ਲੈਬਨਾਨ ਦੇ ਲੋਕ ਮੋਬਾਈਲ ਨੂੰ ਹੱਥ ਲਾਉਣ ਤੋਂ ਵੀ ਡਰਨ ਲੱਗੇ

ਲੈਬਨਾਨ ਵਿਚ ਲਗਾਤਾਰ ਹੋ ਰਹੇ ਧਮਾਕਿਆਂ ਮਗਰੋਂ ਲੋਕ ਐਨੇ ਡਰ ਚੁੱਕੇ ਹਨ ਕਿ ਆਪਣੇ ਮੋਬਾਈਲ ਫੋਨ ਨੂੰ ਹੱਥ ਲਾਉਣ ਨੂੰ ਵੀ ਤਿਆਰ ਨਹੀਂ। ਉਧਰ ਹਿਜ਼ਬੁੱਲਾ ਵੱਲੋਂ ਆਪਣੇ ਲੜਾਕਿਆਂ ਨੂੰ ਹਦਾਇਤ ਦਿਤੀ ਗਈ ਹੈ;

Update: 2024-09-19 12:20 GMT

ਬੇਰੂਤ : ਲੈਬਨਾਨ ਵਿਚ ਲਗਾਤਾਰ ਹੋ ਰਹੇ ਧਮਾਕਿਆਂ ਮਗਰੋਂ ਲੋਕ ਐਨੇ ਡਰ ਚੁੱਕੇ ਹਨ ਕਿ ਆਪਣੇ ਮੋਬਾਈਲ ਫੋਨ ਨੂੰ ਹੱਥ ਲਾਉਣ ਨੂੰ ਵੀ ਤਿਆਰ ਨਹੀਂ। ਉਧਰ ਹਿਜ਼ਬੁੱਲਾ ਵੱਲੋਂ ਆਪਣੇ ਲੜਾਕਿਆਂ ਨੂੰ ਹਦਾਇਤ ਦਿਤੀ ਗਈ ਹੈ ਕਿ ਫੋਨ ਦੀ ਬੈਟਰੀ ਕੱਢ ਕੇ ਸੁੱਟ ਦੇਣ। ਇਥੇ ਦਸਣਾ ਬਣਦਾ ਹੈ ਕਿ ਪੇਜਰ ਅਤੇ ਵਾਕੀ ਟਾਕੀ ਤੋਂ ਬਾਅਦ ਵੀਰਵਾਰ ਨੂੰ ਸੋਲਰ ਪੈਨਲਾਂ ਵਿਚ ਵੀ ਧਮਾਕੇ ਹੋਏ। ਸੋਲਰ ਪੈਨਲ ਧਮਾਕਿਆਂ ਵਿਚ 6 ਜਣਿਆਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਉਧਰ ਬੇਰੂਤ ਹਵਾਈ ਅੱਡੇ ’ਤੇ ਵਾਕੀ ਟਾਕੀ ਜਾਂ ਪੇਜਰ ਲਿਜਾਣ ’ਤੇ ਰੋਕ ਲਾ ਦਿਤੀ ਗਈ ਹੈ ਅਤੇ ਹਿਜ਼ਬੁੱਲਾ ਵੱਲੋਂ ਜਵਾਬੀ ਕਾਰਵਾਈ ਤਹਿਤ ਕੀਤੇ ਮਿਜ਼ਾਈਲ ਹਮਲੇ ਦੌਰਾਨ 8 ਇਜ਼ਰਾਇਲੀ ਫੌਜੀ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਿਜ਼ਬੁੱਲਾ ਵੱਲੋਂ ਹਮਲੇ ਤੇਜ਼ ਹੋਣ ਦੇ ਡਰੋਂ ਇਜ਼ਰਾਈਲ ਵੱਲੋਂ ਆਪਣੇ ਕੁਝ ਫੌਜੀਆਂ ਨੂੰ ਗਾਜ਼ਾ ਤੋਂ ਉਤਰੀ ਸਰਹੱਦ ’ਤੇ ਤਬਦੀਲ ਕੀਤਾ ਗਿਆ ਹੈ।

ਪੇਜਰ ਅਤੇ ਵਾਕੀ-ਟਾਕੀ ਧਮਾਕਿਆਂ ਵਿਚ ਹੋ ਚੁੱਕੀਆਂ 35 ਮੌਤਾਂ

ਅਲਜਜ਼ੀਰਾ ਦੀ ਰਿਪੋਰਟ ਮੁਤਾਰਬਕ ਇਜ਼ਰਾਈਲ ਦੀ ਉਤਰੀ ਕਮਾਨ ਦੇ ਮੇਜਰ ਜਨਰਲ ਓਰੀ ਗੌਰਡਿਨ ਨੇ ਕਿਹਾ ਕਿ ਉਨ੍ਹਾਂ ਦਾ ਮਿਸ਼ਨ ਬਿਲਕੁਲ ਸਪੱਸ਼ਟ ਹੈ ਅਤੇ ਸੁਰੱਖਿਆ ਹਾਲਾਤ ਬਦਲਣ ਲਈ ਤਿਆਰ ਬਰ ਤਿਆਰ ਹਨ। ਦੱਸਿਆ ਜਾ ਰਿਹਾ ਹੈ ਕਿ ਹਿਜ਼ਬੁੱਲਾ ਵੱਲੋਂ ਜਿਹੜੇ ਵਾਕੀ ਟਾਕੀ ਦੀ ਵਰਤੋਂ ਕੀਤੀ ਜਾ ਰਹੀ ਸੀ, ਉਸ ਦਾ ਉਤਪਾਦਨ ਜਾਪਾਨ ਵਿਚ 10 ਸਾਲ ਪਹਿਲਾਂ ਬੰਦ ਹੋ ਚੁੱਕਾ ਹੈ। ਜਾਪਾਨ ਕੰਪਨੀ ਨੇ ਕਿਹਾ ਕਿ ਇਹ ਤੈਅ ਕਰਨਾ ਬਾਕੀ ਹੈ ਕਿ ਉਨ੍ਹਾਂ ਦੇ ਲੇਬਲ ਹੇਠ ਨਕਲੀ ਵਾਕੀ ਟਾਕੀ ਵੇਚੇ ਗਏ ਜਾਂ ਫਿਰ ਇਹ ਵਾਕੀ ਟਾਕੀ ਉਨ੍ਹਾਂ ਦੀ ਕੰਪਨੀ ਦੇ ਹੀ ਸਨ। ਇਸੇ ਦੌਰਾਨ ਈਰਾਨ ਨੇ ਕਿਹਾ ਕਿ ਉਹ ਲੈਬਨਾਨ ਵਿਚ ਜ਼ਖਮੀ ਹੋਏ ਆਪਣੇ ਰਾਜਦੂਤ ਦਾ ਬਦਲਾ ਜ਼ਰੂਰ ਲਵੇਗਾ। ਉਧਰ ਅਮਰੀਕਾ ਦੀ ਕੌਮੀ ਸੁਰੱਖਿਆ ਕੌਂਸਲ ਦੇ ਬੁਲਾਰੇ ਜੌਹਨ ਕਰਬੀ ਨੇ ਕਿਹਾ ਕਿ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੈਬਨਾਨ ਵਿਖੇ ਪੇਜਰ ਜਾਂ ਵਾਕੀ ਟਾਕੀ ਧਮਾਕਿਆਂ ਵਿਚ ਅਮਰੀਕਾ ਕਿਸੇ ਵੀ ਤਰੀਕੇ ਨਾਲ ਸ਼ਾਮਲ ਨਹੀਂ। ਅਮਰੀਕਾ ਦੇ ਰੱਖਿਆ ਸਕੱਤਰ ਲਾਯਡ ਆਸਟਿਨ ਨੇ ਬੁੱਧਵਾਰ ਨੂੰ ਇਜ਼ਰਾਇਲੀ ਰੱਖਿਆ ਮੰਤਰੀ ਨਾਲ ਕੁਝ ਹੀ ਘੰਟਿਆਂ ਵਿਚ ਤੀਜੀ ਵਾਰ ਗੱਲਬਾਤ ਕੀਤੀ। ਦੂਜੇ ਪਾਸੇ ਜਾਰਡਨ ਨੇ ਦੋਸ਼ ਲਾਇਆ ਹੈ ਕਿ ਇਜ਼ਰਾਈਲ ਪੂਰੇ ਮੱਧ ਪੂਰਬ ਨੂੰ ਜੰਗ ਵਿਚ ਧੱਕਾ ਦੇ ਰਿਹਾ ਹੈ। ਜਾਰਡਨ ਦੇ ਵਿਦੇਸ਼ ਮੰਤਰੀ ਅਯਮਾਨ ਸਫਾਦੀ ਨੇ ਕੌਮਾਂਤਰੀ ਭਾਈਚਾਰੇ ਨੂੰ ਇਜ਼ਰਾਈਲ ਦੀ ਨਕੇਲ ਕਸਣ ਵਾਸਤੇ ਆਖਿਆ।

Tags:    

Similar News