ਬਰਤਾਨੀਆ ਦੇ ਕਈ ਹਿੱਸਿਆਂ ਵਿਚ ਫੈਲੇ ਦੰਗੇ

ਬਰਤਾਨੀਆ ਵਿਚ ਤਿੰਨ ਬੱਚੀਆਂ ਦੇ ਕਤਲ ਮਗਰੋਂ ਲੋਕਾਂ ਵਿਚ ਪੈਦਾ ਹੋਇਆ ਗੁੱਸਾ ਵਧਦਾ ਜਾ ਰਿਹਾ ਹੈ ਅਤੇ ਲਗਾਤਾਰ ਦੂਜੇ ਦਿਨ ਭੜਕੀ ਭੀੜ ਵੱਲੋਂ ਹਿੰਸਾ ਦਾ ਦੌਰ ਜਾਰੀ ਰਿਹਾ।

Update: 2024-08-01 11:54 GMT

ਲੰਡਨ : ਬਰਤਾਨੀਆ ਵਿਚ ਤਿੰਨ ਬੱਚੀਆਂ ਦੇ ਕਤਲ ਮਗਰੋਂ ਲੋਕਾਂ ਵਿਚ ਪੈਦਾ ਹੋਇਆ ਗੁੱਸਾ ਵਧਦਾ ਜਾ ਰਿਹਾ ਹੈ ਅਤੇ ਲਗਾਤਾਰ ਦੂਜੇ ਦਿਨ ਭੜਕੀ ਭੀੜ ਵੱਲੋਂ ਹਿੰਸਾ ਦਾ ਦੌਰ ਜਾਰੀ ਰਿਹਾ। ਲੰਡਨ, ਹਾਰਟਲੀਪੂਲ ਅਤੇ ਮੈਨਚੈਸਟਰ ਵਿਖੇ ਭੀੜ ਨੇ ਪੁਲਿਸ ਦੀਆਂ ਗੱਡੀਆਂ ਫੂਕ ਦਿਤੀਆਂ ਅਤੇ ਸੁਰੱਖਿਆ ਮੁਲਾਜ਼ਮਾਂ ’ਤੇ ਕੱਚ ਦੀਆਂ ਬੋਤਲਾਂ ਅਤੇ ਆਂਡੇ ਸੁੱਟੇ। ਹਿੰਸਾ ਦੌਰਾਨ ਦਰਜਨਾਂ ਪੁਲਿਸ ਮੁਲਾਜ਼ਮਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ ਜਦਕਿ 100 ਤੋਂ ਵੱਧ ਦੰਗਾਈਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਆਨਲਾਈਨ ਫੈਲ ਰਹੀਆਂ ਅਫਵਾਹਾਂ ਕਾਰਨ ਮੁਲਕ ਦੇ ਕਈ ਹਿੱਸਿਆਂ ਵਿਚ ਬਦਅਮਨੀ ਫੈਲ ਚੁੱਕੀ ਹੈ। ਰੂਸ ਨਾਲ ਸਬੰਧਤ ਇਕ ਫਰਜ਼ੀ ਵੈਬਸਾਈਟ ’ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੱਚਿਆਂ ’ਤੇ ਛੁਰੇ ਨਾਲ ਹਮਲਾ ਕਰਨ ਵਾਲਾ ਰਫਿਊਜੀ ਹੈ ਜੋ ਕਿਸ਼ਤੀ ਵਿਚ ਸਵਾਰ ਹੋ ਕੇ ਯੂ.ਕੇ. ਪੁੱਜਾ ਪਰ ਅਸਲੀਅਤ ਇਹ ਹੈ ਕਿ ਉਸ ਦਾ ਜਨਮ ਵੇਲਜ਼ ਦੇ ਕਾਰਡਿਫ ਇਲਾਕੇ ਵਿਚ ਹੋਇਆ।

ਮੁਜ਼ਾਹਰਾਕਾਰੀਆਂ ਨੇ ਪੁਲਿਸ ਦੀਆਂ ਗੱਡੀਆਂ ਫੂਕੀਆਂ, ਦਰਜਨਾਂ ਪੁਲਿਸ ਵਾਲੇ ਜ਼ਖਮੀ

ਹਮਲਾਵਰ ਦੀ ਉਮਰ 18 ਸਾਲ ਤੋਂ ਘੱਟ ਹੋਣ ਕਾਰਨ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਸਾਊਥਪੋਰਟ ਵਿਖੇ ਭੀੜ ਨੇ ਪੁਲਿਸ ਵਾਲਿਆਂ ’ਤੇ ਇੱਟਾਂ ਰੋੜੇ ਚਲਾ ਦਿਤੇ ਅਤੇ ਘੱਟੋ ਘੱਟ 53 ਪੁਲਿਸ ਅਫਸਰ ਜ਼ਖਮੀ ਹੋਏ। ਸਭ ਤੋਂ ਵੱਡਾ ਰੋਸ ਵਿਖਾਵਾ ਲੰਡਨ ਵਿਖੇ ਹੋਇਆ ਅਤੇ ਹਰ ਪਾਸੇ ਭੀੜ ਸਾੜ-ਫੂਕ ਹੁੰਦੀ ਨਜ਼ਰ ਆ ਰਹੀ ਸੀ। ਮੈਨਚੈਸਟਰ ਵਿਖੇ ਮੁਜ਼ਾਹਰਾਕਾਰੀਆਂ ਨੇ ਇਕ ਹੋਟਲ ’ਤੇ ਹਮਲਾ ਕਰ ਦਿਤਾ ਜਿਸ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਠਹਿਰਾਇਆ ਗਿਆ ਸੀ। ਹਾਰਟਲੀਪੋਲ ਵਿਖੇ ਹਾਲਾਤ ਹੋਰ ਵੀ ਬਦਤਰ ਨਜ਼ਰ ਆਏ ਜਿਥੇ ਵਿਖਾਵਾਕਾਰੀਆਂ ਵੱਲੋਂ ਪੁਲਿਸ ਮੁਲਾਜ਼ਮਾਂ ’ਤੇ ਲਗਾਤਾਰ ਪਥਰਾਅ ਕੀਤਾ ਗਿਆ। ਇਕ ਸ਼ਖਸ ਸਾਰੇ ਘਟਨਾਕ੍ਰਮ ਦੀ ਰਿਕਾਰਡਿੰਗ ਕਰ ਰਿਹਾ ਸੀ ਜਦੋਂ ਦੰਗਾਈਆਂ ਨੇ ਏਸ਼ੀਆਈ ਮੂਲ ਦੇ ਇਕ ਵਿਅਕਤੀ ’ਤੇ ਹਮਲਾ ਕਰ ਦਿਤਾ।

ਪੁਲਿਸ ਨੇ 100 ਤੋਂ ਵੱਧ ਮੁਜ਼ਾਹਰਾਕਾਰੀਆਂ ਨੂੰ ਕੀਤਾ ਗ੍ਰਿਫ਼ਤਾਰ

ਪੁਲਿਸ ਮੁਲਾਜ਼ਮਾਂ ਦੇ ਦਖਲ ਨਾਲ ਉਸ ਨੂੰ ਬਚਾਇਆ ਜਾ ਸਕਿਆ। ਮਰੀ ਸਟ੍ਰੀਟ ਦੇ ਇਕ ਵੱਡੇ ਹਿੱਸੇ ਨੂੰ ਆਵਾਜਾਈ ਵਾਸਤੇ ਬੰਦ ਕਰਨਾ ਪਿਆ ਜਦੋਂ ਸਲਾਮ ਕਮਿਊਨਿਟੀ ਸੈਂਟਰ ਨੂੰ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ ਗਿਆ। ਵਿਖਾਵਾਕਾਰੀਆਂ ਵੱਲੋਂ ਨਸਲਵਾਦੀ ਨਾਹਰੇ ਲਾਏ ਜਾ ਰਹੇ ਸਨ ਅਤੇ ਪ੍ਰਵਾਸੀਆਂ ਵਾਸਤੇ ਹਾਲਾਤ ਬਦਤਰ ਬਣਨ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਕਲੀਵਲੈਂਡ ਪੁਲਿਸ ਵੱਲੋਂ ਦੁਕਾਨਾਂ ਲੁੱਟਣ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿਚ ਕਈ ਦੰਗਾਈਆਂ ਨੂੰ ਕਾਬੂ ਕੀਤਾ ਗਿਆ। ਹਾਰਟਲੀਪੂਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੀਫ ਸੁਪਰਡੈਂਟ ਡੇਵਿਡ ਸਦਰਲੈਂਡ ਨੇ ਕਿਹਾ ਕਿ ਹਾਲਾਤ ਕਾਬੂ ਕਰਨ ਲਈ ਵੱਡੀ ਗਿਣਤੀ ਵਿਚ ਪੁਲਿਸ ਅਫਸਰ ਤੈਨਾਤ ਕੀਤੇ ਗਏ ਹਨ। ਅਸਲ ਵਿਚ ਹਿੰਸਾ ਦੀ ਸ਼ੁਰੂਆਤ ਬੁੱਧਵਾਰ ਦੇਰ ਸ਼ਾਮਲ ਹੋਈ ਜਦੋਂ ਲੋਕ ਕੰਮਕਾਰ ਤੋਂ ਘਰਾਂ ਨੂੰ ਪਰਤ ਆਏ। ਹਾਰਟਲੀਪੂਲ ਤੋਂ ਐਮ.ਪੀ. ਜੌਨਾਥਨ ਬਰੈਸ਼ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੌਜੂਦਾ ਹਾਲਾਤ ਤੋਂ ਉਹ ਬੇਹੱਦ ਚਿੰਤਤ ਹਨ। ਬਰੈਸ਼ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿਚ ਹੀ ਰਹਿਣ ਅਤੇ ਹਾਲਾਤ ਕਾਬੂ ਕਰਨ ਵਿਚ ਪੁਲਿਸ ਦੀ ਮਦਦ ਕੀਤੀ ਜਾਵੇ।

Tags:    

Similar News