ਅਮਰੀਕਾ ਵਿਚ ਭਾਰਤੀ ਪਰਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ
ਅਮਰੀਕਾ ਵਿਚ ਵਸਦੇ ਭਾਰਤੀ ਪਰਵਾਰ ’ਤੇ ਦੁਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਨ੍ਹਾਂ ਦੀਆਂ ਛੋਟੀਆਂ-ਛੋਟੀਆਂ ਬੱਚੀਆਂ ਘਰ ਦੇ ਪਿੱਛੇ ਬਣੇ ਤਲਾਬ ਵਿਚ ਡੁੱਬ ਗਈਆਂ।;
ਨਿਊ ਯਾਰਕ : ਅਮਰੀਕਾ ਵਿਚ ਵਸਦੇ ਭਾਰਤੀ ਪਰਵਾਰ ’ਤੇ ਦੁਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਨ੍ਹਾਂ ਦੀਆਂ ਛੋਟੀਆਂ-ਛੋਟੀਆਂ ਬੱਚੀਆਂ ਘਰ ਦੇ ਪਿੱਛੇ ਬਣੇ ਤਲਾਬ ਵਿਚ ਡੁੱਬ ਗਈਆਂ। ਨਿਊ ਯਾਰਕ ਦੇ ਲੌਂਗ ਆਇਲੈਂਡ ’ਤੇ ਵਾਪਰੀ ਘਟਨਾ ਦੌਰਾਨ 4 ਸਾਲ ਅਤੇ 2 ਸਾਲ ਦੀਆਂ ਬੱਚੀਆਂ ਦੀ ਮਾਂ ਸੁਧਾ ਸੌਂ ਰਹੀ ਸੀ ਜਦੋਂ ਉਹ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲ ਗਈਆਂ। ਦੂਜੇ ਪਾਸੇ ਬੱਚੀਆਂ ਦਾ ਪਿਤਾ ਭਾਰਤ ਆਇਆ ਹੋਇਆ ਹੈ ਜੋ ਵੀਜ਼ਾ ਸਮੱਸਿਆ ਵਿਚ ਉਲਝ ਗਿਆ ਹੈ ਅਤੇ ਅਮਰੀਕਾ ਸਰਕਾਰ ਤੋਂ ਐਮਰਜੰਸੀ ਵੀਜ਼ੇ ਦੀ ਮੰਗ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸੁਧਾ ਨੂੰ ਜਾਗ ਆਈ ਤਾਂ ਬੱਚੀਆਂ ਘਰ ਵਿਚ ਨਹੀਂ ਸਨ। ਉਸ ਨੇ ਇਧਰ-ਉਧਰ ਲੱਭਣ ਮਗਰੋਂ 911 ’ਤੇ ਕਾਲ ਕਰ ਦਿਤੀ ਅਤੇ ਕੁਝ ਘੰਟੇ ਬਾਅਦ ਬੱਚੀਆਂ ਅਪਾਰਟਮੈਂਟ ਨੇੜਲੇ ਪੌਂਡ ਵਿਚੋਂ ਮਿਲ ਗਈਆਂ।
4 ਸਾਲ ਅਤੇ 2 ਸਾਲ ਦੀਆਂ ਭੈਣਾਂ ਦੀ ਡੁੱਬਣ ਕਾਰਨ ਮੌਤ
ਦੋਹਾਂ ਨੂੰ ਤੁਰਤ ਸਟੋਨੀ ਬਰੂਕ ਯੂਨੀਵਰਸਿਟੀ ਹਸਪਤਾਲ ਵਿਚ ਲਿਜਾਇਆ ਗਿਆ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਹੋਸ਼ ਵਿਚ ਲਿਆਉਣ ਦਾ ਯਤਨ ਕੀਤਾ ਪਰ ਸ਼ਾਇਦ ਬਹੁਤ ਦੇਰ ਹੋ ਚੁੱਕੀ ਸੀ। ਲੌਂਗ ਆਇਲੈਂਡ ਦੇ ਹੌਲਟਸਵਿਲੇ ਇਲਾਕੇ ਵਿਚ ਵਾਪਰੀ ਤਰਾਸਦੀ ਨੇ ਸਭਨਾਂ ਨੂੰ ਝੰਜੋੜ ਕੇ ਰੱਖ ਦਿਤਾ। ਬੱਚੀਆਂ ਦੀਆਂ ਅੰਤਮ ਰਸਮਾਂ ਵਾਸਤੇ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਅਮਰੀਕਾ ਵਿਚ ਵਸਦੇ ਤੇਲਗੂ ਭਾਈਚਾਰੇ ਵੱਲੋਂ ਸੁਧਾ ਅਤੇ ਉਸ ਦੇ ਪਤੀ ਡੇਵਿਡ ਦੀ ਮਦਦ ਦਾ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਭਾਰਤੀ ਪਰਵਾਰ ਦੇ ਗੁਆਂਢੀਆਂ ਨੇ ਦੱਸਿਆ ਕਿ ਬੱਚੀਆਂ ਅਕਸਰ ਘਰ ਦੇ ਵਿਹੜੇ ਵਿਚ ਖੇਡਦੀਆਂ ਰਹਿੰਦੀਆਂ ਪਰ ਮਾਂ ਨੇ ਉਨ੍ਹਾਂ ਨੂੰ ਕਦੇ ਇਕੱਲਾ ਨਹੀਂ ਸੀ ਛੱਡਿਆ। ਬੱਚੀਆਂ ਨੂੰ ਤਲਾਬ ਵੱਲ ਜਾਣ ਤੋਂ ਰੋਕਣ ਦਾ ਹਰ ਸੁਰੱਖਿਆ ਪ੍ਰਬੰਧ ਘਰ ਵਿਚ ਮੌਜੂਦ ਸੀ ਪਰ ਸ਼ਨਿੱਚਰਵਾਰ ਨੂੰ ਦੋਵੇਂ ਬੱਚੀਆਂ ਘਰੋਂ ਬਾਹਰ ਕਿਵੇਂ ਆਈਆਂ, ਇਹ ਵੱਡਾ ਸਵਾਲ ਬਣ ਚੁੱਕਾ ਹੈ। ਭਾਰਤੀ ਪਰਵਾਰ ਦੇ ਗੁਆਂਢ ਵਿਚ ਰਹਿੰਦੀ ਮਾਰਜ ਬਾਲਦੀ ਨੇ ਕਿਹਾ ਕਿ ਇਸ ਤਰਾਸਦੀ ਤੋਂ ਹਰ ਕੋਈ ਦੁਖੀ ਹੈ।
ਬੱਚੀਆਂ ਦਾ ਪਿਤਾ ਵੀਜ਼ਾ ਸਮੱਸਿਆ ਕਾਰਨ ਭਾਰਤ ਵਿਚ ਫਸਿਆ
ਬੱਚੀਆਂ ਦੀ ਮਾਂ ਉਨ੍ਹਾਂ ਦਾ ਖਾਸ ਖਿਆਲ ਰਖਦੀ ਅਤੇ ਕਦੇ ਵੀ ਇਕੱਲੀਆਂ ਘਰੋਂ ਬਾਹਰ ਨਹੀਂ ਸਨ ਆਉਂਦੀਆਂ। ਬੱਚੀਆਂ ਦੀ ਮਾਂ ਜਦੋਂ ਉਨ੍ਹਾਂ ਨੂੰ ਲੱਭ ਰਹੀ ਸੀ ਤਾਂ ਸਾਰਾ ਆਂਢ-ਗੁਆਂਢ ਇਕੱਤਰ ਹੋ ਗਿਆ। ਐਮਰਜੰਸੀ ਕਾਮਿਆਂ ਨੇ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਤਾਂ ਕੁਝ ਦੇਰ ਬਾਅਦ ਬੇਹੱਦ ਦੁਖਦਾਈ ਖਬਰ ਸਾਹਮਣੇ ਆਈ। ਮਾਰਜ ਬਾਲਦੀ ਦਾ ਮੰਨਣਾ ਹੈ ਕਿ ਦੋਹਾਂ ਬੱਚੀਆਂ ਵਿਚੋਂ ਇਕ ਪਾਣੀ ਵਿਚ ਡਿੱਗ ਗਈ ਹੋਵੇਗੀ ਅਤੇ ਦੂਜੀ ਉਸ ਨੂੰ ਬਚਾਉਣ ਦੇ ਯਤਨਾਂ ਦੌਰਾਨ ਡੁੱਬ ਗਈ। ਇਥੇ ਦਸਣਾ ਬਣਦਾ ਹੈ ਕਿ ਤਲਾਬ ਦੇ ਕਈ ਹਿੱਸਿਆਂ ’ਤੇ ਵਾੜ ਲੱਗੀ ਹੋਈ ਹੈ ਪਰ ਕੁਝ ਥਾਵਾਂ ਖਾਲੀ ਵੀ ਪਈਆਂ ਹਨ।