ਦੱਖਣੀ ਕੋਰੀਆ ਦਾ ਗੱਦੀਓਂ ਲਾਹਿਆ ਰਾਸ਼ਟਰਪਤੀ ਗ੍ਰਿਫ਼ਤਾਰ

ਦੱਖਣੀ ਕੋਰੀਆ ਵਿਚ ਗੱਦੀਓਂ ਲਾਹੇ ਰਾਸ਼ਟਰਪਤੀ ਯੂਨ ਸੁਕ ਯੋਲ ਨੂੰ ਪੁਲਿਸ ਨੇ ਬੁੱਧਵਾਰ ਨੂੰ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ।;

Update: 2025-01-15 13:16 GMT

ਸੋਲ : ਦੱਖਣੀ ਕੋਰੀਆ ਵਿਚ ਗੱਦੀਓਂ ਲਾਹੇ ਰਾਸ਼ਟਰਪਤੀ ਯੂਨ ਸੁਕ ਯੋਲ ਨੂੰ ਪੁਲਿਸ ਨੇ ਬੁੱਧਵਾਰ ਨੂੰ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀ ਯਕੀਨੀ ਬਣਾਉਣ ਲਈ ਇਕ ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਘੇਰਾਬੰਦੀ ਕੀਤੀ ਅਤੇ ਆਰਜ਼ੀ ਪੌੜੀ ਲਾ ਕੇ ਪੁਲਿਸ ਮੁਲਾਜ਼ਮ ਘਰ ਅੰਦਰ ਦਾਖਲ ਹੋਏ। ਯੋਲ ਦੀ ਸੁਰੱਖਿਆ ਲਈ ਤੈਨਾਤ ਗਾਰਡਜ਼ ਨੇ ਪੁਲਿਸ ਨੂੰ ਰੋਕਣ ਵਾਸਤੇ ਬੈਰੀਕੇਡਿੰਗ ਕੀਤੀ ਹੋਈ ਅਤੇ ਵੱਡੀ ਗਿਣਤੀ ਵਿਚ ਮੁਜ਼ਾਹਰਾਕਾਰੀ ਵੀ ਗੱਦੀਓਂ ਲਾਹੇ ਰਾਸ਼ਟਰਪਤੀ ਦੇ ਘਰ ਬਾਹਰ ਇਕੱਤਰ ਹੋ ਗਏ। ਅਦਾਲਤ ਵਿਚ ਪੇਸ਼ ਨਾ ਹੋਣ ਕਾਰਨ ਮੰਗਲਵਾਰ ਤੋਂ ਹੀ ਯੋਲ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਸੀ।

ਆਰਜ਼ੀ ਪੌੜੀ ਲਾ ਕੇ ਪੁਲਿਸ ਘਰ ਅੰਦਰ ਹੋਈ ਦਾਖਲ

ਪੁਲਿਸ ਨੂੰ ਰੋਕਣ ਵਾਲਿਆਂ ਵਿਚ ਸੱਤਾਧਾਰੀ ਪਾਰਟੀ ਦੇ ਐਮ.ਪੀ. ਅਤੇ ਯੋਲ ਦੇ ਵਕੀਲ ਵੀ ਸ਼ਾਮਲ ਹੋ ਗਏ। ਇਸ ਤੋਂ ਪਹਿਲਾਂ 3 ਜਨਵਰੀ ਨੂੰ ਪੁਲਿਸ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਯੋਲ ਦੀ ਗ੍ਰਿਫ਼ਤਾਰੀ ਕਰਨ ਦੇ ਯਤਨ ਕੀਤੇ ਗਏ ਪਰ ਕਾਮਯਾਬੀ ਨਾ ਮਿਲ ਸਕੀ। ਤਕਰੀਬਨ 6 ਘੰਟੇ ਦੇ ਰੌਲੇ ਰੱਪੇ ਮਗਰੋਂ ਪੁਲਿਸ ਨੂੰ ਖਾਲੀ ਹੱਥ ਵਾਪਸ ਜਾਣਾ ਪਿਆ। ਯੋਲ ਦੀ ਗ੍ਰਿਫ਼ਤਾਰੀ ਮਗਰੋਂ ਪੁੱਛ ਪੜਤਾਲ ਕਰਨ ਨਹੀ ਜਾਂਚ ਏਜੰਸੀਆਂ ਕੋਲ 48 ਘੰਟੇ ਦਾ ਸਮਾਂ ਹੈ ਅਤੇ ਇਸ ਮਗਰੋਂ ਰਸਮੀ ਤੌਰ ’ਤੇ ਗ੍ਰਿਫ਼ਤਾਰੀ ਵਾਸਤੇ ਅਦਾਲਤ ਤੋਂ ਵਾਰੰਟ ਹਾਸਲ ਕਰਨਾ ਹੋਵੇਗਾ।

ਇਕ ਹਜ਼ਾਰ ਤੋਂ ਵੱਧ ਮੁਲਾਜ਼ਮਾਂ ਦੀ ਕੀਤੀ ਗਈ ਤੈਨਾਤੀ

ਇਥੇ ਦਸਣਾ ਬਣਦਾ ਹੈ ਕਿ ਯੋਲ ਵੱਲੋਂ 3 ਦਸੰਬਰ 2024 ਨੂੰ ਦੱਖਣੀ ਕੋਰੀਆ ਵਿਚ ਮਾਰਸ਼ਲ ਲਾਅ ਲਾਗੂ ਕਰ ਦਿਤਾ ਗਿਆ ਪਰ ਤਿੰਨ ਘੰਟੇ ਬਾਅਦ ਹੀ ਫੈਸਲਾ ਬਦਲ ਦਿਤਾ। ਇਸ ਮਗਰੋਂ 14 ਦਸੰਬਰ ਨੂੰ ਦੱਖਣੀ ਕੋਰੀਆ ਦੀ ਸੰਸਦ ਵਿਚ ਯੋਲ ਵਿਰੁੱਧ ਮਹਾਂਦੋਸ਼ ਦਾ ਮਤਾ ਪਾਸ ਕਰਦਿਆਂ ਗੱਦੀ ਤੋਂ ਲਾਹ ਦਿਤਾ ਗਿਆ। ਮਹਾਂਦੋਸ਼ ਬਾਰੇ 14 ਜਨਵਰੀ ਨੂੰ ਸੁਪਰੀਮ ਕੋਰਟ ਵਿਚ ਸੁਣਵਾਈ ਤੈਅ ਕੀਤੀ ਗਈ ਪਰ ਯੋਲ ਅਦਾਲਤ ਵਿਚ ਪੇਸ਼ ਨਾ ਹੋਇਆ। 

Tags:    

Similar News