ਅਮਰੀਕਾ ਦੇ ਚੋਣ ਨਤੀਜਿਆਂ ਮਗਰੋਂ ਵੱਡੇ ਪੱਧਰ ’ਤੇ ਹਿੰਸਾ ਦਾ ਖਤਰਾ
ਅਮਰੀਕਾ ਵਿਚ ਅੱਜ ਪੈ ਰਹੀਆਂ ਵੋਟਾਂ ਦੇ ਨਤੀਜੇ ਵੱਡੇ ਪੱਧਰ ’ਤੇ ਹਿੰਸਾ ਦਾ ਕਾਰਨ ਬਣ ਸਕਦੇ ਹਨ ਜਿਸ ਨੂੰ ਵੇਖਦਿਆਂ ਵਾਈਟ ਹਾਊਸ ਦੁਆਲੇ ਬੈਰੀਕੇਡਿੰਗ ਕਰ ਦਿਤੀ ਗਈ ਹੈ
ਵਾਸ਼ਿੰਗਟਨ : ਅਮਰੀਕਾ ਵਿਚ ਅੱਜ ਪੈ ਰਹੀਆਂ ਵੋਟਾਂ ਦੇ ਨਤੀਜੇ ਵੱਡੇ ਪੱਧਰ ’ਤੇ ਹਿੰਸਾ ਦਾ ਕਾਰਨ ਬਣ ਸਕਦੇ ਹਨ ਜਿਸ ਨੂੰ ਵੇਖਦਿਆਂ ਵਾਈਟ ਹਾਊਸ ਦੁਆਲੇ ਬੈਰੀਕੇਡਿੰਗ ਕਰ ਦਿਤੀ ਗਈ ਹੈ ਅਤੇ ਕੌਮੀ ਰਾਜਧਾਨੀ ਸਣੇ ਵੱਖ ਵੱਖ ਸ਼ਹਿਰਾਂ ਵਿਚ ਕਾਰੋਬਾਰੀਆਂ ਵੱਲੋਂ ਆਪੋ-ਆਪਣੇ ਅਦਾਰਿਆਂ ਨੂੰ ਕਿਲੇ ਦਾ ਰੂਪ ਦੇ ਦਿਤਾ ਗਿਆ ਹੈ। ਕਈ ਪੋÇਲੰਗ ਸਟੇਸ਼ਨਾਂ ’ਤੇ ਝਗੜਾ ਹੋਣ ਦੀ ਰਿਪੋਰਟ ਹੈ ਅਤੇ ਇਲੈਕਸ਼ਨ ਵਰਕਰਜ਼ ’ਤੇ ਹਥਿਆਰਾਂ ਨਾਲ ਹਮਲਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਵਾਸ਼ਿੰਗਟਨ ਸੂਬੇ ਵਿਚ ਨੈਸ਼ਨਲ ਗਾਰਡਜ਼ ਨੂੰ ਤਿਆਰ ਬਰ ਤਿਆਰ ਰਹਿਣ ਦੇ ਹੁਕਮ ਦਿਤੇ ਗਏ ਹਨ ਜਿਥੇ ਡੈਮੋਕ੍ਰੈਟਿਕ ਪਾਰਟੀ ਦੇ ਸੰਸਦ ਮੈਂਬਰ ਵੱਲੋਂ ਵੋਟਰਾਂ ਦਰਮਿਆਨ ਖੂਨ ਖਰਾਬਾ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ।
ਵਾਈਟ ਹਾਊਸ ਦੁਆਲੇ ਬੈਰੀਕੇਡ ਲਾਏ
ਓਰੇਗਨ ਸੂਬੇ ਦੇ ਪੋਰਟਲੈਂਡ ਸ਼ਹਿਰ ਵਿਚ ਵੀ ਪੁਲਿਸ ਅਤੇ ਸੁਰੱਖਿਆ ਦਸਤਿਆਂ ਨੂੰ ਨਾਜ਼ੁਕ ਹਾਲਾਤ ਦੇ ਮੱਦੇਨਜ਼ਰ ਤਿਆਰ ਬਰ ਤਿਆਰ ਰਹਿਣ ਲਈ ਆਖਿਆ ਗਿਆ ਹੈ। 2024 ਦੀਆਂ ਚੋਣਾਂ ਵਿਚ ਖੂਨ ਖਰਾਬੇ ਦੀ ਪਹਿਲੀ ਘਟਨਾ 13 ਜੁਲਾਈ ਨੂੰ ਵਾਪਰੀ ਸੀ ਜਦੋਂ ਪੈਨਸਿਲਵੇਨੀਆ ਦੇ ਬਟਲਰ ਸ਼ਹਿਰ ਵਿਚ ਇਕ ਚੋਣ ਰੈਲੀ ਦੌਰਾਨ ਡੌਨਲਡ ਟਰੰਪ ’ਤੇ ਗੋਲੀਆਂ ਚੱਲ ਗਈਆਂ। ਅਮਰੀਕਾ ਦੇ 7 ਰਾਜਾਂ ਵਿਚ ਡੌਨਲਡ ਟਰੰਪ ਅਤੇ ਕਮਲਾ ਹੈਰਿਸ ਵਿਚ ਮੁਕਾਬਲਾ ਬੇਹੱਦ ਸਖ਼ਤ ਦੱਸਿਆ ਜਾ ਰਿਹਾ ਹੈ ਅਤੇ ਭਾਰਤੀ ਮੂਲ ਦੀ ਕਮਲਾ ਹੈਰਿਸ, ਟਰੰਪ ਨੂੰ ਲੋਕਤੰਤਰ ਵਾਸਤੇ ਖਤਰਾ ਕਰਾਰ ਦੇ ਚੁੱਕੇ ਹਨ। 6 ਜਨਵਰੀ 2021 ਦੀ ਘਟਨਾ ਅਮਰੀਕਾ ਦੇ ਇਤਿਹਾਸ ਵਿਚ ਕਾਲਾ ਅਧਿਆਏ ਬਣ ਚੁੱਕੀ ਹੈ ਅਤੇ ਇਸ ਵਾਰ ਵੀ ਟਰੰਪ ਖੁੱਲ੍ਹ ਕੇ ਕਹਿਣ ਨੂੰ ਤਿਆਰ ਨਹੀਂ ਕਿ ਉਹ ਚੋਣ ਨਤੀਜਿਆਂ ਨੂੰ ਖਿੜੇ ਮੱਥੇ ਸਵੀਕਾਰ ਕਰਨਗੇ। ਨੌਰਥ ਕੈਰੋਲਾਈਨਾ ਵਿਚ ਟਰੰਪ ਦੇ 65 ਸਾਲਾ ਹਮਾਇਤੀ ਬਿਲ ਰੌਬਿਨਸਨ ਨੇ ਕਿਹਾ ਕਿ ਇਸ ਵਾਰ ਦੀਆਂ ਚੋਣਾਂ ਦੌਰਾਨ ਵੀ ਕਿਸੇ ਨਾ ਕਿਸੇ ਕਿਸਮ ਦੀ ਹਿੰਸਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਚੋਣ ਨਤੀਜਿਆਂ ਬਾਰੇ ਲਗਾਤਾਰ ਸਰਵੇਖਣ ਪੇਸ਼ ਕਰ ਰਹੀ ਵੈਬਸਾਈਟ 538 ਮੁਤਾਬਕ ਟਰੰਪ 52 ਫੀ ਸਦੀ ਲੋਕਾਂ ਦੀ ਹਮਾਇਤ ਨਾਲ ਅੱਗੇ ਚੱਲ ਰਹੇ ਹਨ ਜਦਕਿ ਕਮਲਾ ਹੈਰਿਸ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ 48 ਫੀ ਸਦੀ ਬਣਦੀ ਹੈ।
ਕਾਰੋਬਾਰੀਆਂ ਨੇ ਆਪਣੇ ਅਦਾਰਿਆਂ ਨੂੰ ਕਿਲੇ ਦਾ ਰੂਪ ਦਿਤਾ
ਟੈਨੇਸੀ ਤੋਂ ਡੈਮੋਕ੍ਰੈਟਿਕ ਪਾਰਟੀ ਦੇ ਸੰਸਦ ਮੈਂਬਰ ਸਟੀਵ ਕੋਹਨ ਦਾ ਕਹਿਣਾ ਸੀ ਕਿ ਕਮਲਾ ਹੈਰਿਸ ਦੇ ਜੇਤੂ ਰਹਿਣ ਦੀ ਸੂਰਤ ਵਿਚ ਖੂਨ ਖਰਾਬਾ ਹੋ ਸਕਦਾ ਹੈ ਕਿਉਂਕਿ ਰਿਪਬਲਿਕਨ ਪਾਰਟੀ ਦੇ ਹਮਾਇਤੀ ਹਾਰ ਪ੍ਰਵਾਨ ਨਹੀਂ ਕਰਨਗੇ। ਕੋਹਨ ਨੇ ਅੱਗੇ ਕਿਹਾ ਕਿ ਇਸ ਵਾਰ ਦੇ ਚੋਣ ਨਤੀਜਿਆਂ ਦਾ ਮਾਮਲਾ ਅਦਾਲਤਾਂ ਵਿਚ ਵੀ ਜਾ ਸਕਦਾ ਹੈ। ਦੂਜੇ ਪਾਸੇ ਪੈਨਸਿਲਵੇਨੀਆ ਵਿਚ ਕਈ ਥਾਵਾਂ ’ਤੇ ਕਾਰੋਬਾਰੀ ਅਦਾਰਿਆਂ ਨੂੰ ਪਲਾਈਵੁੱਡ ਨਾਲ ਕਵਰ ਕਰ ਦਿਤਾ ਗਿਆ ਜਿਥੇ ਚੋਣ ਹਿੰਸਾ ਹੋਣ ਦਾ ਖਤਰਾ ਜ਼ਿਆਦਾ ਦੱਸਿਆ ਜਾ ਰਿਹਾ ਹੈ। ਇਕ ਸਰਵੇਖਣ ਦੌਰਾਨ 25 ਫ਼ੀ ਸਦੀ ਲੋਕਾਂ ਨੇ ਕਿਹਾ ਕਿ ਕਮਲਾ ਹੈਰਿਸ ਜਾਂ ਟਰੰਪ ਵਿਚੋਂ ਕਿਸੇ ਦੇ ਵੀ ਜੇਤੂ ਰਹਿਣ ’ਤੇ ਹਿੰਸਾ ਹੋ ਸਕਦੀ ਹੈ ਜਦਕਿ 10 ਫੀ ਸਦੀ ਵੱਲੋਂ ਸਿਵਲ ਵਾਰ ਦਾ ਖਦਸ਼ਾ ਜ਼ਾਹਰ ਕੀਤਾ ਗਿਆ। 22 ਫੀ ਸਦੀ ਲੋਕਾਂ ਨੇ ਕਿਹਾ ਕਿ ਡੈਮੋਕ੍ਰੈਟਿਕ ਪਾਰਟੀ ਦੀ ਜਿੱਤ 6 ਜਨਵਰੀ 2021 ਵਾਲੇ ਹਾਲਾਤ ਪੈਦਾ ਕਰ ਸਕਦੀ ਹੈ ਅਤੇ ਵੋਟਾਂ ਵਾਲੀਆਂ ਥਾਵਾਂ ’ਤੇ ਸਿੱਧੇ ਹਮਲੇ ਹੋ ਸਕਦੇ ਹਨ। ਡੌਨਲਡ ਟਰੰਪ ਦੇ ਮਾਮੂਲੀ ਫਰਕ ਨਾਲ ਜੇਤੂ ਰਹਿਣ ਦੀ ਸੂਰਤ ਵਿਚ ਹਿੰਸਾ ਹੋਣ ਦਾ ਖਤਰਾ ਜ਼ਿਆਦਾ ਮੰਨਿਆ ਜਾ ਰਿਹਾ ਹੈ। ਇਥੇ ਦੱਸਣਾ ਬਣਦਾ ਹੈ ਕਿ ਅਮਰੀਕਾ ਦੇ 7.5 ਕਰੋੜ ਲੋਕ ਐਡਵਾਂਸ ਪੋÇਲੰਗ ਦੌਰਾਨ ਵੋਟਾਂ ਪਾ ਚੁੱਕੇ ਹਨ ਅਤੇ ਵੱਡੀ ਗਿਣਤੀ ਵਿਚ ਲੋਕ ਅੱਜ ਵੋਟ ਪਾਉਣ ਪੋÇਲੰਗ ਸਟੇਸ਼ਨਾਂ ਵੱਲ ਜਾਣਗੇ।