ਯੂਕਰੇਨ ਵਿਚ ਬੱਚਿਆਂ ਦੇ ਸਭ ਤੋਂ ਵੱਡੇ ਹਸਪਤਾਲ ’ਤੇ ਰੂਸੀ ਹਮਲਾ, 41 ਮੌਤਾਂ

ਰੂਸ ਨੇ ਯੂਕਰੇਨ ਵਿਚ ਬੱਚਿਆਂ ਦੇ ਸਭ ਤੋਂ ਵੱਡੇ ਹਸਪਤਾਲ ਨੂੰ ਮਿਜ਼ਾਈਲ ਨਾਲ ਉਡਾ ਦਿਤਾ ਅਤੇ ਰਾਜਧਾਨੀ ਕੀਵ ਤੋਂ ਇਲਾਵਾ ਹੋਰਨਾਂ ਸ਼ਹਿਰਾਂ ਨੂੰ ਵੀ ਨਿਸ਼ਾਨਾ ਬਣਾਇਆ।;

Update: 2024-07-09 11:36 GMT

ਕੀਵ : ਰੂਸ ਨੇ ਯੂਕਰੇਨ ਵਿਚ ਬੱਚਿਆਂ ਦੇ ਸਭ ਤੋਂ ਵੱਡੇ ਹਸਪਤਾਲ ਨੂੰ ਮਿਜ਼ਾਈਲ ਨਾਲ ਉਡਾ ਦਿਤਾ ਅਤੇ ਰਾਜਧਾਨੀ ਕੀਵ ਤੋਂ ਇਲਾਵਾ ਹੋਰਨਾਂ ਸ਼ਹਿਰਾਂ ਨੂੰ ਵੀ ਨਿਸ਼ਾਨਾ ਬਣਾਇਆ। ਹੁਣ ਤੱਕ 41 ਮੌਤਾਂ ਹੋਣ ਦੀ ਰਿਪੋਰਟ ਹੈ ਅਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਵੱਲੋਂ ਐਮਰਜੰਸੀ ਮੀਟਿੰਗ ਸੱਦੀ ਗਈ ਹੈ। ਹਮਲੇ ਮਗਰੋਂ ਬੱਚਿਆਂ ਨੂੰ ਗੋਦੀ ਚੁੱਕ ਕੇ ਮਾਪੇ ਗਲੀਆਂ ਵਿਚ ਤੁਰਦੇ ਦੇਖੇ ਗਏ ਅਤੇ ਤਕਰੀਬਨ 600 ਮਰੀਜ਼ਾਂ ਮਰੀਜ਼ਾਂ ਨੂੰ ਦੂਜੀ ਜਗ੍ਹਾ ਸ਼ਿਫਟ ਕੀਤਾ ਗਿਆ ਹੈ।

ਮਲਬੇ ਦੇ ਢੇਰ ਵਿਚ ਤਬਦੀਲ ਹੋ ਗਈ ਇਮਾਰਤ

ਮਿਜ਼ਾਈਲ ਹਮਲੇ ਕਾਰਨ ਹਸਪਤਾਲ ਦਾ ਇਕ ਹਿੱਸਾ ਮਲਬੇ ਦਾ ਢੇਰ ਬਣ ਗਿਆ ਅਤੇ ਵੱਡੀ ਗਿਣਤੀ ਵਿਚ ਲੋਕ ਮਦਦ ਵਾਸਤੇ ਪੁੱਜ ਗਏ। 33 ਸਾਲ ਦੀ ਸਵੇਤਲਾਨਾ ਕ੍ਰਵਚੈਂਕੋ ਨੇ ਦੱਸਿਆ ਕਿ ਉਨ੍ਹਾਂ ਦਾ ਦੋ ਮਹੀਨੇ ਦਾ ਬੱਚਾ ਹਸਪਤਾਲ ਵਿਚ ਦਾਖਲ ਸੀ ਜੋ ਵਾਲ ਵਾਲ ਬਚ ਗਿਆ। ਹਮਲੇ ਮਗਰੋਂ ਹਰ ਪਾਸੇ ਧੂੰਆਂ ਹੀ ਧੂੰਆਂ ਉਠ ਰਿਹਾ ਸੀ ਅਤੇ ਸਾਹ ਲੈਣਾ ਮੁਸ਼ਕਲ ਹੋ ਗਿਆ। ਦੂਜੇ ਪਾਸੇ ਡਾਕਟਰਾਂ ਵੱਲੋਂ ਮਾਪਿਆਂ ਦੀ ਗੋਦੀ ਚੁੱਕੇ ਬੱਚਿਆਂ ਨੂੰ ਮੈਡੀਕਲ ਸਹਾਇਤਾ ਦੇਣ ਦੇ ਯਤਨ ਕੀਤੇ ਜਾ ਰਹੇ ਸਨ। ਇਕ ਮਹਿਲਾ ਡਾਕਟਰ ਦਾ ਕਹਿਣਾ ਸੀ ਕਿ ਅਜਿਹੇ ਹਾਲਾਤ ਵਿਚ ਮਰੀਜ਼ ਨੂੰ ਬਚਾਇਆ ਜਾਵੇ ਜਾਂ ਆਪਣੀ ਜਾਨ ਬਚਾ ਕੇ ਦੌੜਿਆ ਜਾਵੇ, ਇਹ ਫੈਸਲਾ ਕਰਨਾ ਬੇਹੱਦ ਮੁਸ਼ਕਲ ਹੋ ਜਾਂਦਾ ਹੈ। ਉਧਰ ਨਾਟੋ ਸੰਮੇਲਨ ਵਿਚ ਸ਼ਾਮਲ ਹੋਣ ਅਮਰੀਕਾ ਜਾ ਰਹੇ ਰਾਸ਼ਟਰਪਤੀ ਜ਼ੈਲੈਂਸਕੀ ਕੁਝ ਸਮੇਂ ਲਈ ਪੋਲੈਂਡ ਵਿਖੇ ਰੁਕੇ ਅਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮਰਨ ਵਾਲਿਆਂ ਵਿਚ ਤਿੰਨ ਬੱਚੇ ਸ਼ਾਮਲ ਹਨ ਅਤੇ 170 ਤੋਂ ਵੱਧ ਲੋਕ ਜ਼ਖਮੀ ਹੋਏ। ਉਨ੍ਹਾਂ ਕਿਹਾ ਕਿ ਤਾਜ਼ਾ ਹਮਲਿਆਂ ਦੌਰਾਨ ਹਸਪਤਾਲ ਸਣੇ 100 ਤੋਂ ਵੱਧ ਇਮਾਰਤਾਂ ਨੂੰ ਨੁਕਸਾਨ ਪੁੱਜਾ ਅਤੇ ਰੂਸੀ ਅਤਿਵਾਦੀਆਂ ਨੂੰ ਇਸ ਦਾ ਜਵਾਬ ਦੇਣਾ ਹੋਵੇਗਾ।

ਟਰੂਡੋ, ਬਾਇਡਨ ਅਤੇ ਸਟਾਰਮਰ ਵੱਲੋਂ ਹਮਲੇ ਦੀ ਨਿਖੇਧੀ

ਜ਼ੈਲੈਂਸਕੀ ਨੇ ਆਪਣੇ ਪੱਛਮੀ ਭਾਈਵਾਲਾਂ ਨੂੰ ਹਮਲੇ ਦਾ ਠੋਕਵਾਂ ਜਵਾਬ ਦੇਣ ਦਾ ਸੱਦਾ ਵੀ ਦਿਤਾ। ਪੋਲੈਂਡ ਦੇ ਪ੍ਰਧਾਨ ਮੰਤਰੀ ਡੌਨਲਡ ਟਸਕ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਰੂਸ ਨੂੰ ਕਰੜਾ ਜਵਾਬ ਦਿਤਾ ਜਾਵੇਗਾ ਪਰ ਸਾਡੇ ਭਾਈਵਾਲਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਇਥੇ ਦਸਣਾ ਬਣਦਾ ਹੈ ਕਿ ਯੂਕਰੇਨੀ ਫੌਜ ਨੇ ਰੂਸ ਵੱਲੋਂ ਦਾਗੀਆਂ 38 ਮਿਜ਼ਾਈਲਾਂ ਵਿਚੋਂ 30 ਨੂੰ ਹਵਾ ਵਿਚ ਹੀ ਤਬਾਹ ਕਰ ਦਿਤਾ ਪਰ ਹਸਪਤਾਲ ’ਤੇ ਮਿਜ਼ਾਈਲ ਡਿੱਗਣ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਮਗਰੋਂ ਵੱਡਾ ਧਮਾਕਾ ਵੀ ਹੁੰਦਾ ਹੈ। ਇਕੱਲੇ ਕੀਵ ਸ਼ਹਿਰ ਵਿਚ ਮਿਜ਼ਾਈਲ ਹਮਲਿਆਂ ਦੌਰਾਨ 27 ਜਣਿਆਂ ਦੀ ਮੌਤ ਹੋਣ ਦੀ ਰਿਪੋਰਟ ਹੈ। ਇਸੇ ਦੌਰਾਨ ਕੀਵ ਦੇ ਮੇਅਰ ਵਤਾਲੀ ਕਲਿਚਕੋ ਨੇ ਕਿਹਾ ਕਿ ਜੰਗ ਸ਼ੁਰੂ ਹੋਣ ਮਗਰੋਂ ਰੂਸ ਵੱਲੋਂ ਕੀਤਾ ਤਾਜ਼ਾ ਹਮਲਾ ਸਭ ਤੋਂ ਵੱਡਾ ਮੰਨਿਆ ਜਾ ਸਕਦਾ ਹੈ। ਘੱਟੋ ਘੱਟ ਸੱਤ ਜ਼ਿਲਿ੍ਹਆਂ ਵਿਚ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਦੂਜੇ ਪਾਸੇ ਸਿਹਤ ਮੰਤਰੀ ਨੇ ਕਿਹਾ ਕਿ ਬੱਚਿਆਂ ਦੇ ਹਸਪਤਾਲ ਦੀਆਂ ਪੰਜ ਇਕਾਈਆਂ ਤਬਾਹ ਹੋ ਗਈਆਂ। ਸੰਯੁਕਤ ਰਾਸ਼ਟਰ ਵਿਚ ਮਨੁੱਖੀ ਅਧਿਕਾਰਾਂ ਦੇ ਕਮਿਸ਼ਨਰ ਵੱਲੋਂ ਬੱਚਿਆਂ ਦੇ ਹਸਪਤਾਲ ਨੂੰ ਨਿਸ਼ਾਨਾ ਬਣਾਉਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਦੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਯੂ.ਕੇ. ਦੇ ਨਵੇਂ ਬਣੇ ਪ੍ਰਧਾਨ ਮੰਤਰੀ ਕਿਅਰ ਸਟਾਰਮਰ ਨੇ ਮਾਸੂਮਾਂ ਉਤੇ ਹਮਲੇ ਨੂੰ ਵਹਿਸ਼ੀਪੁਣੇ ਦੀਆਂ ਹੱਦਾਂ ਤੋਂ ਵੀ ਉਪਰ ਦੱਸਿਆ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਰੂਸ, ਜ਼ਾਲਮਪੁਣੇ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕਾ ਹੈ।

Tags:    

Similar News