ਪਾਕਿਸਤਾਨੀ ਮੰਗਤਿਆਂ ਤੋਂ ਤੰਗ ਆਇਆ ਸਾਊਦੀ ਅਰਬ

ਪਾਕਿਸਤਾਨੀ ਮੰਗਤਿਆਂ ਨੇ ਸਾਊਦੀ ਅਰਬ ਸਰਕਾਰ ਦੇ ਨੱਕ ਵਿਚ ਦਮ ਕਰ ਦਿਤਾ ਹੈ ਅਤੇ ਸ਼ਾਹਬਾਜ਼ ਸ਼ਰੀਫ਼ ਸਰਕਾਰ ਨੂੰ ਇਸ ਰੁਝਾਨ ’ਤੇ ਕੰਟਰੋਲ ਕਰਨ ਲਈ ਆਖਿਆ ਹੈ।;

Update: 2024-09-25 11:58 GMT

ਇਸਲਾਮਾਬਾਦ : ਪਾਕਿਸਤਾਨੀ ਮੰਗਤਿਆਂ ਨੇ ਸਾਊਦੀ ਅਰਬ ਸਰਕਾਰ ਦੇ ਨੱਕ ਵਿਚ ਦਮ ਕਰ ਦਿਤਾ ਹੈ ਅਤੇ ਸ਼ਾਹਬਾਜ਼ ਸ਼ਰੀਫ਼ ਸਰਕਾਰ ਨੂੰ ਇਸ ਰੁਝਾਨ ’ਤੇ ਕੰਟਰੋਲ ਕਰਨ ਲਈ ਆਖਿਆ ਹੈ। ਸਾਊਦੀ ਅਰਬ ਨੇ ਕਿਹਾ ਹੈ ਜੇ ਪਾਕਿਸਤਾਨ ਸਰਕਾਰ ਨੇ ਲੋੜੀਂਦੇ ਕਦਮ ਨਾ ਚੁੱਕੇ ਤਾਂ ਉਮਰਾਹ ਵੀਜ਼ਾ ’ਤੇ ਮੁਕੰਮਲ ਪਾਬੰਦੀ ਲਾਈ ਜਾ ਸਕਦੀ ਹੈ ਜਿਸ ਨਾਲ ਜਾਇਜ਼ ਤੀਰਥ ਯਾਤਰੀ ਵੀ ਪ੍ਰਭਾਵਤ ਹੋਣਗੇ। ‘ਦਾ ਟ੍ਰਿਬਿਊਨ ਐਕਸਪ੍ਰੈਸ’ ਦੀ ਰਿਪੋਰਟ ਮੁਤਾਬਕ ਸਾਊਦੀ ਅਰਬ ਦੇ ਹਜ ਮੰਤਰਾਲੇ ਵੱਲੋਂ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਬਾਰੇ ਮੰਤਰਾਲੇ ਨਾਲ ਸੰਪਰਕ ਕਰਦਿਆਂ ਕਿਹਾ ਹੈ ਕਿ ਉਮਰਾਹ ਵੀਜ਼ਾ ਦੀ ਆੜ ਵਿਚ ਵੱਡੀ ਗਿਣਤੀ ਵਿਚ ਪਾਕਿਸਤਾਨੀ ਸਾਊਦੀ ਅਰਬ ਆ ਰਹੇ ਹਨ ਅਤੇ ਇਥੇ ਆ ਕੇ ਮੰਗਣਾ ਸ਼ੁਰੂ ਕਰ ਦਿੰਦੇ ਹਨ। ਪਾਕਿਸਤਾਨ ਸਰਕਾਰ ਨੂੰ ਸੁਚੇਤ ਕੀਤਾ ਗਿਆ ਹੈ ਕਿ ਉਮਰਾਹ ਵੀਜ਼ਾ ਦਿਵਾਉਣ ਵਿਚ ਮਦਦ ਕਰਨ ਵਾਲੀਆਂ ਟਰੈਵਲ ਏਜੰਸੀਆਂ ਨੂੰ ਰੈਗੁਲੇਟ ਕੀਤਾ ਜਾਵੇ ਅਤੇ ਕਾਨੂੰਨੀ ਨਿਗਰਾਨੀ ਹੇਠ ਲਿਆਂਦਾ ਜਾਵੇ। ਇਸੇ ਦੌਰਾਨ ਪਾਕਿਸਤਾਨ ਵਿਚ ਸਾਊਦੀ ਅਰਬ ਦੇ ਰਾਜਦੂਤ ਨਵਾਫ਼ ਬਿਨ ਸੈਦ ਅਹਿਮਦ ਅਲ-ਮਲਿਕੀ ਨੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨਾਲ ਮੁਲਾਕਾਤ ਵੀ ਕੀਤੀ।

ਤੀਰਥ ਯਾਤਰਾ ਦੇ ਬਹਾਨੇ ਸਾਊਦੀ ਅਰਬ ਪੁੱਜੇ ਰਹੇ ਪਾਕਿਸਤਾਨੀ

ਨਕਵੀ ਨੇ ਸਾਊਦੀ ਅਰਬ ਦੇ ਨੁਮਾਇੰਦੇ ਨੂੰ ਯਕੀਨ ਦਿਵਾਇਆ ਕਿ ਮੰਗਤਿਆਂ ਨੂੰ ਭੇਜਣ ਵਾਲੇ ਮਾਫੀਆ ਵਿਰੁੱਧ ਸਖ਼ਤ ਕਦਮ ਉਠਾਏ ਜਾਣਗੇ। ਉਨ੍ਹਾਂ ਕਿਹਾ ਕਿ ਅਜਿਹਾ ਰੁਝਾਨ ਪਾਕਿਸਤਾਨ ਦੇ ਅਕਸ ਨੂੰ ਢਾਹ ਲਾ ਰਿਹਾ ਹੈ ਅਤੇ ਨਕੇਲ ਕਸਣ ਦੀ ਜ਼ਿੰਮੇਵਾਰੀ ਫੈਡਰਲ ਜਾਂਚ ਏਜੰਸੀ ਨੂੰ ਦਿਤੀ ਗਈ ਹੈ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਮਹੀਨੇ ਕਰਾਚੀ ਹਵਾਈ ਅੱਡੇ ’ਤੇ 11 ਜਣਿਆਂ ਨੂੰ ਫੜਿਆ ਗਿਆ ਜੋ ਸਾਊਦੀ ਅਰਬ ਜਾ ਰਹੀ ਫਲਾਈਟ ਵਿਚ ਬੈਠਣ ਦੀ ਤਾਕ ਵਿਚ ਸਨ ਅਤੇ ਉਨ੍ਹਾਂ ਦਾ ਮਕਸਦ ਉਥੇ ਜਾ ਕੇ ਮੰਗਤੇ ਵਜੋਂ ਵਿਚਰਨਾ ਸੀ। ਇਸੇ ਤਰ੍ਹਾਂ ਅਕਤੂਬਰ 2023 ਵਿਚ ਲਾਹੌਰ ਹਵਾਈ ਅੱਡੇ ’ਤੇ ਸਾਊਦੀ ਅਰਬ ਜਾਣ ਲਈ ਤਿਅਰ ਬਰ ਤਿਆਰ ਫਲਾਈਟ ਵਿਚੋਂ 16 ਜਣਿਆਂ ਨੂੰ ਉਤਾਰਿਆ ਗਿਆ ਜਿਨ੍ਹਾਂ ਦਾ ਮਕਸਦ ਉਥੇ ਜਾ ਕੇ ਭੀਖ ਮੰਗਣਾ ਸੀ। ਸਾਊਦੀ ਅਰਬ ਦੀ ਸਰਕਾਰ ਪਹਿਲਾਂ ਵੀ ਪਾਕਿਸਤਾਨ ਨੂੰ ਆਖ ਚੁੱਕੀ ਹੈ ਕਿ ਹਜ ਦਾ ਕੋਟਾ ਜਾਰੀ ਕਰਦਿਆਂ ਚੌਕਸੀ ਵਰਤੀ ਜਾਵੇ ਅਤੇ ਮੰਗਤਿਆਂ ਜਾਂ ਜੇਬਕਤਰਿਆਂ ਦੇ ਨਾਂ ਸੂਚੀ ਵਿਚ ਪਾਉਣ ਤੋਂ ਗੁਰੇਜ਼ ਕੀਤਾ ਜਾਵੇ। ਪਾਕਿਸਤਾਨੀ ਅਖਬਾਰ ਡਾਨ ਦੀ ਰਿਪੋਰਟ ਮੁਤਾਬਕ ਦੁਨੀਆਂ ਭਰ ਵਿਚ ਗ੍ਰਿਫ਼ਤਾਰ ਹੋਣ ਵਾਲੇ ਮੰਗਤਿਆਂ ਵਿਚੋਂ 90 ਫੀ ਸਦੀ ਪਾਕਿਸਤਾਨੀ ਮੂਲ ਦੇ ਹੁੰਦੇ ਹਨ। ਸੰਯੁਕਤ ਅਰਬ ਅਮੀਰਾਤ ਵੀ ਇਨ੍ਹਾਂ ਦੀ ਵਧਦੀ ਗਿਣਤੀ ਤੋਂ ਪ੍ਰੇਸ਼ਾਨ ਹੈ। ਲੰਘੀ ਰਮਜ਼ਾਨ ਦੌਰਾਨ ਦੁਬਈ ਪ੍ਰਸ਼ਾਸਨ ਵੱਲੋਂ ਇਨ੍ਹਾਂ ਮੰਗਤਿਆਂ ਵਿਰੁੱਧ ਮੁਹਿੰਮ ਚਲਾਈ ਗਈ ਅਤੇ 200 ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਵਿਚੋਂ ਦਰਜਨਾਂ ਔਰਤਾਂ ਸਨ।

Tags:    

Similar News