ਸੀਰੀਆ ਦੇ ਤੀਜੇ ਵੱਡੇ ਸ਼ਹਿਰ ’ਤੇ ਬਾਗੀਆਂ ਦਾ ਕਬਜ਼ਾ
ਸੀਰੀਆ ਵਿਚ ਬਾਗੀਆਂ ਨੇ ਤੀਜੇ ਵੱਡੇ ਸ਼ਹਿਰ ‘ਦਾਰਾ’ ਉਤੇ ਵੀ ਕਬਜ਼ਾ ਕਰ ਲਿਆ ਹੈ।
ਦਮਿਸ਼ਕ : ਸੀਰੀਆ ਵਿਚ ਬਾਗੀਆਂ ਨੇ ਤੀਜੇ ਵੱਡੇ ਸ਼ਹਿਰ ‘ਦਾਰਾ’ ਉਤੇ ਵੀ ਕਬਜ਼ਾ ਕਰ ਲਿਆ ਹੈ। ਜੌਰਡਨ ਨਾਲ ਲਗਦਾ ਦਾਰਾ ਸ਼ਹਿਰ ਸੀਰੀਆ ਦੇ ਦੱਖਣੀ ਇਲਾਕੇ ਵਿਚ ਹੈ ਅਤੇ ਬਾਗੀਆਂ ਦੇ ਇਥੇ ਪੁੱਜਣ ਮਗਰੋਂ ਰਾਜਧਾਨ ਦਮਿਸ਼ਕ ਦੋ ਪਾਸਿਆਂ ਤੋਂ ਘਿਰ ਚੁੱਕੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬਾਗੀਆਂ ਨੇ ਸ਼ਹਿਰ ਦੀ ਸੁਰੱਖਿਆ ਲਈ ਤੈਨਾਤ ਫੌਜ ਨਾਲ ਸਮਝੌਤਾ ਕਰ ਲਿਆ ਅਤੇ ਦਮਿਸ਼ਕ ਤੱਕ ਜਾਣ ਦਾ ਰਾਹ ਮਿਲ ਗਿਆ। ਸੀਰੀਆ ਵਿਚ ਬੀਤੀ 27 ਨਵੰਬਰ ਨੂੰ ਬਾਗੀ ਧਿਰਾਂ ਨੇ ਹਮਲੇ ਸ਼ੁਰੂ ਕੀਤੇ ਅਤੇ ਪਹਿਲੀ ਦਸੰਬਰ ਤੱਕ ਉਤਰੀ ਸ਼ਹਿਰ ਅਲੈਪੋ ਜਿੱਤ ਲਿਆ।
ਰਾਜਧਾਨੀ ਦਮਿਸ਼ਕ ਦੋ ਪਾਸਿਓਂ ਘਿਰੀ
ਇਸ ਤੋਂ ਚਾਰ ਦਿਨ ਬਾਅਦ ਹਮਾ ਸ਼ਹਿਰ ’ਤੇ ਵੀ ਬਾਗੀਆਂ ਦੇ ਝੰਡੇ ਝੁੱਲਣ ਲੱਗੇ ਜਦਕਿ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਫੌਜ ਪਿੱਛੇ ਹਟਦੇ ਨਜ਼ਰ ਆਈ। ਹੁਣ ਦਾਰਾ ਸ਼ਹਿਰ ਅਤੇ ਰਾਜਧਾਨੀ ਦਮਿਸ਼ਕ ਦਰਮਿਆਨ 90 ਕਿਲੋਮੀਟਰ ਦਾ ਫੈਸਲਾ ਤੈਅ ਕਰਦਿਆਂ ਬਾਗੀ ਮੁਲਕ ਤੇ ਕਾਬਜ਼ ਹੋ ਸਕਦੇ ਹਨ। ਉਧਰ ਭਾਰਤ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਤੁਰਤ ਸੀਰੀਆ ਛੱਡਣ ਦੇ ਹੁਕਮ ਦਿਤੇ ਹਨ ਅਤੇ ਈਰਾਨ ਵੱਲੋਂ ਵੀ ਆਪਣੇ ਨਾਗਰਿਕਾਂ ਨੂੰ ਸੀਰੀਆ ਤੋਂ ਬਾਹਰ ਲਿਜਾਣ ਦੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਹੁਣ ਤੱਕ ਈਰਾਨ ਨੂੰ ਰਾਸ਼ਟਰਪਤੀ ਬਸ਼ਰ ਅਲ ਅਸਦ ਦਾ ਸਾਥੀ ਮੰਨਿਆ ਜਾਂਦਾ ਸੀ ਪਰ ਇਕ ਨਵੀਂ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਈਰਾਨ ਕਿਸੇ ਵੀ ਕਿਸਮ ਦੀ ਮਦਦ ਕਰਨ ਤੋਂ ਹੱਥ ਖਿੱਚ ਰਿਹਾ ਹੈ। ਸੂਤਰਾਂ ਨੇ ਈਰਾਨ ਸਰਕਾਰ ਦੇ ਗੁਪਤ ਦਸਤਾਵੇਜ਼ਾਂ ਦੇ ਹਵਾਲੇ ਨੇ ਦੱਸਿਆ ਕਿ ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਹੱਥੋਂ ਬਾਜ਼ੀ ਨਿਕਲਦੀ ਨਜ਼ਰ ਆ ਰਹੀ ਹੈ। ਈਰਾਨ ਸਰਕਾਰ ਨੂੰ ਪਤਾ ਲੱਗ ਚੁੱਕਾ ਹੈ ਕਿ ਬਾਗੀਆਂ ਦਾ ਟਾਕਰਾ ਕਰਨਾ ਮੁਸ਼ਕਲ ਹੈ ਅਤੇ ਅਜਿਹੇ ਵਿਚ ਆਪਣੇ ਅਧਿਕਾਰੀਆਂ ਅਤੇ ਸੁਰੱਖਿਆ ਅਮਲੇ ਨੂੰ ਸੁਰੱਖਿਅਤ ਵਾਪਸ ਲਿਆਉਣਾ ਹੀ ਬਿਹਤਰ ਹੋਵੇਗਾ।
ਈਰਾਨ ਵੀ ਛੱਡਿਆ ਰਾਸ਼ਟਰਪਤੀ ਬਸ਼ਰ ਅਲ ਅਸਦ ਦਾ ਸਾਥ
ਦੱਸ ਦੇਈਏ ਕਿ ਰਾਸ਼ਟਰਪਤੀ ਬਸ਼ਰ ਅਲ ਅਸਦ ਦੇ 3 ਨਜ਼ਦੀਕੀ ਮੁਲਕ ਰੂਸ, ਈਰਾਨ ਅਤੇ ਲੈਬਨਾਨ ਆਪਣੇ ਘਰੇਲੂ ਮਾਸਲਿਆਂ ਵਿਚ ਵੀ ਉਲਝੇ ਹੋਏ ਹਨ ਜਦਕਿ ਇਰਾਕ ਤੋਂ ਮਿਲੀਸ਼ੀਆ ਸੱਦਣ ਦੇ ਦਾਅਵੇ ਵੀ ਥੋਥੇ ਸਾਬਤ ਹੋਏ। ਚਾਰ ਸਾਲ ਪਹਿਲਾਂ ਤੁਰਕੀ ਦੀ ਵਿਚੋਲਗੀ ਨਾਲ ਬਸ਼ਰ ਅਲ ਅਸਦ ਦੀ ਸਰਕਾਰ ਅਤੇ ਬਾਗੀ ਧੜਿਆਂ ਵਿਚਾਲੇ ਸਮਝੌਤਾ ਕਰਵਾਇਆ ਗਿਆ ਜਿਸ ਮਗਰੋਂ ਵੱਡੇ ਹਮਲਿਆਂ ਵਿਚ ਕਮੀ ਆਈ ਪਰ ਹੁਣ ਬਾਗੀਆਂ ਨੇ ਮੁਲਕ ਦੀ ਸੱਤਾ ’ਤੇ ਕਾਬਜ਼ ਹੋਣ ਦੀ ਧਾਰ ਲਈ ਹੈ। ਰੂਸੀ ਫੌਜ ਵੱਲੋਂ ਮੁਢਲੇ ਤੌਰ ’ਤੇ ਕੁਝ ਮਦਦ ਜ਼ਰੂਰ ਕੀਤੀ ਗਈ ਪਰ ਹੁਣ ਉਥੋਂ ਵੀ ਵੱਡੀ ਮਦਦ ਦੀ ਉਮੀਦ ਬਸ਼ਰ ਅਲ ਅਸਦ ਨੂੰ ਨਜ਼ਰ ਨਹੀਂ ਆ ਰਹੀ।