ਮਸਜਿਦ ਦੇ ਬਾਹਰ ਪ੍ਰਚਾਰ ਕਰ ਰਹੇ ਤਨਮਨਜੀਤ ਢੇਸੀ ਦਾ ਵਿਰੋਧ, ਗਾਲ਼ਾਂ ਕੱਢ ਭਜਾਇਆ
ਇੰਗਲੈਂਡ ਵਿਚ ਲੇਬਰ ਪਾਰਟੀ ਦੇ ਉਮੀਦਵਾਰ ਤਨਮਨਜੀਤ ਸਿੰਘ ਢੇਸੀ ਨੂੰ ਉਸ ਸਮੇਂ ਗੰਭੀਰ ਸਥਿਤੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਇਕ ਮਸਜਿਦ ਦੇ ਬਾਹਰ ਆਪਣਾ ਪ੍ਰਚਾਰ ਕਰਨ ਲਈ ਪਰਚੇ ਵੰਡ ਰਹੇ ਸੀ ਅਤੇ ਭੀੜ ਨੇ ਉਨ੍ਹਾਂ ਨੂੰ ਉਥੋਂ ਖਦੇੜ ਦਿੱਤਾ।;
ਸਲੋਅ : ਇੰਗਲੈਂਡ ਵਿਚ ਲੇਬਰ ਪਾਰਟੀ ਦੇ ਉਮੀਦਵਾਰ ਤਨਮਨਜੀਤ ਸਿੰਘ ਢੇਸੀ ਨੂੰ ਉਸ ਸਮੇਂ ਗੰਭੀਰ ਸਥਿਤੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਇਕ ਮਸਜਿਦ ਦੇ ਬਾਹਰ ਆਪਣਾ ਪ੍ਰਚਾਰ ਕਰਨ ਲਈ ਪਰਚੇ ਵੰਡ ਰਹੇ ਸੀ ਅਤੇ ਭੀੜ ਨੇ ਉਨ੍ਹਾਂ ਨੂੰ ਉਥੋਂ ਖਦੇੜ ਦਿੱਤਾ। ਇਹ ਲੋਕ ਉਨ੍ਹਾਂ ਤੋਂ ਗਾਜ਼ਾ ਸੰਘਰਸ਼ ’ਤੇ ਲੇਬਰ ਪਾਰਟੀ ਦੇ ਰੁਖ਼ ਨੂੰ ਲੈ ਕੇ ਨਾਰਾਜ਼ ਸਨ। ਕੁੱਝ ਲੋਕਾਂ ਨੇ ਉਨ੍ਹਾਂ ਨਾਲ ਗਾਲੀ ਗਲੋਚ ਵੀ ਕੀਤਾ। ਢੇਸੀ ਯੂਕੇ ਦੇ ਪਹਿਲੇ ਸਿੱਖ ਸਾਂਸਦ ਨੇ ਅਤੇ ਉਹ ਇਸ ਵਾਰ ਫਿਰ ਬਰਕਸ਼ਾਇਰ ਵਿਚ ਸਲੋਅ ਦੇ ਲਈ ਸਾਂਸਦ ਵਜੋਂ ਚੋਣ ਲੜ ਰਹੇ ਨੇ।
ਯੂਕੇ ਵਿਚ ਸੰਸਦ ਚੋਣ ਲਈ ਲੇਬਰ ਪਾਰਟੀ ਦੇ ਉਮੀਦਵਾਰ ਤਨਮਨਜੀਤ ਸਿੰਘ ਢੇਸੀ ਸਲੋਅ ਸ਼ਹਿਰ ਦੇ ਕੇਂਦਰ ਵਿਚ ਸਥਿਤ ਮਸਜਿਦ ਅਲ ਜੰਨਾਹ ਦੇ ਬਾਹਰ ਨਮਾਜ਼ ਪੜ੍ਹ ਕੇ ਨਿਕਲਣ ਵਾਲੇ ਲੋਕਾਂ ਨੂੰ ਪਰਚੇ ਵੰਡ ਰਹੇ ਸੀ ਪਰ ਉਸ ਸਮੇਂ ਉਨ੍ਹਾਂ ਨੂੰ ਉਥੋਂ ਜਾਣਾ ਪਿਆ ਜਦੋਂ ਇਕੱਠੀ ਹੋਈ ਲੋਕਾਂ ਦੀ ਭੀੜ ਨੇ ਉਨ੍ਹਾਂ ਨੂੰ ‘ਜਾਯੋਨੀ ਸ਼ੈਤਾਨ’ ਆਖ ਦਿੱਤਾ, ਜਿਸ ਦੇ ਹੱਥ ਫਲਸਤੀਨੀ ਬੱਚਿਆਂ ਦੇ ਖ਼ੂਨ ਨਾਲ ਸਣੇ ਹੋਏ ਸੀ। ਬਰਕਸ਼ਾਇਰ ਦੇ ਸਲੋਅ ਤੋਂ ਸਾਂਸਦ ਵਜੋਂ ਦੁਬਾਰਾ ਚੋਣ ਲੜ ਰਹੇ ਤਨਮਨਜੀਤ ਸਿੰਘ ਢੇਸੀ ਨੂੰ ਗਾਲੀ ਗਲੋਚ ਦਾ ਸਾਹਮਣਾ ਵੀ ਕਰਨਾ ਪਿਆ। ਦਰਅਸਲ ਇਹ ਲੋਕ ਗਾਜ਼ਾ ਸੰਘਰਸ਼ ਨੂੰ ਲੈ ਕੇ ਲੇਬਰ ਪਾਰਟੀ ਦੇ ਰੁਖ਼ ਤੋਂ ਨਾਰਾਜ਼ ਸਨ।
ਜਿਵੇਂ ਢੇਸੀ ਮਸਜਿਦ ਵਿਚੋਂ ਬਾਹਰ ਨਿਕਲਦੇ ਲੋਕਾਂ ਨੂੰ ਪਰਚੇ ਵੰਡਣੇ ਸ਼ੁਰੂ ਕਰਦੇ ਨੇ ਤਾਂ ਕੁੱਝ ਲੋਕ ਲੇਬਰ ਪਾਰਟੀ ਦੇ ਇਸ ਨੇਤਾ ’ਤੇ ਗਾਲਾਂ ਦੀ ਬੌਛਾਰ ਕਰ ਦਿੰਦੇ ਨੇ ਅਤੇ ਇਸ ਘਟਨਾ ਨੂੰ ਮੋਬਾਇਲ ਵਿਚ ਰਿਕਾਰਡ ਕਰਦੇ ਨੇ। ਇਕ ਵਿਅਕਤੀ ਨੇ ਢੇਸੀ ਨੂੰ ਚੀਕਦੇ ਹੋਏ ਆਖਿਆ ‘‘ਤੇਰੇ ਹੱਥ ਫਲਸਤੀਨੀ ਬੱਚਿਆਂ ਦੇ ਖ਼ੂਨ ਨਾਲ ਰੰਗੇ ਹੋਏ ਨੇ, ਤੂੰ ਜਾਯੋਨੀ ਸ਼ੈਤਾਨ ਐਂ, ਇੱਥੋਂ ਬਾਹਰ ਨਿਕਲ ਜਾਓ।’’
ਇਸੇ ਦੌਰਾਨ ਕੁੱਝ ਲੋਕ ਅਜ਼ਹਰ ਚੌਹਾਨ ਦੇ ਲਈ ਵੋਟ ਦੇਣ ਦਾ ਸਮਰਥਨ ਕਰਦੇ ਨੇ ਜੋ ਇਕ ਆਜ਼ਾਦ ਉਮੀਦਵਾਰ ਐ ਅਤੇ ਉਨ੍ਹਾਂ ਨੂੰ ਮੁਸਲਿਮ ਵੋਟਰਾਂ ਦਾ ਸਮਰਥਨ ਹਾਸਲ ਐ। ਦਰਅਸਲ ਇਹ ਇਕ ਸੰਘਰਸ਼ੀ ਸੰਗਠਨ ਐ, ਜਿਸ ਦਾ ਮਕਸਦ ਮੁਸਲਮਾਨਾਂ ਨੂੰ ਗਾਜ਼ਾ ’ਤੇ ਲੇਬਰ ਪਾਰਟੀ ਦੇ ਖ਼ਿਲਾਫ਼ ਵੋਟ ਦੇਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਏ। ਇਨ੍ਹਾਂ ਲੋਕਾਂ ਦਾ ਕਹਿਣਾ ਏ ਕਿ ਲੇਬਰ ਪਾਰਟੀ ਨੇ ਫਲਸਤੀਨ ਨੂੰ ਨਜ਼ਰਅੰਦਾਜ਼ ਕਰਕੇ ਕਤਲੇਆਮ ਦਾ ਸਮਰਥਨ ਕੀਤਾ।
ਇਸ ਘਟਨਾ ਤੋਂ ਬਾਅਦ ਤਨਮਨਜੀਤ ਸਿੰਘ ਢੇਸੀ ਨੇ ਆਪਣੇ ਐਕਸ ਅਕਾਊਂਟ ’ਤੇ ਲਿਖਿਆ ‘‘ਇਕ ਉਮੀਦਵਾਰ ਦੇ ਲਈ ਪ੍ਰਚਾਰਜ ਕਰ ਰਹੇ ਇਕ ਛੋਟੇ ਜਿਹੇ ਸੰਗਠਨ ਵੱਲੋਂ ਮੈਨੂੰ ਧਮਕਾਉਣ ਦਾ ਯਤਨ ਕੀਤਾ ਗਿਆ ਪਰ ਇਹ ਮੈਨੂੰ ਫਲਸਤੀਨ ਵਿਚ ਸ਼ਾਂਤੀ ਸਮੇਤ ਸਾਰਿਆਂ ਦੇ ਲਈ ਆਵਾਜ਼ ਉਠਾਉਣ ਤੋਂ ਨਹੀਂ ਰੋਕ ਸਕਣਗੇ। ਮੈਂ ਸਾਰਿਆਂ ਦਾ ਧੰਨਵਾਦੀ ਹਾਂ, ਵਿਸ਼ੇਸ਼ ਤੌਰ ’ਤੇ ਸਾਡੇ ਮੁਸਲਿਮ ਸਮਾਜ ਦਾ ਜੋ ਇਸ ਤਰ੍ਹਾਂ ਦੇ ਰਵੱਈਏ ਤੋਂ ਹੈਰਾਨ ਸਨ ਅਤੇ ਜਿਨ੍ਹਾਂ ਨੇ ਮੈਨੂੰ ਸਮਰਥਨ ਦੇ ਸੰਦੇਸ਼ ਭੇਜੇ।
ਦੱਸ ਦਈਏ ਕਿ ਵਿਰੋਧ ਦਾ ਸਾਹਮਣਾ ਕਰਨ ਵਾਲੇ ਇਕੱਲੇ ਢੇਸੀ ਹੀ ਨਹੀਂ ਹਨ ਬਲਕਿ ਲੇਬਰ ਪਾਰਟੀ ਦੀ ਉਮੀਦਵਾਰ ਰੋਜ਼ੀ ਡਫੀਲਡ ਨੇ ਕੈਂਟਰਬਰੀ ਵਿਚ ਸਥਾਨਕ ਚੋਣਾਂ ਵਿਚ ਪ੍ਰਚਾਰ ਕਰਨ ਤੋਂ ਕਿਨਾਰਾ ਕਰ ਲਿਆ ਕਿਉਂਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਲਗਾਤਾਰ ਟਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਏ, ਜਿਸ ਕਾਰਨ ਉਨ੍ਹਾਂ ਨੂੰ ਆਪਣੀ ਸੁਰੱਖਿਆ ਨੂੰ ਲੈ ਕੇ ਡਰ ਸਤਾ ਰਿਹਾ ਏ।