ਪੁਲਾੜ ਵਿਚੋਂ ਹੀ ਵੋਟ ਪਾਉਣਗੇ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ
100 ਦਿਨ ਤੋਂ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਫਸੀ ਭਾਰਤੀ ਮੂਲ ਦੀ ਐਸਟ੍ਰੋਨੌਟ ਸੁਨੀਤਾ ਵਿਲੀਅਮਜ਼ ਅਤੇ ਉਨ੍ਹਾਂ ਦੇ ਸਾਥੀ ਬੁਚ ਵਿਲਮੋਰ ਨੇ ਪਹਿਲੀ ਪ੍ਰੈਸ ਕਾਨਫ਼ਰੰਸ ਕਰਦਿਆਂ ਅਮਰੀਕਾ ਚੋਣਾਂ ਵਿਚ ਪੁਲਾੜ ਤੋਂ ਹੀ ਵੋਟ ਪਾਉਣ ਦਾ ਐਲਾਨ ਕਰ ਦਿਤਾ।;
ਕੌਮਾਂਤਰੀ ਪੁਲਾੜ ਸਟੇਸ਼ਨ : 100 ਦਿਨ ਤੋਂ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਫਸੀ ਭਾਰਤੀ ਮੂਲ ਦੀ ਐਸਟ੍ਰੋਨੌਟ ਸੁਨੀਤਾ ਵਿਲੀਅਮਜ਼ ਅਤੇ ਉਨ੍ਹਾਂ ਦੇ ਸਾਥੀ ਬੁਚ ਵਿਲਮੋਰ ਨੇ ਪਹਿਲੀ ਪ੍ਰੈਸ ਕਾਨਫ਼ਰੰਸ ਕਰਦਿਆਂ ਅਮਰੀਕਾ ਚੋਣਾਂ ਵਿਚ ਪੁਲਾੜ ਤੋਂ ਹੀ ਵੋਟ ਪਾਉਣ ਦਾ ਐਲਾਨ ਕਰ ਦਿਤਾ। ਸੁਨੀਤਾ ਵਿਲੀਅਮਜ਼ ਅਤੇ ਉਨ੍ਹਾਂ ਦੇ ਸਾਥੀ ਵੱਲੋਂ ਕੀਤੀ ਗਈ ਟਿੱਪਣੀ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੋਹਾਂ ਨੂੰ ਨੇੜ ਭਵਿੱਖ ਵਿਚ ਧਰਤੀ ’ਤੇ ਲਿਆਉਣਾ ਮੁਸ਼ਕਲ ਹੋਵੇਗਾ। ਸੁਨੀਤਾ ਅਤੇ ਬੁਚ 5 ਜੂਨ ਨੂੰ ਸਪੇਸ ਸਟੇਸ਼ਨ ਵਾਸਤੇ ਰਵਾਨਾ ਹੋਏ ਸਨ ਅਤੇ 6 ਜੂਨ ਨੂੰ ਉਥੇ ਪੁੱਜ ਗਏ। ਦੋਹਾਂ ਨੇ 13 ਜੂਨ ਨੂੰ ਵਾਪਸੀ ਕਰਨੀ ਸੀ ਪਰ ਨਾਸਾ ਦੇ ਬੋਇੰਗ ਸਟਾਰਲਾਈਨਰ ਸਪੇਸਕ੍ਰਾਫ਼ਟ ਵਿਚ ਤਕਨੀਕੀ ਖਰਾਬੀ ਕਾਰਨ ਵਾਪਸੀ ਟਾਲ ਦਿਤੀ ਗਈ। ਹੁਣ ਅਗਲੇ ਸਾਲ ਹੀ ਦੋਹਾਂ ਦੀ ਵਾਪਸੀ ਸੰਭਵ ਹੋ ਸਕਦੀ ਹੈ। ਵੋਟਿੰਗ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਬੁਚ ਨੇ ਕਿਹਾ ਕਿ ਉਨ੍ਹਾਂ ਦੋਹਾਂ ਨੇ ਅੱਜ ਹੀ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਹੈ ਅਤੇ ਨਾਸਾ ਵੱਲੋਂ ਯਤਨ ਕੀਤੇ ਜਾ ਰਹੇ ਹਨ ਕਿ ਦੋਹਾਂ ਦੀ ਵੋਟ ਪਵਾਈ ਜਾ ਸਕੇ। ਤਕਰੀਬਨ 400 ਕਿਲੋਮੀਟਰ ਦੂਰ ਇੰਟਰਨੈਸ਼ਨਲ ਸਪੇਸ ਸਟੇਸ਼ਨ ’ਤੇ ਮੌਜੂਦ ਸੁਨੀਤਾ ਅਤੇ ਬੁਚ ਨੇ ਕਿਹਾ ਕਿ ਨਾਸਾ ਨੂੰ ਪੋਸਟਲ ਬੈਲਟ ਦਾ ਪ੍ਰਬੰਧ ਕਰਨ ਦੀ ਗੁਜ਼ਾਰਿਸ਼ ਕੀਤੀ ਗਈ ਹੈ। ਐਨੀ ਵੱਡੀ ਮੁਸ਼ਕਲ ਵਿਚ ਘਿਰਨ ਦੇ ਬਾਵਜੂਦ ਸੁਨੀਤਾ ਨੇ ਕਿਹਾ ਕਿ ਕੌਮਾਂਤਰੀ ਪੁਲਾੜ ਸਟੇਸ਼ਨ ਉਨ੍ਹਾਂ ਵਾਸਤੇ ਖੁਸ਼ੀ ਵਾਲੀ ਥਾਂ ਹੈ ਅਤੇ ਜੇ ਜ਼ਰੂਰਤ ਪਈ ਤਾਂ ਉਹ 8, 9 ਜਾਂ 10 ਮਹੀਨੇ ਵੀ ਇਥੇ ਰਹਿ ਸਕਦੇ ਹਨ ਪਰ ਆਪਣੇ ਪਰਵਾਰ ਦੀ ਯਾਦ ਸਤਾਉਂਦੀ ਹੈ। ਇਸੇ ਦੌਰਾਨ ਬੁਚ ਨੇ ਦੱਸਿਆ ਕਿ ਉਹ ਸਵੇਰੇ 4.30 ਵਜੇ ਉਠਦੇ ਹਨ ਜਦਕਿ ਸੁਨੀਤਾ ਵਿਲੀਅਮਜ਼ ਦੇ ਉਠਣ ਦਾ ਸਮਾਂ 6.30 ਵਜੇ ਹੈ। ਪੁਲਾੜ ਵਿਚ ਪੈਣ ਵਾਲੇ ਅਸਰਾਂ ਦੇ ਮੱਦੇਲਜ਼ਰ ਸਰੀਰਕ ਨੁਕਸਾਨ ਤੋਂ ਬਚਾਅ ਲਈ ਦੋ ਘੰਟੇ ਕਸਰਤ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸਟਾਰਲਾਈਨਰ ਦੇ ਪਹਿਲੇ ਟੈਸਟ ਪਾਇਲਟ ਵਜੋਂ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਐਨਾ ਲੰਮਾ ਸਮਾਂ ਪੁਲਾੜ ਵਿਚ ਲੰਘਾਉਣਾ ਪਵੇਗਾ ਪਰ ਇਸ ਪੇਸ਼ੇ ਵਿਚ ਅਕਸਰ ਸਮੱਸਿਆਵਾਂ ਆ ਜਾਂਦੀਆਂ ਹਨ। ਇਥੇ ਦਸਣਾ ਬਣਦਾ ਹੈ ਕਿ ਸਟਾਰਲਾਈਨਰ ਬੀਤੀ 7 ਸਤੰਬਰ ਨੂੰ ਖਾਲੀ ਹੀ ਧਰਤੀ ’ਤੇ ਵਾਪਸ ਆ ਗਿਆ ਕਿਉਂਕਿ ਹੀਲੀਅਮ ਲੀਕ ਹੋਣ ਕਾਰਨ ਇਸ ਦੀ ਸੁਰੱਖਿਅਤ ਵਾਪਸੀ ’ਤੇ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਸੀ।