ਫਰਾਂਸ ਵਿਚ ਮਿਊਜ਼ਿਕ ਫੈਸਟੀਵਲ ਦੌਰਾਨ ਸਰਿੰਜ ਹਮਲੇ, 145 ਜ਼ਖਮੀ
ਫਰਾਂਸ ਵਿਚ ਸਾਲਾਨਾ ਸਟ੍ਰੀਟ ਮਿਊਜ਼ਿਕ ਫੈਸਟੀਵਲ ਦੌਰਾਨ ਕੁਝ ਸ਼ੱਕੀਆਂ ਵੱਲੋਂ ਲੋਕਾਂ ’ਤੇ ਸਰਿੰਜ ਹਮਲਾ ਕੀਤਾ ਗਿਆ ਅਤੇ ਘੱਟੋ ਘੱਟ 145 ਜਣਿਆਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ।
ਪੈਰਿਸ : ਫਰਾਂਸ ਵਿਚ ਸਾਲਾਨਾ ਸਟ੍ਰੀਟ ਮਿਊਜ਼ਿਕ ਫੈਸਟੀਵਲ ਦੌਰਾਨ ਕੁਝ ਸ਼ੱਕੀਆਂ ਵੱਲੋਂ ਲੋਕਾਂ ’ਤੇ ਸਰਿੰਜ ਹਮਲਾ ਕੀਤਾ ਗਿਆ ਅਤੇ ਘੱਟੋ ਘੱਟ 145 ਜਣਿਆਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ‘ਦਾ ਗਾਰਡੀਅਨ’ ਦੀ ਰਿਪੋਰਟ ਮੁਤਾਬਕ ਫ਼ਿਲਹਾਲ ਸਪੱਸ਼ਟ ਨਹੀਂ ਹੋ ਸਕਿਆ ਕਿ ਇੰਜੈਕਸ਼ਨ ਵਿਚ ਖਤਰਨਾਕ ਨਸ਼ੀਲੀਆਂ ਦਵਾਈਆਂ ਸ਼ਾਮਲ ਸਨ ਜਾਂ ਨਹੀਂ। ਅਜਿਹੀਆਂ ਦਵਾਈਆਂ ਦੀ ਵਰਤੋਂ ਲੋਕਾਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਲਿਜਾ ਸਕਦੀਆਂ ਹਨ। ਵੱਡੇ ਪੱਧਰ ’ਤੇ ਸਰਿੰਜਾਂ ਨਾਲ ਜ਼ਖਮ ਸਾਹਮਣੇ ਆਉਣ ਮਗਰੋਂ ਲੋਕਾਂ ਵਿਚ ਭਾਜੜ ਪੈ ਗਈ ਅਤੇ ਸ਼ੱਕੀਆਂ ਵੱਲੋਂ ਤੋੜ-ਭੰਨ ਵੀ ਕੀਤੀ ਗਈ। ਘਟਨਾ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।
ਪੁਲਿਸ ਨੇ 12 ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ
ਪੁਲਿਸ ਵੱਲੋਂ 12 ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਜਿਨ੍ਹਾਂ ਵੱਲੋਂ ਲੋਕਾਂ ਨੂੰ ਸਰਿੰਜਾਂ ਨਾਲ ਨਿਸ਼ਾਨਾ ਬਣਾਇਆ ਗਿਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਕ ਇਨਫਲੂਐਂਸਰ ਵੱਲੋਂ ਚਿਤਾਵਨੀ ਦਿਤੀ ਜਾ ਚੁੱਕੀ ਸੀ ਕਿ ਸੋਸ਼ਲ ਮੀਡੀਆ ’ਤੇ ਔਰਤਾਂ ਨੂੰ ਸਰਿੰਜ ਹਮਲੇ ਦਾ ਨਿਸ਼ਾਨਾ ਬਣਾਉਣ ਦੀਆਂ ਗੱਲਾਂ ਹੋ ਰਹੀਆਂ ਸਨ। ਫਰਾਂਸ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਪੈਰਿਸ ਵਿਚ 13 ਮਾਮਲੇ ਸਾਹਮਣੇ ਆਏ ਹਨ। ਚੇਤੇ ਰਹੇ ਕਿ 2022 ਦੌਰਾਨ ਵੀ ਕਲੱਬਾਂ ਅਤੇ ਬਾਰਜ਼ ਵਿਚ ਸਰਿੰਜ ਹਮਲਿਆਂ ਦੀਆਂ ਸ਼ਿਕਾਇਤਾਂ ਆਈਆਂ ਸਨ। ਉਸ ਵੇਲੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਸਰਿੰਜ ਵਿਚ ਨਸ਼ਾ ਹੋਣ ਦੇ ਖਦਸ਼ੇ ਨੂੰ ਵੇਖਦਿਆਂ ਟੌਕਸੀਕਾਲੋਜੀ ਟੈਸਟ ਕਰਵਾਉਣ ਦਾ ਸੁਝਾਅ ਦਿਤਾ ਗਿਆ ਸੀ ਅਤੇ ਸ਼ੱਕ ਦੇ ਆਧਾਰ ’ਤੇ 370 ਜਣਿਆਂ ਨੂੰ ਹਿਰਾਸਤ ਵਿਚ ਲਿਆ।