ਫਰਾਂਸ ਦੀ ਬਸਤੀ ’ਚ ਸਮੁੰਦਰੀ ਤੂਫਾਨ ਦਾ ਕਹਿਰ, 1000 ਤੋਂ ਵੱਧ ਮੌਤਾਂ

ਫਰਾਂਸ ਦੀ ਬਸਤੀ ਵਿਚ ਆਏ ਸਮੁੰਦਰੀ ਤੂਫਾਨ ਨੇ ਕਹਿਰ ਢਾਹ ਦਿਤਾ ਅਤੇ ਹੁਣ ਤੱਕ ਇਕ ਹਜ਼ਾਰ ਤੋਂ ਵੱਧ ਮੌਤਾਂ ਹੋਣ ਦੀ ਰਿਪੋਰਟ ਹੈ।;

Update: 2024-12-16 13:28 GMT

ਮਾਇਔਟ : ਫਰਾਂਸ ਦੀ ਬਸਤੀ ਵਿਚ ਆਏ ਸਮੁੰਦਰੀ ਤੂਫਾਨ ਨੇ ਕਹਿਰ ਢਾਹ ਦਿਤਾ ਅਤੇ ਹੁਣ ਤੱਕ ਇਕ ਹਜ਼ਾਰ ਤੋਂ ਵੱਧ ਮੌਤਾਂ ਹੋਣ ਦੀ ਰਿਪੋਰਟ ਹੈ। ਹਿੰਦ ਮਹਾਂਸਾਗਰ ਵਿਚ ਅਫ਼ਰੀਕਾ ਮਹਾਂਦੀਪ ਨੇੜੇ ਮਾਇਔਟ ਟਾਪੂ ਦੀ ਸਵਾ ਤਿੰਨ ਲੱਖ ਆਬਾਦੀ ਵਿਚੋਂ ਇਕ ਲੱਖ ਗੈਰਕਾਨੂੰਨੀ ਪ੍ਰਵਾਸੀ ਹਨ ਜਿਸ ਦੇ ਮੱਦੇਨਜ਼ਰ ਮੌਤਾਂ ਦਾ ਸਹੀ ਅੰਕੜਾ ਉਭਰ ਕੇ ਸਾਹਮਣੇ ਆਉਣ ਵਿਚ ਸਮਾਂ ਲੱਗ ਸਕਦਾ ਹੈ। ਬੀਤੇ 100 ਸਾਲ ਦੌਰਾਨ ਮਾਇਔਟ ਵਿਖੇ ਆਏ ਸਭ ਤੋਂ ਖ਼ਤਰਾਨਕ ਸਮੁੰਦਰੀ ਤੂਫਾਨ ਦੌਰਾਨ ਹਵਾਵਾਂ ਦੀ ਰਫ਼ਤਾਰ 225 ਕਿਲੋਮੀਟਰ ਪ੍ਰਤੀ ਘੰਟਾ ਤੋਂ ਵਧ ਰਹੀ ਅਤੇ ਵੱਡੀ ਗਿਣਤੀ ਵਿਚ ਕੱਚੇ ਮਕਾਨ ਤਾਸ਼ ਦੇ ਪੱਤਿਆਂ ਵਾਂਗ ਉਡ ਗਏ।

ਵੱਡੇ ਪੱਧਰ ’ਤੇ ਚੱਲ ਰਹੇ ਰਾਹਤ ਕਾਰਜ

ਤੂਫਾਨ ਦੌਰਾਨ ਬਚੇ ਲੋਕਾਂ ਨੇ ਦੱਸਿਆ ਕਿ ਕਈ ਘੰਟੇ ਤੱਕ ਸੰਘਰਸ਼ ਤੋਂ ਬਾਅਦ ਹੀ ਸੁਖ ਦਾ ਸਾਹ ਆਇਆ। ਹਵਾਵਾਂ ਆਪਣੇ ਨਾਲ ਸਭ ਕੁਝ ਉਡਾ ਕੇ ਲਿਜਾ ਰਹੀਆਂ ਸਨ ਅਤੇ ਵੱਡੇ ਵੱਡੇ ਦਰੱਖਤ ਧਰਤੀ ’ਤੇ ਡਿੱਗ ਗਏ। ਬਿਜਲੀ ਸਪਲਾਈ ਠੱਪ ਹੋ ਚੁੱਕੀ ਹੈ ਜਦਕਿ ਖਾਣ ਵਾਸਤੇ ਵੀ ਕੁਝ ਨਹੀਂ ਮਿਲ ਰਿਹਾ। ਫਰਾਂਸ ਤੋਂ ਰਾਹਤ ਸਮੱਗਰੀ ਲੈ ਕੇ ਕਾਰਗੋ ਜਹਾਜ਼ ਰਵਾਨਾ ਹੋ ਚੁੱਕੇ ਹਨ ਪਰ ਤੂਫਾਨ ਪ੍ਰਭਾਵਤ ਲੋਕਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਵਧੇਰੇ ਮਦਦ ਦੀ ਜ਼ਰੂਰਤ ਹੋਵੇਗੀ। ਲੋਕਾਂ ਨੂੰ ਡਾਕਟਰੀ ਇਲਾਜ ਦੀ ਸਖ਼ਤ ਜ਼ਰੂਰਤ ਹੈ ਜਦਕਿ ਤੂਫਾਨ ਕਾਰਨ ਸਾਰਾ ਇਨਫਰਾਸਟ੍ਰਕਚਰਾ ਨੁਕਸਾਨਿਆ ਗਿਆ ਹੈ। ਦੂਜੇ ਪਾਸੇ ਧਾਰਮਿਕ ਸਮੱਸਿਆ ਵੀ ਪੈਦਾ ਹੋ ਰਹੀ ਹੈ। ਮਾਇਔਟ ਵਿਚ ਵਸਦੇ ਮੁਸਲਮਾਨ ਭਾਈਚਾਰੇ ਮੁਤਾਬਕ ਮਰਨ ਵਾਲਿਆਂ ਨੂੰ 24 ਘੰਟੇ ਦੇ ਅੰਦਰ ਦਫਨਾਉਣਾ ਹੁੰਦਾ ਹੈ ਪਰ ਹਾਲਾਤ ਦੇ ਮੱਦੇਨਜ਼ਰ ਵੱਡੀ ਗਿਣਤੀ ਲਾਸ਼ਾਂ ਦੀ ਸ਼ਨਾਖਤ ਹੀ ਨਾ ਹੋ ਸਕੀ।

ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ

ਫਰਾਂਸ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਬਰੂਨੋ ਰਿਤੇਯੂ ਵੱਲੋਂ ਪੀੜਤ ਇਲਾਕੇ ਦਾ ਦੌਰਾ ਕੀਤਾ ਜਾ ਸਕਦਾ ਹੈ। ਇਥੇ ਦਸਣਾ ਬਣਦਾ ਹੈ ਕਿ ਮਾਇਔਟ ਟਾਪੂ ’ਤੇ ਫਰਾਂਸ ਨੇ 1841 ਵਿਚ ਕਬਜ਼ਾ ਕੀਤਾ ਅਤੇ 1974 ਵਿਚ ਆਲੇ ਦੁਆਲੇ ਦੇ ਕੁਝ ਟਾਪੂਆਂ ਨੇ ਖੁਦਮੁਖਤਿਆਰੀ ਹਾਸਲ ਕਰ ਲਈ ਪਰ ਮਾਇਔਟ ਵਾਸੀਆਂ ਨੇ ਫਰਾਂਸ ਦਾ ਹਿੱਸਾ ਰਹਿਣਾ ਹੀ ਪਸੰਦ ਕੀਤਾ। ਮਾਇਔਟਵ ਵਿਚ ਤਬਾਹੀ ਮਚਾਉਣ ਮਗਰੋਂ ਸਮੁੰਦਰੀ ਤੂਫਾਨ ਚੀਡੋ ਮੌਜ਼ੰਬੀਕ ਵੱਲ ਵੱਧ ਗਿਆ ਜਿਥੇ ਭਾਰੀ ਨੁਕਸਾਨ ਹੋਣ ਦੀ ਰਿਪੋਰਟ ਹੈ। 

Tags:    

Similar News