ਕਮਲਾ ਹੈਰਿਸ ਨਾਲ ਲਾਏ ਡਾਲਰਾਂ ਦੇ ਢੇਰ, ਟਰੰਪ ਪੱਛੜੇ

ਅਮਰੀਕਾ ਵਿਚ ਆਮ ਚੋਣਾਂ ਦੌਰਾਨ ਉਮੀਦਵਾਰ ਜਿਥੇ ਆਪਣੀ ਜਿੱਤ ਯਕੀਨੀ ਬਣਾਉਣ ’ਤੇ ਜ਼ੋਰ ਦੇ ਰਹੇ ਹਨ, ਉਥੇ ਹੀ ਵੱਧ ਤੋਂ ਵੱਧ ਫੰਡ ਇਕੱਤਰ ਕਰਨਾ ਵੀ ਉਨ੍ਹਾਂ ਦੀਆਂ ਤਰਜੀਹਾਂ ਵਿਚ ਸ਼ਾਮਲ ਹੈ।

Update: 2024-09-06 11:46 GMT

ਵਾਸ਼ਿੰਗਟਨ : ਅਮਰੀਕਾ ਵਿਚ ਆਮ ਚੋਣਾਂ ਦੌਰਾਨ ਉਮੀਦਵਾਰ ਜਿਥੇ ਆਪਣੀ ਜਿੱਤ ਯਕੀਨੀ ਬਣਾਉਣ ’ਤੇ ਜ਼ੋਰ ਦੇ ਰਹੇ ਹਨ, ਉਥੇ ਹੀ ਵੱਧ ਤੋਂ ਵੱਧ ਫੰਡ ਇਕੱਤਰ ਕਰਨਾ ਵੀ ਉਨ੍ਹਾਂ ਦੀਆਂ ਤਰਜੀਹਾਂ ਵਿਚ ਸ਼ਾਮਲ ਹੈ। ਫੰਡਰੇਜ਼ਿੰਗ ਦੇ ਮਾਮਲੇ ਵਿਚ ਕਮਲਾ ਹੈਰਿਸ ਨੇ ਡੌਨਲਡ ਟਰੰਪ ਨੂੰ ਪਛਾੜਦਿਆਂ ਸਿਰਫ ਸਵਾ ਮਹੀਨੇ ਵਿਚ 540 ਮਿਲੀਅਨ ਡਾਲਰ ਦਾ ਢੇਰ ਲਾ ਦਿਤਾ ਹੈ। ਕਮਲਾ ਹੈਰਿਸ ਦੇ ਮੁਕਾਬਲੇ ਡੌਨਲਡ ਟਰੰਪ ਨੂੰ ਮਿਲੇ ਚੰਦੇ ਦਾ ਜ਼ਿਕਰ ਕੀਤਾ ਜਾਵੇ ਤਾਂ ਅਗਸਤ ਦੌਰਾਨ ਕੁਲ ਰਕਮ 200 ਮਿਲੀਅਨ ਤੋਂ ਘੱਟ ਰਹੀ ਅਤੇ ਇਕ ਦਾਨੀ ਸੱਜਣ ਵੱਲੋਂ ਔਸਤਨ 56 ਡਾਲਰ ਦਿਤੇ ਗਏ। ਟਰੰਪ ਨੂੰ ਫੰਡਰੇਜ਼ਿੰਗ ਦੇ ਮਾਮਲੇ ਵਿਚ ਉਸਤਾਦ ਮੰਨਿਆ ਜਾਂਦਾ ਹੈ ਪਰ ਇਸ ਵਾਰ ਕਮਲਾ ਹੈਰਿਸ ਦੀ ਚੜ੍ਹਤ ਕਾਇਮ ਹੈ। ਟਰੰਪ ਦੀ ਚੋਣ ਮੁਹਿੰਮਦ ਦੇ ਸੀਨੀਅਰ ਸਲਾਹਕਾਰ ਬ੍ਰਾਇਨ ਹਿਊਜ਼ ਦਾ ਕਹਿਣਾ ਹੈ ਕਿ ਅਗਸਤ ਦੌਰਾਨ ਮਿਲਿਆ ਚੰਦਾ ਦਰਸਾਉਂਦਾ ਹੈ ਕਿ ਅਮਰੀਕਾ ਵਾਸੀਆਂ ਦਾ ਟਰੰਪ ਉਤੇ ਪੂਰਾ ਯਕੀਨ ਹੈ ਅਤੇ ਉਹ ਇਕ ਵਾਰ ਫਿਰ ਵਾਈਟ ਹਾਊਸ ਵਿਚ ਵਾਪਸੀ ਕਰਨਗੇ।

ਸਵਾ ਮਹੀਨੇ ਵਿਚ ਇਕੱਤਰ ਕੀਤੇ 540 ਮਿਲੀਅਨ ਡਾਲਰ

ਰਿਪਬਲਿਕਨ ਪਾਰਟੀ ਪੂਰੀ ਤਰ੍ਹਾਂ ਇਕਜੁਟ ਹੈ ਜਦਕਿ ਡੈਮੋਕ੍ਰੈਟਿਕ ਪਾਰਟੀ ਵਿਚ ਧੜੇਬੰਦੀ ਜਗ-ਜ਼ਾਹਰ ਹੋ ਚੁੱਕੀ ਹੈ। ਸਿਆਸੀ ਚੰਦੇ ਦਾ ਅਗਲਾ ਅੰਕੜਾ 20 ਸਤੰਬਰ ਨੂੰ ਸਾਹਮਣੇ ਆਵੇਗਾ ਅਤੇ ਇਸ ਦੌਰਾਨ ਵੀ ਕਮਲਾ ਹੈਰਿਸ ਦਾ ਪਲੜਾ ਭਾਰੀ ਰਹਿਣ ਦੀ ਸੂਰਤ ਵਿਚ ਟਰੰਪ ਦੇ ਹਮਾਇਤੀ ਸੋਚਾਂ ਵਿਚ ਪੈ ਸਕਦੇ ਹਨ। ਕਮਲਾ ਹੈਰਿਸ ਵੱਲੋਂ ਆਉਣ ਵਾਲੇ ਦਿਨਾਂ ਵਿਚ ਨਿਊ ਯਾਰਕ, ਐਟਲਾਂਟਾ, ਲੌਸ ਐਂਜਲਸ ਅਤੇ ਸੈਨ ਫਰਾਂਸਿਸਕੋ ਵਿਖੇ ਫੰਡਰੇਜ਼ਿੰਗ ਇਵੈਂਟ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ ਦੇ ਹੁੰਗਾਰੇ ਨੂੰ ਵੇਖਦਿਆਂ ਡਾਲਰਾਂ ਦਾ ਮੀਂਹ ਵਰਨਾ ਜਾਰੀ ਰਹਿ ਸਕਦਾ ਹੈ। ਟਰੰਪ ਦੇ ਪ੍ਰਚਾਰ ਕਮੇਟੀ ਵੱਲੋਂ ਜਨਵਰੀ 2023 ਤੋਂ 31 ਜੁਲਾਈ 2024 ਦਰਮਿਆਨ ਕੁਲ 269 ਮਿਲੀਅਨ ਡਾਲਰ ਦਾ ਸਿਆਸੀ ਚੰਦਾ ਇਕੱਤਰ ਕੀਤਾ ਗਿਆ ਪਰ ਕਮਲਾ ਹੈਰਿਸ ਦੇ ਉਮੀਦਵਾਰ ਬਣਦਿਆਂ ਹੀ ਹਾਲਾਤ ਬਦਲ ਗਏ ਅਤੇ ਵੱਡੀ ਗਿਣਤੀ ਵਿਚ ਅਮਰੀਕਾ ਵਾਸੀਆਂ ਨੇ ਡੈਮੋਕ੍ਰੈਟਿਕ ਪਾਰਟੀ ਨੂੰ ਦਾਨ ਦਿਤਾ। ਖਰਚੇ ਦਾ ਜ਼ਿਕਰ ਕੀਤਾ ਜਾਵੇ ਤਾਂ ਟਰੰਪ ਵੱਲੋਂ ਸਭ ਤੋਂ ਵੱਧ ਰਕਮ ਪੈਨਸਿਲਵੇਨੀਆ ਵਿਚ ਇਸ਼ਤਿਹਾਰਬਾਜ਼ੀ ’ਤੇ ਖਰਚ ਕੀਤੀ ਜਾ ਰਹੀ ਹੈ। ਟਰੰਪ ਅਤੇ ਉਨ੍ਹਾਂ ਦੇ ਸਲਾਹਕਾਰਾਂ ਦਾ ਮੰਨਣਾ ਹੈ ਕਿ ਕਮਲਾ ਹੈਰਿਸ ਨੂੰ 270 ਇਲੈਕਟੋਰਲ ਵੋਟਾਂ ਹਾਸਲ ਕਰਨ ਤੋਂ ਰੋਕਣ ਵਿਚ ਇਹੀ ਸੂਬਾ ਮਦਦਗਾਰ ਸਾਬਤ ਹੋ ਸਕਦਾ ਹੈ।

Tags:    

Similar News