ਚੰਨ ’ਤੇ ਪ੍ਰਮਾਣੂ ਊਰਜਾ ਪਲਾਂਟ ਬਣਾ ਰਿਹਾ ਹੈ ਰੂਸ

ਰੂਸ ਨੇ ਇਕ ਵਿਲੱਖਣ ਪਹਿਲ ਕਰਦਿਆਂ ਚੰਨ ’ਤੇ ਪ੍ਰਮਾਣੂ ਊਰਜਾ ਪਲਾਂਟ ਬਣਾਉਣ ਦਾ ਫੈਸਲਾ ਕੀਤਾ ਹੈ।

Update: 2024-09-10 13:39 GMT

ਮਾਸਕੋ : ਰੂਸ ਨੇ ਇਕ ਵਿਲੱਖਣ ਪਹਿਲ ਕਰਦਿਆਂ ਚੰਨ ’ਤੇ ਪ੍ਰਮਾਣੂ ਊਰਜਾ ਪਲਾਂਟ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਯੋਜਨਾਬੰਦੀ ਵਿਚ ਚੀਨ ਭਾਈਵਾਲ ਹੋ ਸਕਦਾ ਹੈ ਕਿਉਂਕਿ ਦੋਵੇਂ ਮੁਲਕ ਧਰਤੀ ਦੇ ਉਪਗ੍ਰਹਿਤ ’ਤੇ ਪੱਕਾ ਅੱਡਾ ਬਣਾਉਣ ਦੀ ਤਿਆਰੀ ਵੀ ਕਰ ਰਹੇ ਹਨ। ਨਿਊਕਲੀਅਰ ਪਾਵਰ ਪਲਾਂਟ ਰਾਹੀਂ ਚੰਨ ’ਤੇ ਬਣਨ ਵਾਲੇ ਅੱਡੇ ਦੀਆਂ ਊਰਜਾ ਜ਼ਰੂਰਤਾਂ ਪੂਰੀਆਂ ਕਰੇਗਾ। ਪ੍ਰਮਾਣੂ ਪਲਾਂਟ ਦੀ ਯੋਜਨਾ ਵਿਚ ਭਾਰਤ ਵੀ ਸ਼ਾਮਲ ਹੋਣਾ ਚਾਹੁੰਦਾ ਹੈ। ਰੂਸ ਦੀ ਨਿਊਕਲੀਅਰ ਐਨਰਜੀ ਕਾਰਪੋਰੇਸ਼ਨ, ਰੌਸਟੌਮ ਦੇ ਮੁਖੀ ਅਲੈਕਸੀ ਲਿਖਾਸ਼ੇਵ ਦੇ ਹਵਾਲੇ ਨਾਲ ਸਾਹਮਣੇ ਆਈਆਂ ਰਿਪੋਰਟਾਂ ਮੁਤਾਬਕ ਇਸ ਪ੍ਰੌਜੈਕਟ ਦੀ ਲਾਗਤ ਬਹੁਤ ਜ਼ਿਆਦਾ ਹੋਣ ਕਾਰਨ ਇਸ ਨੂੰ ਬਹੁਕੌਮੀ ਦੱਸਿਆ ਜਾ ਰਿਹਾ ਹੈ।

2035 ਤੱਕ ਮੁਕੰਮਲ ਹੋ ਸਕਦੀ ਹੈ ਯੋਜਨਾ

ਇਥੇ ਦਸਣਾ ਬਦਦਾ ਹੈ ਕਿ ਬੀਤੇ ਮਾਰਚ ਮਹੀਨੇ ਦੌਰਾਨ ਰੂਸੀ ਪੁਲਾੜ ਏਜੰਸੀ ਦੇ ਮੁੱਖ ਕਾਰਜਕਾਰੀ ਅਫਸਰ ਯੂਰੀ ਬੌਰਿਸੌਵ ਨੇ ਸੰਕੇਤ ਦਿਤੇ ਸਨ ਕਿ ਰੂਸ ਅਤੇ ਚੀਨ 2035 ਤੱਕ ਚੰਨ ’ਤੇ ਜਾ ਕੇ ਨਿਊਕਲੀਅਰ ਪਾਵਰ ਪਲਾਂਟ ਲਾ ਲੈਣਗੇ। ਪਾਵਰ ਪਲਾਂਟ ਦੀਆਂ ਮਸ਼ੀਨਾਂ ਅਤੇ ਹੋਰ ਸਾਜ਼ੋ-ਸਮਾਨ ਪਹੁੰਚਾਉਣ ਲਈ ਖਾਸ ਰੌਕਟ ਜਿਊਸ ਬਣਾਇਆ ਜਾਵੇਗਾ ਜੋ ਪੂਰੀ ਤਰ੍ਹਾਂ ਆਟੋਮੈਟਿਕ ਹੋਵੇਗਾ ਅਤੇ ਮਰਜ਼ੀ ਮੁਤਾਬਕ ਸਮਾਨ ਲੱਦਿਆ ਜਾ ਸਕੇਗਾ। ਇਸ ਨੂੰ ਚਲਾਉਣ ਵਾਸਤੇ ਇਨਸਾਨ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਸਿਰਫ ਲੌਂਚਿੰਗ ਤੱਕ ਧਿਆਨ ਦੇਣਾ ਪਵੇਗਾ। ਦੂਜੇ ਪਾਸੇ ਭਾਰਤ ਵੀ 2040 ਤੱਕ ਇਨਸਾਨ ਨੂੰ ਚੰਨ ’ਤੇ ਭੇਜਣ ਦੀ ਯੋਜਨਾ ’ਤੇ ਕੰਮ ਕਰ ਰਿਹਾ ਹੈ। ਜੇ ਭਾਰਤ ਅਤੇ ਰੂਸ ਪ੍ਰਮਾਣੂ ਪਲਾਂਟ ਦੀ ਯੋਜਨਾ ’ਤੇ ਇਕੱਠਿਆਂ ਕੰਮ ਕਰਦੇ ਹਨ ਤਾਂ ਮੂਨ ਮਿਸ਼ਨ ਵਿਚ ਵੀ ਵੱਡੀ ਮਦਦ ਮਿਲ ਸਕਦੀ ਹੈ। ਸਿਰਫ ਐਨਾ ਹੀ ਨਹੀਂ ਭਾਰਤ 2035 ਤੱਕ ਪੁਲਾਣ ਵਿਚ ਆਪਣਾ ਸਪੇਸ ਸਟੇਸ਼ਨ ਬਣਾਉਣਾ ਚਾਹੁੰਦਾ ਹੈ ਅਤੇ ਨਾਲੋ ਨਾਲ ਗਗਨਯਾਨ ਮਿਸ਼ਨ ’ਤੇ ਵੀ ਕੰਮ ਚੱਲ ਰਿਹਾ ਹੈ ਜਿਸ ਤਹਿਤ ਚਾਰ ਐਸਟ੍ਰੋਨੌਟਸ ਪੁਲਾੜ ਵਿਚ ਜਾਣਗੇ। ਗਗਨਯਾਨ ਮਿਸ਼ਨ ਅਗਲੇ ਸਾਲ ਆਰੰਭਿਆ ਜਾ ਸਕਦਾ ਹੈ ਅਤੇ ਭਾਰਤ ਦੇ ਕਾਮਯਾਬ ਹੋਣ ਦੀ ਸੂਰਤ ਵਿਚ ਅਜਿਹਾ ਕਰਨ ਵਾਲਾ ਦੁਨੀਆਂ ਦਾ ਚੌਥਾ ਮੁਲਕ ਬਣ ਜਾਵੇਗਾ। ਇਸ ਤੋਂ ਪਹਿਲਾਂ ਅਮਰੀਕਾ, ਚੀਨ ਅਤੇ ਰੂਸ ਹੀ ਅਜਿਹਾ ਕਰ ਸਕੇ ਹਨ।

Similar News