ਫਿਲੀਪੀਨਜ਼ ਵਿਚ ਮਿਲਿਆ ‘ਐਮ ਪੌਕਸ’ ਦਾ ਪਹਿਲਾ ਮਰੀਜ਼
ਐਮ ਪੌਕਸ ਹੁਣ ਅਫਰੀਕਾ ਤੋਂ ਬਾਹਰ ਵੀ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਸਵੀਡਨ ਤੇ ਪਾਕਿਸਤਾਨ ਤੋਂ ਬਾਅਦ ਫਿਲੀਪੀਨਜ਼ ਵਿਖੇ ਵੀ ਸੋਮਵਾਰ ਨੂੰ ਪਹਿਲਾ ਮਰੀਜ਼ ਸਾਹਮਣੇ ਆ ਗਿਆ।
ਮਨੀਲਾ : ਐਮ ਪੌਕਸ ਹੁਣ ਅਫਰੀਕਾ ਤੋਂ ਬਾਹਰ ਵੀ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਸਵੀਡਨ ਤੇ ਪਾਕਿਸਤਾਨ ਤੋਂ ਬਾਅਦ ਫਿਲੀਪੀਨਜ਼ ਵਿਖੇ ਵੀ ਸੋਮਵਾਰ ਨੂੰ ਪਹਿਲਾ ਮਰੀਜ਼ ਸਾਹਮਣੇ ਆ ਗਿਆ। ਮੌਜੂਦਾ ਵਰ੍ਹੇ ਦੌਰਾਨ ਫਿਲੀਪੀਨਜ਼ ਵਿਚ ਇਹ ਪਹਿਲਾ ਮਾਮਲਾ ਹੈ ਜਦਕਿ ਦਸੰਬਰ ਵਿਚ ਐਮ ਪੌਕਸ ਦੇ ਕਈ ਮਰੀਜ਼ ਸਾਹਮਣੇ ਆਏ ਸਨ। ਫਿਲੀਪੀਨਜ਼ ਦੇ ਸਿਹਤ ਵਿਭਾਗ ਨੇ ਦੱਸਿਆ ਕਿ ਮਰੀਜ਼ ਆਪਣੇ ਮੁਲਕ ਤੋਂ ਬਾਹਰ ਨਹੀਂ ਗਿਆ ਪਰ ਇਸ ਦੇ ਬਾਵਜੂਦ ਵਾਇਰਸ ਦੀ ਲਪੇਟ ਵਿਚ ਆਉਣਾ ਹੈਰਾਨਕੁੰਨ ਹੈ। ਮਰੀਜ਼ ਵਿਚ ਐਮ ਪੌਕਸ ਦਾ ਕਿਹੜਾ ਵੈਰੀਐਂਟ ਮਿਲਿਆ ਹੈ, ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਪਾਕਿਸਤਾਨ ਵਿਚ ਬੀਤੇ ਸ਼ੁੱਕਰਵਾਰ ਨੂੰ ਐਮ ਪੌਕਸ ਦੇ ਤਿੰਨ ਮਰੀਜ਼ ਮਿਲੇ ਸਨ ਅਤੇ ਇਹ ਸਾਰੇ ਸੰਯੁਕਤ ਅਰਬ ਅਮੀਰਾਤ ਤੋਂ ਪਰਤੇ ਸਨ।
ਪਾਕਿਸਤਾਨ ਅਤੇ ਸਵੀਡਨ ਤੱਕ ਪੁੱਜ ਚੁੱਕਾ ਵਾਇਰਸ
ਦੂਜੇ ਪਾਸੇ ਸਵੀਡਨ ਵਿਖੇ 15 ਅਗਸਤ ਨੂੰ ਪਹਿਲਾ ਮਾਮਲਾ ਸਾਹਮਣੇ ਆਇਆ ਅਤੇ ਮਰੀਜ਼ ਦੇ ਸਰੀਰ ਵਿਚ ਐਮ ਪੌਕਸ ਦਾ ਕਲੈਡ ਆਈ ਵੈਰੀਐਂਟ ਮਿਲਿਆ ਜੋ ਸਭ ਤੋਂ ਖ਼ਤਰਨਾਕ ਅਤੇ ਜਾਨਲੇਵਾ ਮੰਨਿਆ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ 14 ਅਗਸਤ ਨੂੰ ਐਮ ਪੌਕਸ ਨੂੰ ਕੌਮਾਂਤਰੀ ਐਮਰਜੰਸੀ ਐਲਾਨਿਆ ਗਿਆ ਸੀ ਅਤੇ ਹੁਣ ਤੱਕ ਇਹ ਵਾਇਰਸ 537 ਮੌਤਾਂ ਦਾ ਕਾਰਨ ਬਣ ਚੁੱਕਾ ਹੈ। ਵਾਇਰਸ ਕਾਰਨ ਮੌਤ ਦਰ ਵੱਖ ਵੱਖ ਥਾਵਾਂ ’ਤੇ ਵੱਖੋ ਵੱਖਰੀ ਦਰਜ ਕੀਤੀ ਗਈ ਹੈ ਪਰ ਕਈ ਥਾਵਾਂ ’ਤੇ ਇਹ ਖਤਰਨਾਕ ਹੱਦ ਤੱਕ 10 ਫੀ ਸਦੀ ਤੋਂ ਵੀ ਉਪਰ ਰਹੀ। ਐਮ ਪੌਕਸ ਦੇ ਮਰੀਜ਼ ਦੇ ਸੰਪਰਕ ਵਿਚ ਆਉਣ ਤੋਂ ਕੁਝ ਦਿਨ ਜਾਂ ਕੁਝ ਹਫ਼ਤੇ ਬਾਅਦ ਇਸ ਦੇ ਲੱਛਣ ਸਾਹਮਣੇ ਆਉਣ ਲਗਦੇ ਹਨ ਅਤੇ 4 ਹਫਤੇ ਤੱਕ ਮਰੀਜ਼ ਇਸ ਤੋਂ ਪੀੜਤ ਰਹਿ ਸਕਦਾ ਹੈ।