ਨਾਲ ਹਥਿਆਰ ਖਰੀਦਣ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿਤਾ ਗਿਆ ਸੀ। ਨਸ਼ੇ ਰੱਖਣ ਦੇ ਮਾਮਲੇ ਵਿਚ ਹੰਟਰ ਬਾਇਡਨ ਨੂੰ 25 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਨਿਊ ਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਜਿਸ ਸ਼ਖਸ ਦਾ ਕੋਈ ਅਪਰਾਧਕ ਰਿਕਾਰਡ ਨਾ ਹੋਵੇ ਅਤੇ ਉਸ ਨੇ ਧੋਖੇ ਨਾਲ ਖਰੀਦੇ ਹਥਿਆਰ ਦੀ ਵਰਤੋਂ ਕਿਸੇ ਅਪਰਾਧ ਵਿਚ ਨਾ ਕੀਤੀ ਹੋਵੇ ਤਾਂ ਉਸ ਨੂੰ ਘੱਟ ਸਜ਼ਾ ਸੁਣਾਈ ਜਾਂਦੀ ਹੈ ਜਿਸ ਦੇ ਮੱਦੇਨਜ਼ਰ ਹੰਟਰ ਨੂੰ 15 ਤੋਂ 21 ਸਾਲ ਵਾਸਤੇ ਜੇਲ ਭੇਜਿਆ ਜਾ ਸਕਦਾ ਹੈ। ਇਹ ਮਹਮਲਾ ਹੰਟਰ ਬਾਇਡਨ ਦੀ ਸਾਬਕਾ ਪ੍ਰੇਮਿਕਾ ਹੈਲੀ ਵੱਲੋਂ ਅਦਾਲਤ ਵਿਚ ਵੱਡਾ ਬਿਆਨ ਦਰਜ ਕਰਵਾਉਣ ਮਗਰੋਂ ਸਾਬਤ ਹੋਇਆ। ਹੈਲੀ ਨੇ ਕਿਹਾ ਸੀ ਕਿ ਜਦੋਂ ਉਸ ਨੇ ਹੰਟਰ ਦੀ ਕਾਰ ਦੀ ਤਲਾਸ਼ੀ ਲਈ ਤਾਂ ਇਕ ਪਸਤੌਲ ਮਿਲੀ। ਹੈਲੀ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਉਸ ਨੇ ਹੰਟਰ ਨੂੰ ਕਈ ਵਾਰ ਡਰੱਗਜ਼ ਲੈਂਦਿਆਂ ਫੜਿਆ ਸੀ। ਹੈਲੀ ਨੇ ਹੰਟਰ ਬਾਇਡਨ ਦੇ ਵੱਡੇ ਭਰਾ ਬੀਊ ਬਾਇਡਨ ਨਾਲ ਵਿਆਹ ਕਰਵਾਇਆ ਸੀ। 2015 ਵਿਚ ਬੀਊ ਦੀ ਮੌਤ ਹੋ ਗਈ ਅਤੇ ਇਸ ਮਗਰੋਂ ਹੈਲੀ ਅਤੇ ਹੰਟਰ ਦਾ ਅਫੇਅਰ ਸ਼ੁਰੂ ਹੋ ਗਿਆ ਜੋ 2019 ਤੱਕ ਜਾਰੀ ਰਿਹਾ। 

Tags:    

Similar News