ਅਮਰੀਕਾ ਵਿਚ ਗੋਲੀਬਾਰੀ, 3 ਪੁਲਿਸ ਮੁਲਾਜ਼ਮਾਂ ਸਣੇ 8 ਜ਼ਖਮੀ

ਅਮਰੀਕਾ ਦੇ ਇਲੀਨੌਇ ਸੂਬੇ ਵਿਚ ਇਕ ਬੰਦੂਕਧਾਰੀ ਵੱਲੋਂ ਕੀਤੀ ਗੋਲੀਬਾਰੀ ਦੌਰਾਨ 3 ਪੁਲਿਸ ਮੁਲਾਜ਼ਮਾਂ ਸਣੇ 8 ਜਣੇ ਜ਼ਖਮੀ ਹੋ ਗਏ ਜਦਕਿ ਬਾਅਦ ਵਿਚ ਪੁਲਿਸ ਨੇ ਹਮਲਾਵਰ ਨੂੰ ਮਾਰ ਮੁਕਾਇਆ।

Update: 2024-06-13 12:11 GMT

ਡਿਕਸਨ : ਅਮਰੀਕਾ ਦੇ ਇਲੀਨੌਇ ਸੂਬੇ ਵਿਚ ਇਕ ਬੰਦੂਕਧਾਰੀ ਵੱਲੋਂ ਕੀਤੀ ਗੋਲੀਬਾਰੀ ਦੌਰਾਨ 3 ਪੁਲਿਸ ਮੁਲਾਜ਼ਮਾਂ ਸਣੇ 8 ਜਣੇ ਜ਼ਖਮੀ ਹੋ ਗਏ ਜਦਕਿ ਬਾਅਦ ਵਿਚ ਪੁਲਿਸ ਨੇ ਹਮਲਾਵਰ ਨੂੰ ਮਾਰ ਮੁਕਾਇਆ। ਇਹ ਵਾਰਦਾਤ ਡਿਕਸਨ ਸ਼ਹਿਰ ਵਿਚ ਲੌਸਟ ਲੇਕ ਨੇੜਲੀ ਇਕ ਕਮਿਊਨਿਟੀ ਵਿਚ ਵਾਪਰੀ। ਓਗਲ ਕਾਊਂਟੀ ਦੇ ਸ਼ੈਰਿਫ ਬ੍ਰਾਇਨ ਵੈਨਵਿਕਲ ਨੇ ਦੱਸਿਆ ਕਿ 911 ’ਤੇ ਆਈ ਕਾਲ ਵਿਚ ਇਕ ਹਮਲਾਵਰ ਦਾ ਜ਼ਿਕਰ ਕੀਤਾ ਗਿਆ ਜੋ ਜ਼ਬਰਦਸਤੀ ਇਕ ਘਰ ਵਿਚ ਦਾਖਲ ਹੋਇਆ ਅਤੇ ਪਰਵਾਰਕ ਮੈਂਬਰਾਂ ਨੂੰ ਡਰਾਉਣ ਧਮਕਾਉਣ ਲੱਗਾ।

ਹਾਲਾਤ ਨੂੰ ਵੇਖਦਿਆਂ ਸਵੈਟ ਟੀਮ ਅਤੇ ਵਾਰਤਾਕਾਰਾਂ ਨੂੰ ਮੌਕੇ ’ਤੇ ਸੱਦਿਆ ਗਿਆ ਪਰ ਜਦੋਂ ਪੁਲਿਸ ਵਾਲੇ ਘਰ ਵਿਚ ਦਾਖਲ ਹੋਏ ਤਾਂ ਬੰਦੂਕਧਾਰੀ ਨੇ ਉਨ੍ਹਾਂ ਉਤੇ ਗੋਲੀਆਂ ਚਲਾ ਦਿਤੀਆਂ। ਹਮਲੇ ਦੌਰਾਨ ਤਿੰਨ ਡਿਪਟੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਕੇ.ਐਸ.ਬੀ. ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਆਂਢ ਗੁਆਂਢ ਵਿਚ ਰਹਿੰਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਗੋਲੀਆਂ ਚੱਲਣ ਅਤੇ ਇਕ ਧਮਾਕਾ ਹੋਣ ਦੀ ਆਵਾਜ਼ ਸੁਣੀ। ਮੀਡੀਆ ਰਿਪੋਰਟਾਂ ਮੁਤਾਬਕ ਇਕ ਵਾਇਰਲ ਵੀਡੀਓ ਸਾਹਮਣੇ ਆਈ ਜਿਸ ਵਿਚ ਪੁਲਿਸ ਮੁਲਾਜ਼ਮ ਅਤੇ ਇਕ ਪ੍ਰਾਈਵੇਟ ਕਾਰ ਨਜ਼ਰ ਆ ਰਹੀ ਸੀ। ਇਥੇ ਦਸਣਾ ਬਣਦਾ ਹੈ ਕਿ ਦੁਨੀਆਂ ਭਰ ਦੇ ਆਮ ਲੋਕਾਂ ਕੋਲ ਮੌਜੂਦ 85 ਕਰੋੜ ਤੋਂ ਵੱਧ ਹਥਿਆਰਾਂ ਵਿਚੋਂ 39 ਕਰੋੜ ਇਕੱਲੇ ਅਮਰੀਕਾ ਵਾਲਿਆਂ ਕੋਲ ਹਨ।

ਦੁਨੀਆਂ ਦੀ ਆਬਾਦੀ ਵਿਚ ਅਮਰੀਕਾ ਦੀ ਹਿੱਸੇਦਾਰੀ 5 ਫੀ ਸਦੀ ਬਣਦੀ ਹੈ ਕਿ ਸਿਵੀਲੀਅਨ ਗੰਨ ਦੇ ਮਾਮਲੇ ਵਿਚ 46 ਫੀ ਸਦੀ ਹਥਿਆਰ ਅਮਰੀਕਾ ਵਿਚ ਹਨ। 2019 ਦੀ ਇਕ ਰਿਪੋਰਟ ਮੁਤਾਬਕ ਅਮਰੀਕਾ ਵਿਚ 63 ਹਜ਼ਾਰ ਲਾਇਸੈਂਸਡ ਗੰਨ ਡੀਲਰ ਸਨ ਜਿਨ੍ਹਾਂ ਨੇ ਅਮਰੀਕੀ ਨਾਗਰਿਕਾਂ ਨੂੰ 83 ਹਜ਼ਾਰ ਕਰੋੜ ਰੁਪਏ ਮੁੱਲ ਦੀਆਂ ਪਸਤੌਲਾਂ ਜਾਂ ਬੰਦੂਕਾਂ ਵੇਚੀਆਂ। ਅਮਰੀਕਾ ਵਿਚ ਗੰਨ ਕਲਚਰ ਖਤਮ ਨਹੀਂ ਕੀਤਾ ਜਾ ਸਕਿਆ ਕਿਉਂਕਿ ਕਈ ਰਾਸ਼ਟਰਪਤੀ ਅਤੇ ਵੱਖ ਵੱਖ ਰਾਜਾਂ ਦੇ ਗਵਰਨਰ ਹਥਿਆਰ ਰੱਖਣ ਦੀ ਹਮਾਇਤ ਕਰਦੇ ਆਏ ਹਨ। ਦੂਜੇ ਪਾਸੇ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਦਾ ਧੜਾ ਵੀ ਕੋਈ ਵੱਖਰਾ ਫੈਸਲਾ ਨਹੀਂ ਹੋਣ ਦਿੰਦਾ। 1791 ਵਿਚ ਸੰਵਿਧਾਨ ਦੀ ਦੂਜੀ ਸੋਧ ਦੌਰਾਨ ਅਮਰੀਕੀ ਨਾਗਰਿਕਾਂ ਨੂੰ ਹਥਿਆਰ ਖਰੀਦਣ ਅਤੇ ਰੱਖਣ ਦਾ ਹੱਕ ਦਿਤਾ ਗਿਆ ਸੀ।

Tags:    

Similar News