ਟਰੰਪ ਦੇ ਅਕਾਲ ਚਲਾਣੇ ਦੀਆਂ ਅਫ਼ਵਾਹਾਂ ਨੇ ਪਾਇਆ ਭੜਥੂ

ਡੌਨਲਡ ਟਰੰਪ ਦੀ ਮੌਤ ਦੀਆਂ ਅਫ਼ਵਾਹਾਂ ਸੋਸ਼ਲ ਮੀਡੀਆ ’ਤੇ ਐਨੀ ਤੇਜ਼ੀ ਨਾਲ ਫੈਲੀਆਂ ਕਿ ਵਾਈਟ ਹਾਊਸ ਸਣੇ ਅਮਰੀਕਾ ਦੀਆਂ ਸਰਕਾਰੀ ਇਮਾਰਤ ’ਤੇ ਝੰਡੇ ਅੱਧੇ ਝੁਕੇ ਦਿਖਾ ਦਿਤੇ ਗਏ

Update: 2025-09-01 13:20 GMT

ਵਾਸ਼ਿੰਗਟਨ : ਡੌਨਲਡ ਟਰੰਪ ਦੀ ਮੌਤ ਦੀਆਂ ਅਫ਼ਵਾਹਾਂ ਸੋਸ਼ਲ ਮੀਡੀਆ ’ਤੇ ਐਨੀ ਤੇਜ਼ੀ ਨਾਲ ਫੈਲੀਆਂ ਕਿ ਵਾਈਟ ਹਾਊਸ ਸਣੇ ਅਮਰੀਕਾ ਦੀਆਂ ਸਰਕਾਰੀ ਇਮਾਰਤ ’ਤੇ ਝੰਡੇ ਅੱਧੇ ਝੁਕੇ ਦਿਖਾ ਦਿਤੇ ਗਏ ਅਤੇ ਅੰਤਮ ਸਸਕਾਰ ਦੀ ਤਰੀਕ ਬਾਰੇ ਚਰਚੇ ਹੋਣੇ ਸ਼ੁਰੂ ਹੋ ਗਏ। ਉਧਰ ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਿਹਤ ਇਸ ਵੇਲੇ ਜਿੰਨੀ ਚੰਗੀ ਹੈ, ਪੂਰੀ ਜ਼ਿੰਦਗੀ ਵਿਚ ਐਨਾ ਬਿਹਤਰ ਮਹਿਸੂਸ ਨਹੀਂ ਕੀਤਾ।

ਰਾਸ਼ਟਰਪਤੀ ਨੂੰ ਸੋਸ਼ਲ ਮੀਡੀਆ ’ਤੇ ਹਾਜ਼ਰ ਹੋ ਕੇ ਦੇਣੀ ਪਈ ਸਫ਼ਾਈ

ਮੌਤ ਦੀਆਂ ਅਫ਼ਵਾਹਾਂ ਲਗਾਤਾਰ ਫੈਲਣ ਮਗਰੋਂ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਕਿਹਾ ਕਿ ਜੋਅ ਬਾਇਡਨ ਕਈ-ਕਈ ਦਿਨ ਸਾਹਮਣੇ ਨਹੀਂ ਸੀ ਆਉਂਦੇ ਅਤੇ ਮੀਡੀਆ ਕਹਿੰਦਾ ਸੀ ਕਿ ਉਹ ਚੜ੍ਹਦੀਕਲਾ ਵਿਚ ਹਨ ਪਰ ਅਸਲੀਅਤ ਇਹ ਹੁੰਦੀ ਸੀ ਕਿ ਬਾਇਡਨ ਸਾਹਿਬ ਦੇ ਡਾਇਪਰ ਬਦਲੇ ਜਾ ਰਹੇ ਹੁੰਦੇ ਸਨ। ਮੈਂ, 24 ਘੰਟੇ ਵਾਸਤੇ ਵੀ ਜਨਤਕ ਤੌਰ ’ਤੇ ਨਜ਼ਰ ਨਾ ਆਵਾਂ ਤਾਂ ਮੀਡੀਆ ਵਿਚ ਰੌਲਾ ਪੈ ਜਾਂਦਾ ਹੈ। ਅਜਿਹਾ ਦੋਗਲਾ ਰਵੱਈਆ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਥੇ ਦਸਣਾ ਬਣਦਾ ਹੈ ਕਿ ਸੋਸ਼ਲ ਮੀਡੀਆ ’ਤੇ ਟਰੰਪ ਦੇ ਅਕਾਲ ਚਲਾਣੇ ਦੀ ਖਬਰ ਉਸ ਵੇਲੇ ਫੈਲੀ ਜਦੋਂ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਆਖ ਦਿਤਾ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਦਾ ਅਹੁੰਦਾ ਸੰਭਾਲਣਾ ਪੈ ਸਕਦਾ ਹੈ ਜੇ ਕੋਈ ਅਣਹੋਣੀ ਵਰਤ ਜਾਵੇ।

ਉਪ-ਰਾਸ਼ਟਰਪਤੀ ਦੀ ਟਿੱਪਣੀ ਮਗਰੋਂ ਫੈਲੀ ਸੀ ਅਫ਼ਵਾਹ

ਯੂ.ਐਸ.ਏ. ਟੁਡੇ ਨਾਲ ਇਕ ਇੰਟਰਵਿਊ ਦੌਰਾਨ ਜੇ.ਡੀ. ਵੈਂਸ ਨੇ ਕਿਹਾ, ‘‘ਰਾਤ ਵੇਲੇ ਆਖਰੀ ਫੋਨ ਵੀ ਉਨ੍ਹਾਂ ਦਾ ਆਇਆ ਅਤੇ ਸਵੇਰੇ ਪਹਿਲਾ ਫੋਨ ਕਰਨ ਵਾਲੇ ਵੀ ਉਹੀ ਹਨ। ਹਾਂ, ਤਰਾਸਦੀਆਂ ਵਾਪਰ ਸਕਦੀਆਂ ਹਨ ਪਰ ਮੈਨੂੰ ਇਸ ਗੱਲ ਦਾ ਯਕੀਨ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਦੀ ਸਿਹਤ ਬਿਲਕੁਲ ਦਰੁਸਤ ਹੈ ਅਤੇ ਉਹ ਅਮਰੀਕਾ ਵਾਸੀਆਂ ਦੀ ਸੇਵਾ ਕਰਦਿਆਂ ਆਪਣਾ ਕਾਰਜਕਾਲ ਪੂਰਾ ਕਰਨਗੇ।’’ ਦੱਸ ਦੇਈਏ ਕਿ ਇਕ ਹੱਥ ’ਤੇ ਡੂੰਘਾ ਦਾਗ ਕਈ ਮਹੀਨੇ ਤੋਂ ਚਰਚਾ ਦਾ ਮੁੱਦਾ ਬਣਿਆ ਹੋਇਆ ਹੈ। ਕਈ ਕਿਸਮ ਦੀਆਂ ਅਫ਼ਵਾਹਾਂ ਦਰਮਿਆਨ ਵਾਈਟ ਹਾਊਸ ਨੇ ਜੁਲਾਈ ਵਿਚ ਕਿਹਾ ਸੀ ਕਿ ਰਾਸ਼ਟਰਪਤੀ ਨਾੜਾਂ ਵਿਚ ਸੋਜ਼ਿਸ਼ ਕਾਰਨ ਦਾਗ ਬਣਿਆ ਹੈ ਅਤੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਪਰ ਕਈ ਤਸਵੀਰਾਂ ਵਿਚ ਡੌਨਲਡ ਟਰੰਪ ਦੀ ਸੁੱਜੀ ਹੋਈ ਲੱਤ ਵੱਖਰੀ ਕਹਾਣੀ ਬਿਆਨ ਕਰਦੀ ਨਜ਼ਰ ਆਈ।

Tags:    

Similar News