ਰਾਸ਼ਟਰਪਤੀ ਜੋਅ ਬਾਇਡਨ ਵਿਰੁੱਧ ਛਿੜੀ ਬਗਾਵਤ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀ ਸਿਹਤ ਡੈਮੋਕ੍ਰੈਟਿਕ ਪਾਰਟੀ ਵਿਚ ਬਗਾਵਤ ਦਾ ਕਾਰਨ ਬਣ ਚੁੱਕੀ ਹੈ। ਪਾਰਟੀ ਨੂੰ ਫੰਡ ਦੇਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਧਮਕੀ ਦਿਤੀ ਗਈ ਹੈ ਕਿ ਜੇ ਬਾਇਡਨ ਅਸਤੀਫਾ ਨਹੀਂ ਦਿੰਦੇ ਤਾਂ ਉਹ ਆਪਣੇ ਰਾਹ ਵੱਖਰੇ ਕਰਨ ਲਈ ਮਜਬੂਰ ਹੋਣਗੇ;

Update: 2024-07-02 11:00 GMT

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀ ਸਿਹਤ ਡੈਮੋਕ੍ਰੈਟਿਕ ਪਾਰਟੀ ਵਿਚ ਬਗਾਵਤ ਦਾ ਕਾਰਨ ਬਣ ਚੁੱਕੀ ਹੈ। ਪਾਰਟੀ ਨੂੰ ਫੰਡ ਦੇਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਧਮਕੀ ਦਿਤੀ ਗਈ ਹੈ ਕਿ ਜੇ ਬਾਇਡਨ ਅਸਤੀਫਾ ਨਹੀਂ ਦਿੰਦੇ ਤਾਂ ਉਹ ਆਪਣੇ ਰਾਹ ਵੱਖਰੇ ਕਰਨ ਲਈ ਮਜਬੂਰ ਹੋਣਗੇ। ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਬਹਿਸ ਦੌਰਾਨ ਜੋਅ ਬਾਇਡਨ ਦੀ ਜ਼ੁਬਾਨ ਲੜਖੜਾਉਣ ਅਤੇ ਹੋਰ ਕਈ ਸਿਹਤ ਸਮੱਸਿਆਵਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਲਾਂਭੇ ਹੋਣ ਦਾ ਸੱਦਾ ਦਿਤਾ ਜਾ ਰਿਹਾ ਹੈ। ਹੈਜ ਫੰਡ ਦੇ ਸਾਬਕਾ ਮੈਨੇਜਰ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਪ੍ਰਮੁੱਖ ਦਾਨੀਆਂ ਵਿਚੋਂ ਇਕ ਵਿਟਨੀ ਟਿਲਸਨ ਨੇ ਕਿਹਾ ਕਿ ਜੋਅ ਬਾਇਡਨ ਵੱਲੋਂ ਤੁਰਤ ਅਸਤੀਫਾ ਦੇਣਾ ਨਾ ਸਿਰਫ ਉਨ੍ਹਾਂ ਵਾਸਤੇ ਲਾਹੇਵੰਦ ਹੋਵੇਗਾ ਸਗੋਂ ਮੁਲਕ ਵਾਸਤੇ ਵੀ ਫਾਇਦੇਮੰਦ ਹੋਵੇਗਾ।

ਅਸਤੀਫਾ ਨਾ ਦਿਤਾ ਤਾਂ ਵੱਖ ਹੋਣਗੇ ਡੈਮੋਕ੍ਰੈਟਿਕ ਪਾਰਟੀ ਦੇ ਪ੍ਰਮੁੱਖ ਦਾਨੀ

ਦੱਸ ਦੇਈਏ ਕਿ ਟਿਲਸਨ ਵੱਲੋਂ ਪਿਛਲੇ ਸਮੇਂ ਦੌਰਾਨ ਡੈਮੋਕ੍ਰੈਟਿਕ ਪਾਰਟੀ ਨੂੰ ਤਿੰਨ ਲੱਖ ਡਾਲਰ ਦੇ ਫੰਡਜ਼ ਦਿਤੇ ਗਏ। ਦੂਜੇ ਪਾਸੇ ਨਿਊ ਯਾਰਕ ਵਿਖੇ ਫੰਡ ਰੇਜ਼ਿੰਗ ਸਮਾਗਮ ਦੌਰਾਨ ਪੁੱਜੇ ਰਾਸ਼ਟਰਪਤੀ ਜੋਅ ਬਾਇਡਨ ਟੈਲੀਪ੍ਰੌਂਪਟਰ ਤੋਂ ਭਾਸ਼ਣ ਪੜ੍ਹ ਕੇ ਤੁਰਦੇ ਬਣੇ ਅਤੇ ਕਿਸੇ ਸਵਾਲ ਦਾ ਜਵਾਬ ਦੇਣਾ ਬਿਹਤਰ ਨਾ ਸਮਝਿਆ। ਸਮਾਗਮ ਵਿਚ ਡੈਮੋਕ੍ਰੈਟਿਕ ਪਾਰਟੀ ਦੇ ਖਾਸ ਮਹਿਮਾਨ ਵਜੋਂ ਸ਼ਾਮਲ ਹੋਈ ਇਕ ਸ਼ਖਸੀਅਤ ਦਾ ਕਹਿਣਾ ਸੀ ਕਿ ਬਾਇਡਨ ਦੇ ਹਮਾਇਤੀ ਸਪੱਸ਼ਟ ਲਫਜ਼ਾਂ ਵਿਚ ਜਵਾਬ ਚਾਹੁੰਦੇ ਹਨ ਕਿ ਕੀ ਉਹ ਟਰੰਪ ਨੂੰ ਹਰਾਉਣ ਦੀ ਸਮਰੱਥਾ ਰਖਦੇ ਹਨ ਪਰ ਮਾਮਲਾ ਇਥੇ ਹੀ ਨਹੀਂ ਰੁਕਿਆ ਅਤੇ ਡੈਮੋਕ੍ਰੈਟਿਕ ਪਾਰਟੀ ਦੀ ਨੈਸ਼ਨਲ ਕਮੇਟੀ ਦੇ ਮੁਖੀ ਜੈਮੀ ਹੈਰੀਸਨ ਅਤੇ ਬਾਇਡਨ ਦੀ ਕੈਂਪੇਨ ਮੈਨੇਜਰ ਜੂਲੀ ਸ਼ਾਵੇਜ਼ ਰੌਡਰਿਗਜ਼ ਵੱਲੋਂ ਪਾਰਟੀ ਨਾਲ ਸਬੰਧਤ ਦਾਨੀਆਂ ਵੱਲੋਂ ਲਏ ਸਟੈਂਡ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਨੌਰਥ ਕੈਰੋਲਾਈਨਾ ਤੋਂ ਪਾਰਟੀ ਮੈਂਬਰ ਜੌਹਨ ਵਰਡੇਹੋ ਨੇ ਰਾਸ਼ਟਰਪਤੀ ਦੇ ਬੋਲਣ ਦੀ ਤਾਕਤ ਵਿਚ ਲਗਾਤਾਰ ਆ ਰਹੀ ਕਮਜ਼ੋਰੀ ਦਾ ਮਸਲਾ ਉਠਾਇਆ ਜਦਕਿ ਕਈ ਹੋਰ ਮੈਂਬਰ ਵਰਡੇਹੋ ਤੋਂ ਵੀ ਅੱਗੇ ਲੰਘ ਗਏ।

ਨੈਸ਼ਨਲ ਕਮੇਟੀ ਦੇ ਮੁਖੀ ਨੇ ਵੀ ਰਾਸ਼ਟਰਪਤੀ ਦੀ ਸਿਹਤ ’ਤੇ ਡੂੰਘੀ ਚਿੰਤਾ ਜ਼ਾਹਰ ਕੀਤੀ

ਇਸੇ ਦੌਰਾਨ ਸੀ.ਬੀ.ਐਸ. ਨਿਊਜ਼ ਵੱਲੋਂ ਕਰਵਾਏ ਇਕ ਸਰਵੇਖਣ ਦੌਰਾਨ 72 ਫੀ ਸਦੀ ਲੋਕਾਂ ਨੇ ਮੰਨਿਆ ਕਿ ਜੋਅ ਬਾਇਡਨ ਮਾਨਸਿਕ ਅਤੇ ਸਰੀਰਕ ਤੌਰ ’ਤੇ ਰਾਸ਼ਟਰਪਤੀ ਵਜੋਂ ਸੇਵਾ ਨਿਭਾਉਣ ਦੇ ਸਮਰੱਥ ਨਹੀਂ। ਬਿਲਕੁਲ ਇਸੇ ਕਿਸਮ ਦਾ ਸਰਵੇਖਣ ਜੂਨ ਦੇ ਪਹਿਲੇ ਹਫਤੇ ਕੀਤਾ ਗਿਆ ਜਿਸ ਵਿਚ ਬਾਇਡਨ ਨੂੰ ਬਿਮਾਰ ਮੰਨਣ ਵਾਲਿਆਂ ਦੀ ਗਿਣਤੀ 65 ਫੀ ਸਦੀ ਦਰਜ ਕੀਤੀ ਗਈ ਸੀ। ਇਥੇ ਦਸਣਾ ਬਣਦਾ ਹੈ ਕਿ ਜੋਅ ਬਾਇਡਨ ਸੋਮਵਾਰ ਦੇਰ ਸ਼ਾਮ ਵਾਈਟ ਹਾਊਸ ਪਰਤੇ ਅਤੇ ਡੌਨਲਡ ਟਰੰਪ ਬਾਰੇ ਸੁਪਰੀਮ ਕੋਰਟ ਦੇ ਫੈਸਲੇ ’ਤੇ ਸੰਖੇਪ ਟਿੱਪਣੀ ਕੀਤੀ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰਦਿਆਂ ਜਦੋਂ ਵਾਪਸ ਜਾਣ ਲੱਗੇ ਤਾਂ ਇਕ ਪੱਤਰਕਾਰ ਦੀ ਆਵਾਜ਼ ਆਈ, ਕੀ ਤੁਸੀਂ ਕੁਰਸੀ ਛੱਡ ਰਹੇ ਹੋ? ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਜੋਅ ਬਾਇਡਨ ਦੀ ਮੌਜੂਦਾ ਹਾਲਤ ਡੈਮੋਕ੍ਰੈਟਿਕ ਪਾਰਟੀ ਵੱਲੋਂ ਹਾਊਸ ਰਿਪ੍ਰਜ਼ੈਂਟੇਟਿਵਜ਼ ਜਾਂ ਸੈਨੇਟ ਦੀ ਚੋਣ ਲੜ ਰਹੇ ਉਮੀਦਵਾਰਾਂ ਦੀਆਂ ਸੰਭਾਵਨਾਵਾਂ ਪ੍ਰਭਾਵਤ ਕਰ ਸਕਦੀ ਹੈ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਲਾਹਕਾਰ ਰਹਿ ਚੁੱਕੇ ਬਰੈਟ ਬਰੂਅਨ ਦਾ ਇਸ ਬਾਰੇ ਕਹਿਣਾ ਹੈ ਕਿ ਦਾਨੀ ਸੱਜਣਾਂ ਤੋਂ ਬਗੈਰ ਕੋਈ ਪਾਰਟੀ ਅੱਗੇ ਨਹੀਂ ਵਧ ਸਕਦੀ। ਬਰੈਟ ਨੇ ਸਵਾਲੀਆ ਲਹਿਜ਼ੇ ਵਿਚ ਕਿਹਾ ਕਿ ਜੇ ਬਾਇਡਨ ਪਿੱਛੇ ਹਟ ਵੀ ਜਾਣ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਮੈਦਾਨ ਵਿਚ ਕੌਣ ਨਿਤਰੇਗਾ। 

Tags:    

Similar News