ਜਾਪਾਨ ਵਿਚ ਸਿਆਸੀ ਸੰਕਟ, ਪ੍ਰਧਾਨ ਮੰਤਰੀ ’ਤੇ ਅਸਤੀਫ਼ੇ ਦਾ ਦਬਾਅ
ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਦੀ ਕੁਰਸੀ ਡਾਵਾਂਡੋਲ ਹੋ ਚੁੱਕੀ ਹੈ ਜਿਨ੍ਹਾਂ ਦੀ ਲਿਬਰਲ ਡੈਮੋਕ੍ਰੈਟਿਕ ਪਾਰਟੀ ਨੇ ਸੰਸਦ ਦੇ ਉਪਰਲੇ ਸਦਨ ਵਿਚ ਬਹੁਮਤ ਗੁਆ ਦਿਤਾ।
ਟੋਕੀਓ : ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਦੀ ਕੁਰਸੀ ਡਾਵਾਂਡੋਲ ਹੋ ਚੁੱਕੀ ਹੈ ਜਿਨ੍ਹਾਂ ਦੀ ਲਿਬਰਲ ਡੈਮੋਕ੍ਰੈਟਿਕ ਪਾਰਟੀ ਨੇ ਸੰਸਦ ਦੇ ਉਪਰਲੇ ਸਦਨ ਵਿਚ ਬਹੁਮਤ ਗੁਆ ਦਿਤਾ। ਲਿਬਰਲ ਡੈਮੋਕ੍ਰੈਟਿਕ ਪਾਰਟੀ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਜਦੋਂ ਉਹ ਸੰਸਦ ਦੇ ਦੋਹਾਂ ਸਦਨਾਂ ਵਿਚ ਘੱਟ ਗਿਣਤੀ ਬਣ ਕੇ ਰਹਿ ਗਈ। ਸੰਸਦ ਦੇ ਉਪਰਲੇ ਸਦਨ ਵਿਚ ਕੁਲ 248 ਸੀਟਾਂ ਹਨ ਅਤੇ ਸੱਤਾਧਾਰੀ ਗਠਜੋੜ ਕੋਲ 75 ਸੀਆਂ ਸਨ ਜਦਕਿ ਬਹੁਮਤ ਕਾਇਮ ਰੱਖਣ ਲਈ ਘੱਟੋ ਘੱਟ 50 ਸੀਟਾਂ ਦੀ ਜ਼ਰੂਰਤ ਸੀ ਪਰ ਉਨ੍ਹਾਂ ਨੂੰ ਸਿਰਫ਼ 47 ਸੀਟਾਂ ਹੀ ਮਿਲ ਸਕੀਆਂ। ਲਿਬਰਲ ਡੈਮੋਕ੍ਰੈਟਿਕ ਪਾਰਟੀ ਆਪਣੇ ਦਮ ’ਤੇ 39 ਸੀਟਾਂ ਹੀ ਜਿੱਤ ਸਕੀ ਜਦਕਿ ਇਕ ਸੀਟ ਦਾ ਨਤੀਜਾ ਆਉਣਾ ਹਾਲੇ ਬਾਕੀ ਹੈ। ਤਾਜ਼ਾ ਹਾਰ ਪ੍ਰਧਾਨ ਮੰਤਰੀ ਇਸ਼ੀਬਾ ਦੀ ਦੂਜੀ ਵੱਡੀ ਸਿਆਸੀ ਅਸਫ਼ਲਤਾ ਮੰਨੀ ਜਾ ਰਹੀ ਹੈ। ਇਸ ਤੋਂ ਪਹਿਲਾਂ ਅਕਤੂਬਰ ਵਿਚ ਹੇਠਲੇ ਸਦਨ ਦੀ ਚੋਣ ਹਾਰਨ ਮਗਰੋਂ ਸੱਤਾਧਾਰੀ ਗਠਜੋੜ ਘੱਟ ਗਿਣਤੀ ਵਿਚ ਰਹਿ ਗਿਆ ਪਰ ਹੁਣ ਦੋਹਾਂ ਸਦਨਾਂ ਵਿਚ ਹਾਲਾਤ ਬਦਤਰ ਹੋ ਚੁੱਕੇ ਹਨ।
ਸੰਸਦ ਦੇ ਉਪਰਲੇ ਸਦਨ ਵਿਚ ਵੀ ਘੱਟ ਗਿਣਤੀ ਹੋ ਗਈ ਸੱਤਾਧਾਰੀ ਧਿਰ
ਜਾਪਾਨ ਵਿਚ ਚੋਣ ਨਤੀਜੇ ਅਜਿਹੇ ਸਮੇਂ ਆਏ ਹਨ ਜਦੋਂ ਮਹਿੰਗਾਈ ਵਧ ਰਹੀ ਹੈ ਅਤੇ ਅਮਰੀਕਾ ਦੀਆਂ ਟੈਰਿਫ਼ਸ ਕਰ ਕੇ ਲੋਕ ਚਿੰਤਾ ਵਿਚ ਡੁੱਬੇ ਹੋਏ ਹਨ। ਇਨ੍ਹਾਂ ਮੁੱਦਿਆਂ ’ਤੇ ਸੱਤਾਧਾਰੀ ਧਿਰ ਵਿਰੁੱਧ ਨਾਰਾਜ਼ਗੀ ਫੈਲ ਗਈ ਪਰ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਉਹ ਅਹੁਦਾ ਨਹੀਂ ਛੱਡਣਗੇ ਅਤੇ ਅਮਰੀਕਾ ਦੀਆਂ ਟੈਰਿਫ਼ਸ ਵਰਗੇ ਮਸਲਿਆਂ ਨਾਲ ਨਜਿੱਠਣ ਦਾ ਯਤਨ ਕਰਨਗੇ। ਇਥੇ ਦਸਣਾ ਬਣਦਾ ਹੈ ਕਿ ਅਤੀਤ ਵਿਚ ਤਿੰਨ ਪ੍ਰਧਾਨ ਮੰਤਰੀਆਂ ਨੇ ਸੰਸਦ ਦੇ ਉਪਰਲੇ ਸਦਨ ਵਿਚ ਬਹੁਮਤ ਗੁਆਉਣ ਤੋਂ ਕੁਝ ਹਫਤਿਆਂ ਦੇ ਅੰਦਰ ਅਸਤੀਫ਼ਾ ਦੇ ਦਿਤਾ ਸੀ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਇਸ਼ੀਬਾ ਦੇ ਅਹੁਦਾ ਛੱਡਣ ਦੀ ਸੂਰਤ ਵਿਚ ਪਾਰਟੀ ਪੱਧਰ ’ਤੇ ਲੀਡਰਸ਼ਿਪ ਦੌੜ ਸ਼ੁਰੂ ਹੋ ਜਾਵੇਗੀ। ਦੂਜੇ ਪਾਸੇ ਜਾਪਾਨ ਦੀ ਸਿਆਸਤ ਦਾ ਜ਼ਿਕਰ ਕੀਤਾ ਜਾਵੇ ਤਾਂ ਸਭ ਤੋਂ ਪਹਿਲਾਂ ਮੁਲਕ ਦੇ ਹਿਤਾਂ ਨੂੰ ਰੱਖਿਆ ਜਾਂਦਾ ਹੈ। ਇਸੇ ਕਰ ਕੇ ਅਕਤੂਬਰ 2024 ਦੀਆਂ ਚੋਣਾਂ ਹਾਰਨ ਦੇ ਬਾਵਜੂਦ ਐਲ.ਡੀਪੀ. ਅਤੇ ਕੋਮੇਤਾ ਗਠਜੋੜ ਦੀ ਸਰਕਾਰ ਕਾਇਮ ਰਹੀ।
ਸ਼ਿਗੇਰੂ ਇਸ਼ੀਬਾ ਵੱਲੋਂ ਅਸਤੀਫ਼ਾ ਦੇਣ ਤੋਂ ਨਾਂਹ
465 ਸੀਟਾਂ ਵਾਲੀ ਸੰਸਦ ਵਿਚ ਗਠਜੋੜ ਨੂੰ ਸਿਰਫ਼ 215 ਸੀਟਾਂ ਮਿਲੀਆਂ ਪਰ ਮੁੱਖ ਵਿਰੋਧੀ ਪਾਰਟੀ ਵੀ 148 ਸੀਟਾਂ ਤੱਕ ਹੀ ਸੀਮਤ ਰਹਿ ਗਈ। ਬਾਕੀ ਵਿਰੋਧੀ ਪਾਰਟੀਆਂ ਵਿਚ ਵੰਡੀਆਂ ਹੋਣ ਕਰ ਕੇ ਸੀ.ਡੀ.ਪੀ.ਜੇ. ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਨਾ ਕਰ ਸਕੀ। ਵਿਰੋਧੀ ਧਿਰ ਨੇ ਇਸ਼ੀਬਾ ਸਰਕਾਰ ਵਿਰੁੱਧ ਬੇਵਿਸਾਹੀ ਮਤਾ ਲਿਆਉਣ ਦਾ ਯਤਨ ਕੀਤਾ ਪਰ ਉਨ੍ਹਾਂ ਨੇ ਸੰਸਦ ਭੰਗ ਕਰ ਕੇ ਮੁੜ ਚੋਣਾਂ ਕਰਵਾਉਣ ਦੀ ਚਿਤਾਵਨੀ ਦੇ ਦਿਤੀ ਜਿਸ ਤੋਂ ਵਿਰੋਧੀ ਧਿਰ ਪਿੱਛੇ ਹਟ ਗਈ। ਸਰਕਾਰ ਚਲਾਉਣ ਲਈ ਇਸ਼ੀਬਾ ਨੂੰ ਵਿਰੋਧੀ ਧਿਰ ਦੀ ਹਮਾਇਤ ਵੀ ਲੈਣੀ ਪੈ ਰਹੀ ਹੈ ਅਤੇ ਇਹੋ ਸਭ ਤੋਂ ਵੱਡਾ ਸੰਕਟ ਹੈ।