ਸੱਚ ਹੋ ਰਿਹਾ 25 ਸਾਲ ਪੁਰਾਣੇ ਗੀਤ ਦਾ ਕੱਲਾ-ਕੱਲਾ ਬੋਲ!

ਪਿਛਲੇ ਕੁੱਝ ਸਮੇਂ ਤੋਂ ਸੋਸ਼ਲ ਮੀਡੀਆ ’ਤੇ ‘ਰੈੱਡ ਹੌਟ ਚਿੱਲੀ ਪੇਪਰਜ਼’ ਦੇ ਗੀਤ ‘ਕੈਲੀਫੋਰਨਿਕੇਸ਼ਨ’ ਦੇ ਵੀਡੀਓ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੇ ਨੇ, ਜਿਸ ਵਿਚ ਆਉਣ ਵਾਲੇ ਸਮੇਂ ਨੂੰ ਲੈ ਕੇ ਕਈ ਭਵਿੱਖਬਾਣੀਆਂ ਕੀਤੀਆਂ ਹੋਈਆਂ ਸੀ। ਇਹ ਗਾਣਾ ਅੱਜ ਤੋਂ ਕਰੀਬ 25 ਸਾਲ ਪਹਿਲਾਂ ਰਿਲੀਜ਼ ਕੀਤਾ ਗਿਆ ਸੀ।;

Update: 2024-09-02 14:41 GMT

ਕੈਲੀਫੋਰਨੀਆ : ਪਿਛਲੇ ਕੁੱਝ ਸਮੇਂ ਤੋਂ ਸੋਸ਼ਲ ਮੀਡੀਆ ’ਤੇ ‘ਰੈੱਡ ਹੌਟ ਚਿੱਲੀ ਪੇਪਰਜ਼’ ਦੇ ਗੀਤ ‘ਕੈਲੀਫੋਰਨਿਕੇਸ਼ਨ’ ਦੇ ਵੀਡੀਓ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੇ ਨੇ, ਜਿਸ ਵਿਚ ਆਉਣ ਵਾਲੇ ਸਮੇਂ ਨੂੰ ਲੈ ਕੇ ਕਈ ਭਵਿੱਖਬਾਣੀਆਂ ਕੀਤੀਆਂ ਹੋਈਆਂ ਸੀ। ਇਹ ਗਾਣਾ ਅੱਜ ਤੋਂ ਕਰੀਬ 25 ਸਾਲ ਪਹਿਲਾਂ ਰਿਲੀਜ਼ ਕੀਤਾ ਗਿਆ ਸੀ। ਉਸ ਸਮੇਂ ਤੋਂ ਲੈ ਕੇ ਹੀ ਪ੍ਰਸੰਸ਼ਕ ਇਸ ਦੇ ਬੋਲਾਂ ਦੇ ਅਰਥਾਂ ਬਾਰੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਉਂਦੇ ਰਹੇ ਨੇ ਪਰ ਹੁਣ ਇੰਝ ਲਗਦਾ ਏ ਕਿ ਇਸ ਗੀਤ ਦੇ ਬੋਲਾਂ ਨੂੰ ਮੌਜੂਦਾ ਸਮੇਂ ਵਾਪਰ ਰਹੀਆਂ ਸੰਸਾਰਕ ਘਟਨਾਵਾਂ ਨਾਲ ਜੋੜ ਕੇ ਦੇਖਿਆ ਜਾ ਰਿਹ ਏ। ਸਿੱਧੂ ਮੂਸੇਵਾਲੇ ਦੇ ਕੁੱਝ ਗੀਤਾਂ ਵਾਂਗ ਇਸ ਗੀਤ ਵਿਚ ਵੀ ਕਾਫ਼ੀ ਕੁੱਝ ਛੁਪਿਆ ਹੋਇਆ ਏ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਆਖ਼ਰਕਾਰ ਕੀ ਨੇ ਇਸ ਗੀਤ ਦੇ ਬੋਲ, ਜਿਨ੍ਹਾਂ ’ਤੇ ਵਿਸ਼ਵ ਭਰ ਵਿਚ ਛਿੜੀ ਹੋਈ ਐ ਵੱਡੀ ਚਰਚਾ।

ਮੌਜੂਦਾ ਸਮੇਂ ਸੋਸ਼ਲ ਮੀਡੀਆ ’ਤੇ ਰੈੱਡ ਹੌਟ ਚਿੱਲੀ ਪੇਪਰਜ਼ ਦਾ ਇਕ ਅੰਗਰੇਜ਼ੀ ਗਾਣਾ ‘ਕੈਲੀਫੋਰਨਿਕੇਸ਼ਨ’ ਕਾਫ਼ੀ ਜ਼ਿਆਦਾ ਵਾਇਰਲ ਹੋ ਰਿਹਾ ਏ, ਜਦਕਿ ਇਹ ਗੀਤ ਅੱਜ ਤੋਂ ਕਰੀਬ 25 ਸਾਲ ਪਹਿਲਾਂ ਜੂਨ 1999 ਵਿਚ ਰਿਲੀਜ਼ ਕੀਤਾ ਗਿਆ ਸੀ। ਇਸ ਗੀਤ ਵਿਚ ਆਉਣ ਵਾਲੇ ਸਮੇਂ ਸਬੰਧੀ ਕੁੱਝ ਭਵਿੱਖਬਾਣੀਆਂ ਕੀਤੀਆਂ ਗਈਆਂ ਸੀ, ਜੋ ਹੁਣ ਸੱਚ ਸਾਬਤ ਹੁੰਦੀਆਂ ਦਿਖਾਈ ਦੇ ਰਹੀਆਂ ਨੇ। ਇਸੇ ਕਰਕੇ ਇਸ ਗੀਤ ਦੇ ਬੋਲ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੇ ਜਾ ਰਹੇ ਨੇ।

ਠੀਕ ਉਸੇ ਤਰ੍ਹਾਂ ਜਿਵੇਂ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ‘ਲਾਸਟ ਰਾਈਡ’ ਵਿਚ ਆਪਣੇ ਬਾਰੇ ਕੁੱਝ ਭਵਿੱਖਬਾਣੀਆਂ ਕੀਤੀਆਂ ਸੀ ਜੋ ਸੱਚ ਹੋ ਨਿਬੜੀਆਂ। ਇਸੇ ਤਰ੍ਹਾਂ ‘ਕੈਲੀਫੋਰਨਿਕੇਸ਼ਨ’ ਗਾਣਾ ਰੈੱਡ ਹੌਟ ਚਿੱਲੀ ਪੇਪਰਜ਼ ਦਾ ਸਭ ਤੋਂ ਸਫ਼ਲ ਗਾਣਾ ਸੀ, ਜਿਸ ਦੀਆਂ ਦੁਨੀਆ ਭਰ ਵਿਚ 15 ਮਿਲੀਆਂ ਤੋਂ ਜ਼ਿਆਦਾ ਕਾਪੀਆਂ ਵਿਕੀਆਂ। ਇਹ ਟ੍ਰੈਕ ਗ੍ਰੈਮੀ ਵਿਜੇ ਰੌਕ ਬੈਂਡ ਦੇ ਇਸੇ ਨਾਮ ਦੇ ਐਲਬਮ ਦਾ ਚੌਥਾ ਗੀਤ ਸੀ। ਅੱਜ ਤੱਕ ਇਸ ਹਿੱਟ ਨੂੰ ਸਪੋਰਟੀਫਾਈ ’ਤੇ 1.4 ਬਿਲੀਅਨ ਤੋਂ ਜ਼ਿਆਦਾ ਸਟ੍ਰੀਮ ਕੀਤਾ ਜਾ ਚੁੱਕਿਆ ਏ।

ਇਸ ਗੀਤ ਦੇ ਰਿਲੀਜ਼ ਹੋਣ ਦੇ ਬਾਅਦ ਤੋਂ ਹੀ ਪ੍ਰਸੰਸ਼ਕਾ ਵੱਲੋਂ ਇਸ ਦੇ ਬੋਲਾਂ ਸਬੰਧੀ ਕਾਫ਼ੀ ਅਟਕਲਾਂ ਲਗਾਈਆਂ ਜਾਂਦੀਆਂ ਰਹੀਆਂ ਨੇ ਪਰ ਹੁਣ ਇਸ ਗੀਤ ਦੇ ਬੋਲਾਂ ਨੂੰ ਮੌਜੂਦਾ ਸੰਸਾਰਕ ਘਟਨਾਵਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਐ। ਸਾਲ 2012 ਵਿਚ ਯੂਟਿਊਬ ’ਤੇ ਪਹਿਲੀ ਵਾਰ ਅਪਲੋਡ ਕੀਤੇ ਗਏ ਇਸ ਗੀਤ ’ਤੇ ਬਹੁਤ ਸਾਰੇ ਲੋਕਾਂ ਵੱਲੋਂ ਕਈ ਤਰ੍ਹਾਂ ਦੀਆ ਟਿੱਪਣੀਆਂ ਕੀਤੀਆਂ ਗਈਆਂ ਨੇ। ਇਕ ਯੂਜ਼ਰ ਨੇ ਲਿਖਿਆ ‘‘ਮੈਂ ਕਦੇ ਇਸ ਗੱਲ ’ਤੇ ਧਿਆਨ ਨਹੀਂ ਦਿੱਤਾ ਕਿ ਅਸਲ ਵਿਚ ਸੰਦੇਸ਼ ਕੀ ਹੈ? ਮੈਨੂੰ ਇਹ ਦੇਖ ਕੇ ਹੈਰਾਨੀ ਹੁੰਦੀ ਐ ਕਿ ਉਸ ਸਮੇਂ ਦੇ ਗੀਤ ਕਿੰਨੇ ਉੱਨਤ ਸੀ ਜੋ ਅੱਜ ਦੀ ਦੁਨੀਆ ਵਿਚ ਵੀ ਮਹੱਤਵ ਰੱਖਦੇ ਨੇ।’’ ਇਕ ਹੋਰ ਯੂਜ਼ਰ ਨੇ ਲਿਖਿਆ ‘‘ਮੈਨੂੰ ਇੰਝ ਲੱਗ ਰਿਹਾ ਏ, ਜਿਵੇਂ ਮੈਂ ਭਵਿੱਖ ਦੇਖ ਲਿਆ ਹੋਵੇ।’’

ਭਵਿੱਖਬਾਣੀ ਦੇ ਤੌਰ ’ਤੇ ਮੰਨੇ ਜਾਣ ਵਾਲੇ ਇਸ ਗੀਤ ਦੇ ਬੋਲਾਂ ਵਿਚ ਕਿਹਾ ਗਿਆ ਏ ‘‘ਚੀਨ ਦੇ ਮਾਨਸਿਕ ਜਾਸੂਸ ਤੁਹਾਡੇ ਮਨ ਦੀ ਖ਼ੁਸ਼ੀ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਨੇ।’’ ਇਨ੍ਹਾਂ ਬੋਲਾਂ ਨੂੰ ਲੋਕਾਂ ਵੱਲੋਂ ਚੀਨ ਦੇ ਹੈਕਿੰਗ ਪ੍ਰੋਗਰਾਮ ਨਾਲ ਜੋੜਿਆ ਜਾ ਰਿਹਾ ਏ। ਇਸ ਤੋਂ ਇਲਾਵਾ ਗੀਤ ਵਿਚ ‘ਬੁਢਾਪੇ ਦੇ ਜਾਦੂ ਨੂੰ ਤੋੜਨ ਲਈ ਆਪਣੇ ਸਰਜਨ ਨੂੰ ਬਹੁਤ ਚੰਗੀ ਤਨਖ਼ਾਹ ਦਿਓ’ ਦਾ ਵੀ ਜ਼ਿਕਰ ਕੀਤਾ ਗਿਆ ਏ, ਜਿਸ ਨੂੰ ਪਲਾਸਟਿਕ ਸਰਜਰੀ ਵਿਚ ਵਾਧੇ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਏ। ਗੀਤ ਦੀ ਇਕ ਲਾਈਨ ਵਿਚ ਕਿਹਾ ਗਿਆ ਏ ਕਿ ‘‘ਸਵੀਡਨ ਦੀਆਂ ਛੋਟੀਆਂ ਕੁੜੀਆਂ ਸਿਲਵਰ ਸਕਰੀਨ ਕੋਟੇਸ਼ਨ ਦਾ ਸੁਪਨਾ ਦੇਖਦੀਆਂ ਨੇ।’’

ਗੀਤ ਦੇ ਇਨ੍ਹਾਂ ਬੋਲਾਂ ਨੂੰ ਸਵੀਡਨ ਦੀ ਵਾਤਾਵਰਣ ਪ੍ਰੇਮੀ ਗ੍ਰੇਟਾ ਥਨਬਰਗ ਨਾਲ ਜੋੜਿਆ ਜਾ ਰਿਹਾ ਏ। ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਪੌਪ ਸੱਭਿਆਚਾਰ ਦੇ ਕਿਸੇ ਹਿੱਸੇ ’ਤੇ ਆਉਣ ਵਾਲੇ ਸਮੇਂ ਦੀ ਭਵਿੱਖਬਾਣੀ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੋਵੇ। ਇਸ ਤੋਂ ਪਹਿਲਾਂ ‘ਦਿ ਸਿੰਪਸੰਨਜ਼’ ’ਤੇ 9-11 ਦੇ ਅੱਤਵਾਦੀ ਹਮਲੇ ਤੋਂ ਲੈ ਕੇ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਤੱਕ ਸਭ ਕੁੱਝ ਦੀ ਭਵਿੱਖਬਾਣੀ ਕਰਨ ਦਾ ਇਲਜ਼ਾਮ ਲੱਗ ਚੁੱਕਿਆ ਏ।

ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ ਵਿਚ ਸੰਗੀਤ ਸਾਸ਼ਤਰ ਦੇ ਸਹਾਇਕ ਪ੍ਰੋਫੈਸਰ ਨੈਟ ਸਲੋਅਨ ਦਾ ਕਹਿਣਾ ਏ ਕਿ ਭਾਵੇਂ ਸਾਡੇ ਲਈ ਭਵਿੱਖਬਾਣੀ ਬਾਰੇ ਪੜ੍ਹਨਾ ਆਮ ਜਿਹੀ ਗੱਲ ਐ ਪਰ ਪੌਪ ਸੰਗੀਤ ਦੀ ਦੁਨੀਆ ਵਿਚ ਇਹ ਓਨਾ ਆਮ ਨਹੀਂ ਐ। ਸਲੋਅਨ ਨੇ ਆਖਿਆ ਕਿ ਕੁੱਝ ਸੰਗੀਤਕਾਰ ਅਜਿਹਾ ਕਰਨ ਦੀ ਕੋਸ਼ਿਸ਼ ਕਰਦੇ ਨੇ। ਉਨ੍ਹਾਂ ਨੇ ਜੇਗਰ ਅਤੇ ਇਵਾਂਸ ਵੱਲੋਂ ਸੰਨ 1969 ਵਿਚ ਗਾਏ ਗਏ ਗੀਤ ‘‘ਇਨ ਦਿ ਈਅਰ 2525’’ ਦੀ ਉਦਾਹਰਨ ਦਿੱਤੀ, ਜਿਸ ਵਿਚ ‘‘ਤੁਸੀਂ ਆਪਣਾ ਬੇਟਾ-ਬੇਟੀ ਚੁਣੋਗੇ, ਇਕ ਲੰਬੀ ਕੱਚ ਦੀ ਨਾਲੀ ਦੇ ਹੇਠਾਂ ਤੋਂ’’ ਵਰਗੇ ਬੋਲ ਸਨ ਜੋ ਮੌਜੂਦਾ ਸਮੇਂ ਦੀ ਵਿਟਰੋ ਫਰਟੀਲਾਈਜੇਸ਼ਨ ਪ੍ਰਣਾਲੀ ਦੀ ਗੱਲ ਕਰਦੇ ਪ੍ਰਤੀਤ ਹੁੰਦੇ ਨੇ, ਜਦਕਿ ਪਹਿਲਾ ਆਈਵੀਐਫ ਬੱਚਾ ਇਸ ਗੀਤ ਤੋਂ 9 ਸਾਲ ਬਾਅਦ ਯਾਨੀ ਸੰਨ 1978 ਵਿਚ ਪੈਦਾ ਹੋਇਆ ਸੀ।

ਦੱਸ ਦਈਏ ਕਿ ਇਹ ਬੇਹੱਦ ਦਿਲਚਸਪ ਗੱਲ ਐ ਕਿ ਬੈਂਡ ਦੀ ਮਾਨਸਿਕ ਸੋਚ 25 ਸਾਲ ਪਹਿਲਾਂ ਵੀ ਕਿੰਨੀ ਦੂਰਦਰਸ਼ੀ ਰਹੀ ਹੋਵੇਗੀ, ਜਿਸਦੇ ਬੋਲ ਅੱਜ ਅਸਪੱਸ਼ਟ ਤੌਰ ’ਤੇ ਮੌਜੂਦਾ ਸਮੇਂ ਦੀਆਂ ਘਟਨਾਵਾਂ ਨਾਲ ਜੁੜਦੇ ਦਿਖਾਈ ਦੇ ਰਹੇ ਨੇ।

ਸੋ ਇਸ ਨੂੰ ਲੈਕੇ ਤੁਹਾਡਾ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News