ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਇੰਮੀਗ੍ਰੇਸ਼ਨ ਛਾਪਾ
ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਵੱਡੇ ਇੰਮੀਗ੍ਰੇਸ਼ਨ ਛਾਪੇ ਦੌਰਾਨ 475 ਪ੍ਰਵਾਸੀਆਂ ਨੂੰ ਆਈਸ ਵਾਲੇ ਗ੍ਰਿਫ਼ਤਾਰ ਕਰ ਕੇ ਲੈ ਗਏ
ਐਟਲਾਂਟਾ : ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਵੱਡੇ ਇੰਮੀਗ੍ਰੇਸ਼ਨ ਛਾਪੇ ਦੌਰਾਨ 475 ਪ੍ਰਵਾਸੀਆਂ ਨੂੰ ਆਈਸ ਵਾਲੇ ਗ੍ਰਿਫ਼ਤਾਰ ਕਰ ਕੇ ਲੈ ਗਏ। ਛਾਪਾ ਇਕ ਕਾਰ ਫੈਕਟਰੀ ਵਿਚ ਵੱਜਿਆ ਜਿਥੇ ਵੱਡੀ ਗਿਣਤੀ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਮੌਜੂਦਗੀ ਬਾਰੇ ਪਤਾ ਲੱਗਣ ’ਤੇ ਘੇਰਾਬੰਦੀ ਕੀਤੀ ਗਈ। ਛਾਪੇ ਦੀ ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਮੌਜੂਦ ਪ੍ਰਵਾਸੀਆਂ ਨੂੰ ਕਤਾਰ ਬਣਾ ਕੇ ਲਿਜਾਇਅ ਜਾ ਰਿਹਾ ਹੈ। ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਦੱਸਿਆ ਕਿ ਕਾਬੂ ਕੀਤੇ ਪ੍ਰਵਾਸੀਆਂ ਵਿਚੋਂ ਜ਼ਿਆਦਾਤਰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਜਦਕਿ ਕੁਝ ਵਰਕ ਪਰਮਿਟ ’ਤੇ ਆਏ ਸਨ ਪਰ ਮਿਆਦ ਲੰਘਣ ਤੋਂ ਬਾਅਦ ਵੀ ਆਪਣੇ ਮੁਲਕ ਵਾਪਸੀ ਨਾ ਕੀਤੀ।
ਕਾਰ ਫੈਕਟਰੀ ਵਿਚੋਂ ਕਾਬੂ ਕੀਤੇ 475 ਪ੍ਰਵਾਸੀ
ਜਾਰਜੀਆ ਸੂਬੇ ਦੀ ਹਿਊਂਡਈ ਫੈਕਟਰੀ ਵਿਚ ਤਕਰੀਬਨ 1,200 ਮੁਲਾਜ਼ਮ ਕੰਮ ਕਰਦੇ ਹਨ ਪਰ ਇੰਮੀਗ੍ਰੇਸ਼ਨ ਛਾਪੇ ਮਗਰੋਂ ਪਲਾਂਟ ਬੰਦ ਕਰ ਦਿਤਾ ਗਿਆ। ਜਾਰਜੀਆ ਵਿਚ ਹੋਮਲੈਂਡ ਸਕਿਉਰਿਟੀ ਇਨਵੈਟੀਗੇਸ਼ਨਜ਼ ਦੇ ਇੰਚਾਰਜ ਸਟੀਵਨ ਸ਼ਰੈਂਕ ਨੇ ਦੱਸਿਆ ਕਿ ਐਨੇ ਵੱਡੇ ਪੱਧਰ ’ਤੇ ਕੀਤੀ ਕਾਰਵਾਈ ਇਕ ਦਿਨ ਦੀ ਤਿਆਰੀ ਦਾ ਨਤੀਜਾ ਨਹੀਂ ਸਗੋਂ ਕਈ ਮਹੀਨੇ ਦੀ ਘੋਖ ਪੜਤਾਲ ਕਰਨ ਤੋਂ ਬਾਅਦ ਸਫ਼ਲਤਾ ਮਿਲ ਸਕੀ। ਉਨ੍ਹਾਂ ਕਿਹਾ ਕਿ ਗੈਰਕਾਨੂੰਨੀ ਪ੍ਰਵਾਸੀਆਂ ਤੋਂ ਘੱਟ ਤਨਖਾਹਾਂ ’ਤੇ ਕੰਮ ਕਰਵਾਇਆ ਜਾ ਰਿਹਾ ਸੀ ਜਦਕਿ ਜਾਰਜੀਆ ਦੇ ਲੋਕਾਂ ਨੂੰ ਰੁਜ਼ਗਾਰ ਦੇ ਹੱਕ ਤੋਂ ਵਾਂਝਾ ਕਰ ਦਿਤਾ ਗਿਆ। ਛਾਪੇ ਦੌਰਾਨ ਗ੍ਰਿਫ਼ਤਾਰ ਪ੍ਰਵਾਸੀਆਂ ਨੂੰ ਜਾਰਜੀਆ ਅਤੇ ਫਲੋਰੀਡਾ ਦੀ ਸਰਹੱਦ ਨੇੜੇ ਸਥਿਤ ਫੌਕਸਟਨ ਦੇ ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ ਵਿਚ ਲਿਜਾਇਆ ਗਿਆ। ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਿਭਾਗ ਦੀ ਤਰਜਮਾਨ Çਲੰਡਸੇ ਵਿਲੀਅਮਜ਼ ਨੇ ਦੱਸਿਆ ਕਿ ਸਵਾਨਾਹ ਦੇ ਪੱਛਮ ਵੱਲ 3 ਹਜ਼ਾਰ ਏਕੜ ਵਿਚ ਬਣੇ ਕਾਰਖਾਨੇ ਵਿਚੋਂ ਗ੍ਰਿਫ਼ਤਾਰ ਪ੍ਰਵਾਸੀਆਂ ਵਿਰੁੱਧ ਫ਼ਿਲਹਾਲ ਕੋਈ ਅਪਰਾਧਕ ਦੋਸ਼ ਆਇਦ ਨਹੀਂ ਕੀਤਾ ਗਿਆ।
ਫੈਕਟਰੀ ਵਿਚ ਕੰਮ ਕਰਦੇ ਸਨ 1,200 ਮੁਲਾਜ਼ਮ
ਪ੍ਰਵਾਸੀਆਂ ਨੂੰ ਡਿਟੈਨਸ਼ਨ ਸੈਂਟਰ ਵੱਲ ਲਿਜਾਣ ਲਈ ਬੱਸਾਂ ਦਾ ਅਗਾਊਂ ਪ੍ਰਬੰਧ ਕੀਤਾ ਗਿਆ ਅਤੇ ਪ੍ਰਵਾਸੀਆਂ ਦੇ ਰੁਜ਼ਗਾਰ ਵੇਰਵਿਆਂ ਦੀ ਘੋਖ ਵੀ ਕੀਤੀ ਜਾ ਰਹੀ ਹੈ। ਹਿਊਂਡਾਈ ਦਾ ਇਹ ਕਾਰਖਾਨਾ 7.6 ਅਰਬ ਡਾਲਰ ਦੀ ਲਾਗਤ ਨਾਲ ਸ਼ੁਰੂ ਕੀਤਾ ਗਿਆ ਅਤੇ ਜਾਰਜੀਆ ਦੇ ਸਭ ਤੋਂ ਵੱਡੇ ਪ੍ਰੌਜੈਕਟਾਂ ਵਿਚ ਇਸ ਨੂੰ ਗਿਣਿਆ ਜਾਂਦਾ ਹੈ। ਪਿਛਲੇ ਸਾਲ ਹੀ ਹਿਊਂਡਾਈ ਵੱਲੋਂ ਇਥੇ ਇਲੈਕਟ੍ਰਿਕ ਕਾਰਾਂ ਦਾ ਉਤਪਾਦਨ ਸ਼ੁਰੂ ਕੀਤਾ ਗਿਆ ਸੀ। ਦੱਸ ਦੇਈਏ ਕਿ ਟਰੰਪ ਸਰਕਾਰ ਦਾ ਇਹ ਕਾਰਵਾਈ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ 2 ਲੱਖ 70 ਹਜ਼ਾਰ ਵਰਕ ਪਰਮਿਟ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਟਰੰਪ ਸਰਕਾਰ ਵੈਨੇਜ਼ੁਏਲਾ ਨਾਲ ਸਬੰਧਤ 3 ਲੱਖ 50 ਹਜ਼ਾਰ ਪ੍ਰਵਾਸੀਆਂ ਨੂੰ ਮਿਲਿਆ ਟੈਂਪਰੇਰੀ ਪ੍ਰੋਟੈਕਸ਼ਨ ਸਟੇਟਸ ਰੱਦ ਕਰ ਚੁੱਕੀ ਹੈ ਜੋ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਸਨ।