ਅਮਰੀਕਾ ਵਿਚ ਭਾਰਤੀ ਪਰਵਾਰ ’ਤੇ ਨਸਲੀ ਹਮਲਾ

ਅਮਰੀਕਾ ਵਿਚ ਭਾਰਤੀ ਮੂਲ ਦੇ ਫੋਟੋਗ੍ਰਾਫਰ ਅਤੇ ਉਸ ਦੇ ਪਰਵਾਰ ’ਤੇ ਨਸਲੀ ਹਮਲਾ ਕੀਤਾ ਗਿਆ।;

Update: 2024-12-03 12:38 GMT

ਲੌਸ ਐਂਜਲਸ : ਅਮਰੀਕਾ ਵਿਚ ਭਾਰਤੀ ਮੂਲ ਦੇ ਫੋਟੋਗ੍ਰਾਫਰ ਅਤੇ ਉਸ ਦੇ ਪਰਵਾਰ ’ਤੇ ਨਸਲੀ ਹਮਲਾ ਕੀਤਾ ਗਿਆ। ਇਕ ਔਰਤ ਨੇ ਤਿੰਨ ਬੱਚਿਆਂ ਦੇ ਪਿਉ ਪਰਵੇਜ਼ ਤੌਫੀਕ ਨੂੰ ਤੰਦੂਰੀ ਚਿਕਨ ਦੱਸਿਆ ਅਤੇ ਦੋਸ਼ ਲਾਇਆ ਕਿ ਭਾਰਤੀ ਲੋਕ ਨਿਯਮਾਂ ਦੀ ਪਰਵਾਹ ਨਹੀ ਕਰਦੇ। ਨਫ਼ਰਤੀ ਟਿੱਪਣੀਆਂ ਦਾ ਇਹ ਸਿਲਸਿਲਾ ਮੈਕਸੀਕੋ ਤੋਂ ਲੌਸ ਐਂਜਲਸ ਪੁੱਜੀ ਫਲਾਈਟ ਵਿਚ ਸ਼ੁਰੂ ਹੋਇਆ ਅਤੇ ਬਾਅਦ ਵਿਚ ਮੁਸਾਫਰਾਂ ਨੂੰ ਲਿਜਾਣ ਵਾਲੀ ਸ਼ਟਲ ਵਿਚ ਵੀ ਜਾਰੀ ਰਿਹਾ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਔਰਤ ਦੀ ਘਟੀਆ ਹਰਕਤ ਨੂੰ ਵੇਖਦਿਆਂ ਯੂਨਾਈਟਡ ਏਅਰਲਾਈਨਜ਼ ਨੇ ਉਸ ਨੂੰ ਨੋ ਫਲਾਈ ਲਿਸਟ ਵਿਚ ਪਾ ਦਿਤਾ।

ਮੈਕਸੀਕੋ ਤੋਂ ਲੌਸ ਐਂਜਲਸ ਦੇ ਹਵਾਈ ਅੱਡੇ ਤੱਕ ਜਾਰੀ ਰਿਹਾ ਘਟਨਾਕ੍ਰਮ

ਇਥੇ ਦਸਣਾ ਬਣਦਾ ਹੈ ਕਿ ਭਾਰਤੀ ਮੂਲ ਦੇ ਪਰਵਾਰ ਨੂੰ ਫਲਾਈਟ ਵਿਚ ਇਕ ਮੁਫਤ ਬਿਜ਼ਨਸ ਕਲਾਸ ਸੀਟ ਦਿਤੀ ਗਈ ਅਤੇ ਪਰਵਾਰ ਨੇ ਇਹ ਸੀਟ ਆਪਣੇ 11 ਸਾਲ ਦੇ ਬੇਟੇ ਨੂੰ ਦੇਣ ਦਾ ਫੈਸਲਾ ਲਿਆ। ਬੇਟਾ ਪਰਵਾਰ ਤੋਂ ਦੂਰ ਬੈਠਾ ਸੀ ਅਤੇ ਇਸੇ ਦੌਰਾਨ ਤੌਫੀਕ ਆਪਣੀ ਸੀਟ ਤੋਂ ਉਠ ਕੇ ਉਸ ਨੂੰ ਦੇਖਣ ਚਲੇ ਗਏ। ਤੌਫੀਕ ਦੇ ਪਿੱਛੋਂ ਇਕ ਔਰਤ ਆਈ ਅਤੇ ਕਹਿਣ ਲੱਗੀ ਕਿ ਕੀ ਉਹ ਆਪਣੀ ਸੀਟ ’ਤੇ ਬੈਠ ਸਕਦੀ ਹੈ। ਤੌਫੀਕ ਨੇ ਰਾਹ ਛੱਡਿਆ ਤਾਂ ਔਰਤ ਦਬੀ ਆਵਾਜ਼ ਵਿਚ ਕੁਝ ਕਹਿੰਦੀ ਹੋਈ ਸੀਟ ’ਤੇ ਬੈਠ ਗਈ। ਕੁਝ ਦੇਰ ਬਾਅਦ ਹਵਾਈ ਜਹਾਜ਼ ਲੈਂਡ ਕਰ ਗਿਆ ਅਤੇ ਸਾਰੇ ਮੁਸਾਫਰਾਂ ਨੂੰ ਇਕ ਸ਼ਟਲ ਵਿਚ ਬਿਠਾਇਆ ਗਿਆ। ਸ਼ਟਲ ਵਿਚ ਤੌਫੀਕ ਦੇ ਬੇਟੇ ਨੇ ਦੱਸਿਆ ਕਿ ਫਲਾਈਟ ਦੌਰਾਨ ਔਰਤ ਨੇ ਉਸ ਨੂੰ ਅਜੀਬੋ ਗਰੀਬ ਸਵਾਲ ਕੀਤੇ। ਦੂਜੇ ਪਾਸੇ ਔਰਤ ਨੇ ਸ਼ਟਲ ਵਿਚ ਟਿੱਪਣੀਆਂ ਸ਼ੁਰੂ ਕਰ ਦਿਤੀਆਂ ਜਿਸ ਮਗਰੋਂ ਤੌਫੀਕ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿਤੀ। ਮਾਮਲਾ ਵਧ ਗਿਆ ਤਾਂ ਸੁਰੱਖਿਆ ਮੁਲਾਜ਼ਮਾਂ ਨੂੰ ਸੱਦਿਆ ਗਿਆ ਅਤੇ ਔਰਤ ਖੁਦ ਨੂੰ ਹੀ ਪੀੜਤ ਦੱਸਣ ਲੱਗੀ। ਔਰਤ ਨੇ ਕਿਹਾ ਕਿ ਉਹ ਇਕ ਅਮੈਰਿਕਨ ਹੈ ਅਤੇ ਨਸਲਵਾਦੀ ਹੋਣ ਦੇ ਦੋਸ਼ਾਂ ਦੀ ਪਰਵਾਹ ਨਹੀਂ ਕਰਦੀ।

ਯੂਨਾਈਟਡ ਏਅਰਲਾਈਨਜ਼ ਨੇ ਔਰਤ ਨੂੰ ‘ਨੋ ਫਲਾਈ’ ਲਿਸਟ ਵਿਚ ਪਾਇਆ

ਜਵਾਬ ਵਿਚ ਤੌਫੀਕ ਨੇ ਕਿਹਾ ਕਿ ਉਹ ਵੀ ਅਮੈਰਿਕਨ ਤਾਂ ਮਹਿਲਾ ਮੁੜ ਬੋਲਣ ਲੱਗੀ ਕਿ ਤੂੰ ਅਮੈਰਿਕਨ ਨਹੀਂ, ਸਗੋਂ ਅਸਲ ਵਿਚ ਭਾਰਤ ਤੋਂ ਹੈ। ਇਸੇ ਰੌਲੇ ਰੱਪੇ ਦਰਮਿਆਨ ਔਰਤ ਨੂੰ ਸ਼ਟਲ ਵਿਚੋਂ ਉਤਾਰ ਦਿਤਾ ਗਿਆ ਅਤੇ ਏਅਰਲਾਈਨ ਦਾ ਕਹਿਣਾ ਹੈ ਕਿ ਮਾਮਲਾ ਐਫ਼.ਬੀ.ਆਈ. ਕੋਲ ਲਿਜਾਇਆ ਜਾਵੇਗਾ। ਤੌਫੀਕ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ 34 ਮੁਲਕਾਂ ਵਿਚ ਜਾ ਚੁੱਕਾ ਹੈ ਪਰ ਇਸ ਤਰੀਕਾ ਦਾ ਵਰਤਾਉ ਕਿਤੇ ਨਹੀਂ ਹੋਇਆ। ਦੱਸ ਦੇਈਏ ਕਿ ਅਮਰੀਕਾ ਵਿਚ ਭਾਰਤੀਆਂ ਲੋਕਾਂ ਵਿਰੁੱਧ ਨਸਲੀ ਹਿੰਸਾ ਵਿਚ ਵਾਧਾ ਹੋਇਆ ਹੈ। ਮੌਜੂਦਾ ਵਰ੍ਹੇ ਦੇ ਪਹਿਲੇ ਤਿੰਨ ਮਹੀਨੇ ਦੌਰਾਨ ਕਈ ਭਾਰਤੀ ਵਿਦਿਆਰਥੀਆਂ ਦਾ ਕਤਲ ਕਰ ਦਿਤਾ ਗਿਆ। ਤਾਜ਼ਾ ਵਾਰਦਾਤ ਦੌਰਾਨ ਸ਼ਿਕਾਗੋ ਵਿਖੇ ਗੈਸ ਸਟੇਸ਼ਨ ’ਤੇ ਕੰਮ ਕਰਦੇ ਭਾਰਤੀ ਵਿਦਿਆਰਥੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ।

Tags:    

Similar News