ਲਾੜੀ ਨੂੰ ਦਾਜ ’ਚ 58 ਲੱਖ ਦੀਆਂ ਬਿੱਲੀਆਂ ਤੇ 25 ਸੋਨੇ ਦੀਆਂ ਇੱਟਾਂ ਮਿਲੀਆਂ
ਭਾਰਤ ਵਿਚ ਦਾਜ ਦੀ ਪੁਰਾਣੀ ਪਰੰਪਰਾ ਨੂੰ ਹੁਣ ਭਾਵੇਂ ਗ਼ੈਰਕਾਨੂੰਨੀ ਕਰਾਰ ਦੇ ਦਿੱਤਾ ਗਿਆ ਏ ਪਰ ਕੁੱਝ ਹੋਰ ਦੇਸ਼ਾਂ ਵਿਚ ਇਹ ਦਾਜ ਦੀ ਪਰੰਪਰਾ ਹਾਲੇ ਵੀ ਕਾਇਮ ਐ। ਪਿਛਲੇ ਕੁੱਝ ਦਿਨਾਂ ਤੋਂ ਸ਼ੋਸ਼ਲ ਮੀਡੀਆ ’ਤੇ ਇਕ ਵਿਆਹ ਦੀ ਖ਼ਬਰ ਤੇਜ਼ੀ ਨਾਲ ਫ਼ੈਲ ਰਹੀ ਐ
ਹਨੋਈ : ਭਾਰਤ ਵਿਚ ਦਾਜ ਦੀ ਪੁਰਾਣੀ ਪਰੰਪਰਾ ਨੂੰ ਹੁਣ ਭਾਵੇਂ ਗ਼ੈਰਕਾਨੂੰਨੀ ਕਰਾਰ ਦੇ ਦਿੱਤਾ ਗਿਆ ਏ ਪਰ ਕੁੱਝ ਹੋਰ ਦੇਸ਼ਾਂ ਵਿਚ ਇਹ ਦਾਜ ਦੀ ਪਰੰਪਰਾ ਹਾਲੇ ਵੀ ਕਾਇਮ ਐ। ਪਿਛਲੇ ਕੁੱਝ ਦਿਨਾਂ ਤੋਂ ਸ਼ੋਸ਼ਲ ਮੀਡੀਆ ’ਤੇ ਇਕ ਵਿਆਹ ਦੀ ਖ਼ਬਰ ਤੇਜ਼ੀ ਨਾਲ ਫ਼ੈਲ ਰਹੀ ਐ, ਜਿਸ ਵਿਚ ਲਾੜੀ ਨੂੰ ਮਾਤਾ ਪਿਤਾ ਵੱਲੋਂ ਅਜਿਹਾ ਦਹੇਜ ਦਿੱਤਾ ਗਿਆ, ਜਿਸ ਬਾਰੇ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਏ। ਸੋ ਆਓ ਤੁਹਾਨੂੰ ਦੱਸਦੇ ਆਂ ਕਿੱਥੋਂ ਦੀ ਐ ਇਹ ਖ਼ਬਰ ਅਤੇ ਲਾੜੀ ਨੂੰ ਕੀ ਕੁੱਝ ਦਿੱਤਾ ਗਿਆ ਦਹੇਜ।
ਸੋਸ਼ਲ ਮੀਡੀਆ ’ਤੇ ਇਕ ਖ਼ਬਰ ਕਈ ਦਿਨਾਂ ਤੋਂ ਕਾਫ਼ੀ ਜ਼ਿਆਦਾ ਫ਼ੈਲੀ ਹੋਈ ਐ, ਜਿਸ ਵਿਚ ਇਕ ਲਾੜੀ ਦੇ ਮਾਪਿਆਂ ਵੱਲੋਂ ਆਪਣੀ ਧੀ ਨੂੰ ਦਹੇਜ ਵਿਚ 100 ਸੀਵੇਟ ਬਿੱਲੀਆਂ ਦਿੱਤੀਆਂ ਗਈਆਂ ਨੇ, ਜਿਨ੍ਹਾਂ ਦੀ ਕੀਮਤ ਲਗਭਗ 70 ਹਜ਼ਾਰ ਅਮਰੀਕੀ ਡਾਲਰ ਯਾਨੀ ਕਿ 58 ਲੱਖ ਰੁਪਏ ਦੱਸੀ ਜਾ ਰਹੀ ਐ। ਇੱਥੇ ਹੀ ਬਸ ਨਹੀਂ,, ਇਸ ਤੋਂ ਇਲਾਵਾ ਦਹੇਜ ਵਿਚ 25 ਸੋਨੇ ਦੀਆਂ ਇੱਟਾਂ, 20 ਹਜ਼ਾਰ ਡਾਲਰ ਨਕਦ, 3 ਲੱਖ ਵੀਅਤਨਾਮੀ ਡੋਂਗ ਦੇ ਸ਼ੇਅਰ ਅਤੇ ਕਈ ਮਹਿੰਗੀਆਂ ਜਾਇਦਾਦਾਂ ਵੀ ਸ਼ਾਮਲ ਨੇ। ਦਰਅਸਲ ਇਹ ਖ਼ਬਰ ਵੀਅਤਨਾਮ ਤੋਂ ਸਾਹਮਣੇ ਆਈ ਐ, ਜਿੱਥੇ 22 ਸਾਲਾ ਲਾੜੀ ਨੂੰ ਦਾਜ ਵਿਚ ਮਿਲੀਆਂ ਬਿੱਲੀਆਂ ਬਾਰੇ ਜਾਣ ਕੇ ਹਰ ਕੋਈ ਹੈਰਾਨ ਹੋ ਰਿਹਾ ਏ।
ਦਰਅਸਲ ਸੀਵੇਟ ਬਿੱਲੀ ਇਕ ਖ਼ਾਸ ਤਰ੍ਹਾਂਦਾ ਜਾਨਵਰ ਹੁੰਦੈ ਜੋ ਦੱਖਣ ਏਸ਼ੀਆ ਅਤੇ ਅਫ਼ਰੀਕਾ ਦੇ ਕੁੱਝ ਹਿੱਸਿਆਂ ਵਿਚ ਪਾਇਆ ਜਾਂਦੈ। ਇਹ ਜਾਨਵਰ ਇਸ ਲਈ ਖ਼ਾਸ ਮੰਨਿਆ ਜਾਂਦੈ ਕਿਉਂਕਿ ਇਸ ਦੀ ਮਦਦ ਨਾਲ ਦੁਨੀਆ ਦੀ ਸਭ ਤੋਂ ਮਹਿੰਗੀ ਕੌਫ਼ੀ ‘ਕੋਪੀ ਲੁਵਾਕ’ ਬਣਾਈ ਜਾਂਦੀ ਐ। ਇਸ ਪ੍ਰਕਿਰਿਆ ਵਿਚ ਸੀਵੇਟ ਬਿੱਲੀ ਪੱਕੀ ਹੋਈ ਕੌਫ਼ੀ ਚੈਰੀ ਨੂੰ ਖਾਂਦੀ ਐ ਅਤੇ ਫਿਰ ਉਸ ਦੇ ਮਲ਼ ਵਿਚੋਂ ਨਿਕਲੇ ਬੀਜਾਂ ਨੂੰ ਸਾਫ਼ ਕਰਕੇ ਇਹ ਕੌਫ਼ੀ ਤਿਆਰ ਕੀਤੀ ਜਾਂਦੀ ਐ।
ਇਕ ਮਾਦਾ ਸੀਵੇਟ ਜਿਸ ਦੇ ਪਹਿਲਾਂ ਬੱਚਾ ਹੋ ਚੁੱਕਿਆ ਹੋਵੇ, ਉਸ ਦੀ ਕੀਮਤ 700 ਡਾਲਰ ਦੇ ਕਰੀਬ ਹੁੰਦੀ ਐ, ਜਦਕਿ ਗਰਭਵਤੀ ਸੀਵੇਟ ਦੀ ਕੀਮਤ 1050 ਡਾਲਰ ਤੱਕ ਪਹੁੰਚ ਜਾਂਦੀ ਐ। ਇਸ ਤੋਂ ਇਲਾਵਾ ਵੀਅਤਨਾਮ ਅਤੇ ਚੀਨ ਵਿਚ ਸੀਵੇਟ ਦੇ ਮਾਸ ਨੂੰ ਲਗਜ਼ਰੀ ਭੋਜਨ ਅਤੇ ਚੀਨੀ ਰਵਾਇਤੀ ਦਵਾਈਆਂ ਵਿਚ ਵਰਤੋਂ ਕੀਤਾ ਜਾਂਦੈ, ਇਸੇ ਕਰਕੇ ਇਨ੍ਹਾਂ ਜਾਨਵਰਾਂ ਦਾ ਵਪਾਰ ਕੀਤਾ ਜਾਂਦੈ ਅਤੇ ਬੇਹੱਦ ਕੀਮਤੀ ਮੰਨੇ ਜਾਂਦੇ ਨੇ।
ਲਾੜੀ ਦੇ ਪਿਤਾ ਹੋਂਗ ਚੀ ਟਾਮ ਦਾ ਕਹਿਣਾ ਏ ਕਿ ਉਨ੍ਹਾਂ ਦੀ ਬੇਟੀ ਇਕ ਬਿਜਨੈੱਸ ਸਕੂਲ ਤੋਂ ਪੜ੍ਹੀ ਲਿਖੀ ਐ ਅਤੇ ਹੁਣ ਉਹ ਪਰਿਵਾਰਕ ਕਾਰੋਬਾਰ ਸੰਭਾਲਣ ਵਿਚ ਸਮਰੱਥ ਐ। ਉਨ੍ਹਾਂ ਆਖਿਆ ਕਿ ਮੈਂ ਆਪਣੀ ਬੇਟੀ ਨੂੰ ਅਜਿਹੀ ਸੰਪਤੀ ਦਿੱਤੀ ਐ ਜੋ ਉਸ ਨੂੰ ਆਰਥਿਕ ਤੌਰ ’ਤੇ ਆਤਮ ਨਿਰਭਰ ਬਣਾ ਸਕਦੀ ਐ। ਉਹ ਚਾਹੇ ਤਾਂ ਇਨ੍ਹਾਂ ਸੀਵੇਟ ਬਿੱਲੀਆਂ ਨੂੰ ਪਾਲ ਸਕਦੀ ਐ ਜਾਂ ਉਨ੍ਹਾਂ ਨੂੰ ਵੇਚ ਕੇ ਅੱਗੇ ਨਿਵੇਸ਼ ਕਰ ਸਕਦੀ ਐ। ਇਹ ਉਨ੍ਹਾਂ ਦੀ ਆਜ਼ਾਦੀ ਦਾ ਪ੍ਰਤੀਕ ਐ।
ਜਿੱਥੇ ਲਾੜੀ ਵਾਲਿਆਂ ਨੇ ਵਿਆਹ ਵਿਚ ਵੱਡੇ ਤੋਹਫ਼ੇ ਦਿੱਤੇ, ਉਥੇ ਹੀ ਲਾੜਾ ਪੱਖ ਵੀ ਪਿੱਛੇ ਨਹੀਂ ਰਿਹਾ। ਉਨ੍ਹਾਂ ਵੱਲੋਂ ਲਾੜੀ ਨੂੰ 10 ਟੇਲ ਸੋਨਾ, 200 ਮਿਲੀਅਨ ਡੋਂਗ ਨਕਦੀ ਅਤੇ ਡਾਇਮੰਡ ਜਵੈਲਰੀ ਭੇਂਟ ਕੀਤੀ। ਇਹ ਕੀਮਤੀ ਸੌਗਾਤਾਂ ਏਸ਼ੀਆਈ ਸੱਭਿਆਚਾਰ ਵਿਚ ਦਾਜ ਅਤੇ ਬ੍ਰਾਈਡ ਪ੍ਰਾਈਸ ਦੇ ਮਹੱਤਵ ਨੂੰ ਦਰਸਾਉਂਦੀਆਂ ਨੇ ਜੋ ਨਾ ਸਿਰਫ਼ ਪਰਿਵਾਰ ਦੀ ਤਰੱਕੀ ਨੂੰ ਦਿਖਾਉਂਦੇ ਨੇ ਬਲਕਿ ਇਹ ਵੀ ਦੱਸਦੇ ਨੇ ਕਿ ਬੇਟੀ ਨੂੰ ਇਕ ਨਵੇਂ ਜੀਵਨ ਵਿਚ ਕਿੰਨੀ ਮਜ਼ਬੂਤੀ ਦੇ ਨਾਲ ਭੇਜਿਆ ਜਾ ਰਿਹਾ ਏ।
ਵਿਆਹ ਵਿਚ ਮਿਲੇ ਅਨੋਖੋ ਤੋਹਫ਼ਿਆਂ ਕਾਰਨ ਇਸ ਵਿਆਹ ਦੀ ਸੋਸ਼ਲ ਮੀਡੀਆ ’ਤੇ ਕਾਫ਼ੀ ਚਰਚਾ ਹੋ ਰਹੀ ਐ, ਜਿੱਥੇ ਕੁੱਝ ਲੋਕਾਂ ਵੱਲੋਂ ਇਸ ਪਰਿਵਾਰਕ ਪ੍ਰੇਮ ਅਤੇ ਸਮਰਥਨ ਦੀ ਮਿਸਾਲ ਦੱਸਿਆ ਜਾ ਰਿਹਾ ਏ, ਉਕੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਦਾਜ ਜ਼ਰੀਏ ਜਾਨਵਰਾਂ ਦੇ ਵਪਾਰ ’ਤੇ ਵੱਡੇ ਸਵਾਲ ਖੜ੍ਹੇ ਕੀਤੇ ਜਾ ਰਹੇ ਨੇ। ਵਰਲਡ ਐਨੀਮਲ ਪ੍ਰੋਟੈਕਸ਼ਨ ਇੰਟਰਨੈਸ਼ਨਲ ਦੇ ਮੁਤਾਬਕ ਸੀਵੇਟ ਬਿੱਲੀਆਂ ਦਾ ਵਪਾਰ ਅਕਸਰ ਬੇਹੱਦ ਕਰੂਰ ਤਰੀਕਿਆਂ ਨਾਲ ਕੀਤਾ ਜਾਂਦੈ। ਜੰਗਲੀ ਸੀਵੇਟ ਨੂੰ ਜਾਲ਼ ਅਤੇ ਬੌਕਸ ਟ੍ਰੈਪ ਜ਼ਰੀਏ ਫੜਿਆ ਜਾਂਦੈ, ਫਿਰ ਉਨ੍ਹਾਂ ਨੂੰ ਬੇਹੱਦ ਛੋਟੇ ਪਿੰਜਰਿਆਂ ਵਿਚ ਰੱਖ ਕੇ ਫਾਰਮਾਂ ਵਿਚ ਭੇਜਿਆ ਜਾਂਦੈ, ਜਿੱਥੇ ਉਨ੍ਹਾਂ ਨੂੰ ਠੀਕ ਢੰਗ ਦਾ ਖਾਣਾ ਅਤੇ ਥਾਂ ਨਹੀਂ ਦਿੱਤੀ ਜਾਂਦੀ ਅਤੇ ਜਾਨਵਰਾਂ ਨੂੰ ਕਾਫ਼ੀ ਤਣਾਅ ਅਤੇ ਦਰਦ ਝੱਲਣਾ ਪੈਂਦਾ ਏ।
ਫਿਲਹਾਲ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ