ਅਮਰੀਕਾ ’ਚ ਪੰਜਾਬੀ ਨੌਜਵਾਨ ਨੂੰ ਗੁਲਾਮ ਬਣ ਕੇ ਰੱਖਣ ਵਾਲੇ ਜੋੜੇ ਨੂੰ ਕੈਦ
ਸੁਨਹਿਰੀ ਭਵਿੱਖ ਦੇ ਸੁਪਨੇ ਦਿਖਾ ਕੇ ਪੰਜਾਬ ਤੋਂ ਅਮਰੀਕਾ ਸੱਦੇ ਨੌਜਵਾਨ ਉਤੇ ਤਿੰਨ ਸਾਲ ਤੱਕ ਜ਼ੁਲਮ ਢਾਹੁਣ ਵਾਲੇ ਜੋੜੇ ਨੂੰ 11 ਸਾਲ ਅਤੇ 7 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।;
ਵਾਸ਼ਿੰਗਟਨ : ਸੁਨਹਿਰੀ ਭਵਿੱਖ ਦੇ ਸੁਪਨੇ ਦਿਖਾ ਕੇ ਪੰਜਾਬ ਤੋਂ ਅਮਰੀਕਾ ਸੱਦੇ ਨੌਜਵਾਨ ਉਤੇ ਤਿੰਨ ਸਾਲ ਤੱਕ ਜ਼ੁਲਮ ਢਾਹੁਣ ਵਾਲੇ ਜੋੜੇ ਨੂੰ 11 ਸਾਲ ਅਤੇ 7 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। 31 ਸਾਲ ਦੇ ਹਰਮਨਪ੍ਰੀਤ ਸਿੰਘ ਨੂੰ 135 ਮਹੀਨੇ ਜੇਲ ਵਿਚ ਰਹਿਣਾ ਹੋਵੇਗਾ ਜਦਕਿ 43 ਸਾਲ ਦੀ ਕੁਲਬੀਰ ਕੌਰ ਨੂੰ 87 ਮਹੀਨੇ ਵਾਸਤੇ ਜੇਲ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਅਦਾਲਤ ਨੇ ਦੋਹਾਂ ਨੂੰ ਹੁਕਮ ਦਿਤਾ ਹੈ ਕਿ ਪੀੜਤ ਨੂੰ ਹਰਜਾਨੇ ਦੇ ਰੂਪ ਵਿਚ ਸਵਾ ਦੋ ਲੱਖ ਡਾਲਰ ਦੀ ਰਕਮ ਅਦਾ ਕੀਤੀ ਜਾਵੇ। ਹਰਮਨਪ੍ਰੀਤ ਸਿੰਘ ਅਤੇ ਕੁਲਬੀਰ ਕੌਰ ਦਾ ਹੁਣ ਤਲਾਕ ਹੋ ਚੁੱਕਾ ਹੈ ਜਿਨ੍ਹਾਂ ਨੂੰ ਆਪਣੇ ਰਿਸ਼ਤੇਦਾਰ ਨੂੰ ਗੁਲਾਮ ਬਣਾ ਕੇ ਰੱਖਣ, ਲਗਾਤਾਰ ਕਈ ਕਈ ਘੰਟੇ ਕੰਮ ਕਰਵਾਉਣ, ਕੁੱਟਮਾਰ ਕਰਨ, ਧਮਕੀਆਂ ਦੇਣ ਅਤੇ ਇੰਮੀਗ੍ਰੇਸ਼ਨ ਦਸਤਾਵੇਜ਼ ਦੱਬ ਕੇ ਰੱਖਣ ਦਾ ਦੋਸ਼ੀ ਕਰਾਰ ਦਿਤਾ ਗਿਆ ਸੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਹਰਮਨਪ੍ਰੀਤ ਸਿੰਘ ਅਤੇ ਕੁਲਬੀਰ ਕੌਰ ਨੇ ਨੌਰਥ ਚੈਸਟਰਫੀਲਡ ਦੇ ਕਨਵੀਨੀਐਂਸ ਸਟੋਰ ਵਿਚ ਹਰਮਨਪ੍ਰੀਤ ਦੇ ਚਚੇਰੇ ਭਰਾ ਨੂੰ ਕੰਮ ’ਤੇ ਲਾ ਦਿਤਾ ਪਰ ਮਿਹਨਤਾਨਾ ਬੇਹੱਦ ਮਾਮੂਲੀ ਦਿਤਾ ਜਾਂਦਾ। 2018 ਵਿਚ ਅਮਰੀਕਾ ਪੁੱਜਣ ਵੇਲੇ ਹਰਮਨਪ੍ਰੀਤ ਸਿੰਘ ਦਾ ਚਚੇਰਾ ਭਰਾ ਨਾਬਾਲਗ ਸੀ ਜਿਸ ਦਾ ਪਾਸਪੋਰਟ ਅਤੇ ਹੋਰ ਇੰਮੀਗ੍ਰੇਸ਼ਨ ਦਸਤਾਵੇਜ਼ ਕੁਲਬੀਰ ਕੌਰ ਨੇ ਆਪਣੇ ਕਬਜ਼ੇ ਵਿਚ ਲੈ ਲਏ। ਸਰਕਾਰੀ ਵਕੀਲਾਂ ਨੇ ਦੱਸਿਆ ਕਿ ਪੀੜਤ ਨੂੰ ਬਾਲਗ ਹੋਣ ਤੋਂ ਬਾਅਦ ਵੀ ਉਸ ਦਾ ਪਾਸਪੋਰਟ ਨਾ ਦਿਤਾ ਗਿਆ ਅਤੇ ਕਨਵੀਨੀਐਂਸ ਸਟੋਰ ਦੇ ਅੰਦਰ ਬਣੇ ਇਕ ਦਫਤਰ ਵਿਚ ਹੀ ਸੌਣ ਵਾਸਤੇ ਬਿਸਤਰਾ ਮਿਲਦਾ ਸੀ।
ਹਰਮਨਪ੍ਰੀਤ ਸਿੰਘ ਨੂੰ 135 ਮਹੀਨੇ ਅਤੇ ਕੁਲਬੀਰ ਕੌਰ ਨੂੰ 87 ਮਹੀਨੇ ਦੀ ਜੇਲ
ਕਈ ਮੌਕਿਆਂ ’ਤੇ ਉਸ ਨੂੰ ਖਾਣਾ ਵੀ ਨਾ ਮਿਲਦਾ ਅਤੇ ਜਦੋਂ ਉਹ ਪੰਜਾਬ ਵਾਪਸ ਜਾਣ ਦੇ ਤਰਲੇ ਕਰਦਾ ਤਾਂ ਉਸ ਨੂੰ ਵੱਖ ਵੱਖ ਤਰੀਕਿਆਂ ਨਾਲ ਧਮਕਾਇਆ ਜਾਂਦਾ। ਇਸਤਗਾਸਾ ਪੱਖ ਵੱਲੋਂ ਪੇਸ਼ ਹੋਏ ਸਹਾਇਕ ਅਟਾਰਨੀ ਜਨਰਲ ਕ੍ਰਿਸਟਨ ਕਲਾਰਕ ਨੇ ਕਿਹਾ ਕਿ ਜੋੜੇ ਨੇ ਨੌਜਵਾਨ ਨੂੰ ਅਮਰੀਕਾ ਵਿੱਚ ਸਕੂਲ ਭੇਜਣ ਦਾ ਵਾਅਦਾ ਕੀਤਾ ਪਰ ਉਹ ਕਦੇ ਵੀ ਸਕੂਲ ਨਾ ਜਾ ਸਕਿਆ। ਇਸ ਤੋਂ ਇਲਾਵਾ ਉਸ ਨੂੰ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਦਾ ਵੀ ਸ਼ਿਕਾਰ ਬਣਾਇਆ ਗਿਆ। ਹਰਮਨਪ੍ਰੀਤ ਅਤੇ ਕੁਲਬੀਰ ਨੂੰ ਪੀੜਤ ਦੇ ਇੰਮੀਗ੍ਰੇਸ਼ਨ ਦਸਤਾਵੇਜ਼ ਜ਼ਬਤ ਕਰਨ ਅਤੇ ਵਾਰ-ਵਾਰ ਉਸ ਦੀ ਕੁੱਟਮਾਰ ਕਰਨ ਦਾ ਵੀ ਦੋਸ਼ੀ ਠਹਿਰਾਇਆ ਗਿਆ। ਦੱਸਿਆ ਜਾਂਦਾ ਹੈ ਕਿ ਜੋੜੇ ਨੇ ਉਸ ਦੇ ਰਹਿਣ-ਸਹਿਣ ਦੇ ਹਾਲਾਤ ਬਦਤਰ ਕਰ ਦਿੱਤੇ ਸਨ ਅਤੇ ਮਾਮੂਲੀ ਤਨਖਾਹ ਲਈ ਉਸ ਨੂੰ ਲੰਬੇ ਸਮੇਂ ਤੱਕ ਕੰਮ ਕਰਨ ਲਈ ਮਜਬੂਰ ਕਰ ਦਿੱਤਾ। ਇਸਤਗਾਸਾ ਪੱਖ ਨੇ ਕਿਹਾ ਕਿ ਜਬਰੀ ਮਜ਼ਦੂਰੀ ਅਤੇ ਮਨੁੱਖੀ ਤਸਕਰੀ ਘਿਣਾਉਣੇ ਅਪਰਾਧ ਹਨ ਜਿਨ੍ਹਾਂ ਦੀ ਸਾਡੇ ਸਮਾਜ ਵਿੱਚ ਕੋਈ ਥਾਂ ਨਹੀਂ। ਵਰਜੀਨੀਆ ਦੇ ਪੂਰਬੀ ਜ਼ਿਲ੍ਹੇ ਦੀ ਅਟਾਰਨੀ ਜੈਸਿਕਾ ਡੀ. ਐਬਰ ਦਾ ਕਹਿਣਾ ਸੀ ਕਿ ਦੋਸ਼ੀਆਂ ਵੱਲੋਂ ਨਾ ਸਿਰਫ ਪੀੜਤ ਦੇ ਮਨੁੱਖੀ ਹੱਕਾਂ ਦੀ ਉਲੰਘਣਾ ਕੀਤੀ ਗਈ ਸਗੋਂ ਉਸ ਦੀ ਆਜ਼ਾਦੀ ਪੂਰੀ ਤਰ੍ਹਾਂ ਖੋਹ ਲਈ। ਪੀੜਤ ਦਾ ਜ਼ਬਰਦਸਤੀ ਵਿਆਹ ਕਰ ਦਿਤਾ ਗਿਆ ਅਤੇ ਗੈਸ ਸਟੇਸ਼ਨ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰਨ ’ਤੇ ਪੁਲਿਸ ਕੋਲ ਸ਼ਿਕਾਇਤ ਕਰਨ ਦੀ ਧਮਕੀ ਦਿਤੀ ਗਈ। ਇਕ ਵਾਰ ਜਦੋਂ ਪੀੜਤ ਨੇ ਆਪਣਾ ਪਾਸਪੋਰਟ ਮੰਗਿਆ ਤਾਂ ਹਰਮਨਪ੍ਰੀਤ ਸਿੰਘ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ। ਤਿੰਨ ਵੱਖ ਵੱਖ ਮੌਕਿਆਂ ’ਤੇ ਪੀੜਤ ਨੂੰ ਪਸਤੌਲ ਦਿਖਾ ਕੇ ਡਰਾਇਆ ਵੀ ਗਿਆ। ਮਾਮਲੇ ਦੀ ਪੜਤਾਲ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਰਿਚਮੰਡ ਫੀਲਡ ਦਫ਼ਤਰ ਵੱਲੋਂ ਕੀਤੀ ਗਈ। ਚੇਤੇ ਰਹੇ ਕਿ ਪਿਛਲੇ ਸਾਲ ਨਵੰਬਰ ਵਿਚ ਅਮਰੀਕਾ ਦੇ ਮਜ਼ੂਰੀ ਸੂਬੇ ਵਿਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ ਜਿਥੇ ਭਾਰਤੀ ਨੌਜਵਾਨ ਉਪਰ ਐਨਾ ਤਸ਼ੱਦਦ ਕੀਤਾ ਗਿਆ ਕਿ ਉਸ ਦੇ ਹੱਥਾਂ-ਪੈਰਾਂ ਦੀਆਂ ਹੱਡੀਆਂ ਟੁੱਟ ਗਈਆਂ ਅਤੇ ਸਰੀਰ ਦੇ ਕਈ ਹਿੱਸਿਆਂ ’ਤੇ ਡੂੰਘੇ ਫੱਟ ਨਜ਼ਰ ਆ ਰਹੇ ਸਨ। ਜ਼ੁਲਮ ਢਾਹੁਣ ਵਾਲਿਆਂ ਨੇ ਇਹ ਸਭ ਇਕ-ਦੋ ਦਿਨ ਵਿਚ ਨਹੀਂ ਕੀਤਾ ਸਗੋਂ ਭਾਰਤੀ ਨੌਜਵਾਨ ਨੂੰ ਕਈ ਮਹੀਨੇ ਗੁਲਾਮ ਬਣਾ ਕੇ ਰੱਖਿਆ ਗਿਆ ਅਤੇ ਇਸ ਦੌਰਾਨ ਉਸ ਨੂੰ ਬਾਥਰੂਮ ਜਾਣ ਦੀ ਇਜਾਜ਼ਤ ਵੀ ਨਹੀਂ ਸੀ ਮਿਲਦੀ।