ਅਮਰੀਕਾ ਦੇ ਸਕੂਲ ਨੇੜੇ ਡਿੱਗਿਆ ਹਵਾਈ ਜਹਾਜ਼, 3 ਹਲਾਕ

ਅਮਰੀਕਾ ਵਿਚ ਇਕ ਐਲੀਮੈਂਟਰੀ ਸਕੂਲ ਦੇ ਸੈਂਕੜੇ ਬੱਚੇ ਅਤੇ ਸਟਾਫ਼ ਮੈਂਬਰ ਵਾਲ-ਵਾਲ ਬਚ ਗਏ ਜਦੋਂ ਨੌਰਥ ਕੈਰੋਲਾਈਨਾ ਦੇ ਫਰੈਂਕਲਿਨ ਵਿਖੇ ਇਕ ਹਵਾਈ ਜਹਾਜ਼ ਸਕੂਲ ਦੇ ਬਿਲਕੁਲ ਨੇੜੇ ਕਰੈਸ਼ ਹੋ ਗਿਆ

Update: 2025-09-19 12:16 GMT

ਫਰੈਂਕਲਿਨ : ਅਮਰੀਕਾ ਵਿਚ ਇਕ ਐਲੀਮੈਂਟਰੀ ਸਕੂਲ ਦੇ ਸੈਂਕੜੇ ਬੱਚੇ ਅਤੇ ਸਟਾਫ਼ ਮੈਂਬਰ ਵਾਲ-ਵਾਲ ਬਚ ਗਏ ਜਦੋਂ ਨੌਰਥ ਕੈਰੋਲਾਈਨਾ ਦੇ ਫਰੈਂਕਲਿਨ ਵਿਖੇ ਇਕ ਹਵਾਈ ਜਹਾਜ਼ ਸਕੂਲ ਦੇ ਬਿਲਕੁਲ ਨੇੜੇ ਕਰੈਸ਼ ਹੋ ਗਿਆ। ਜਹਾਜ਼ ਵਿਚ ਤਿੰਨ ਜਣੇ ਸਵਾਰ ਸਨ ਜਿਨ੍ਹਾਂ ਵਿਚੋਂ ਕੋਈ ਨਾ ਬਚ ਸਕਿਆ। ਮੈਕੌਨ ਕਾਊਂਟੀ ਦੇ ਸ਼ੈਰਿਫ਼ ਦਫ਼ਤਰ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਪ੍ਰਸਿੱਧ ਗਾਇਕਾ ਟੇਲਰ ਸਵਿਫ਼ਟ ਦੇ ਗੀਤ ਲਿਖਣ ਵਾਲਾ ਬਰੈੱਟ ਜੇਮਜ਼ ਸ਼ਾਮਲ ਹੈ।

ਐਲੀਮੈਂਟਰੀ ਸਕੂਲ ਦੇ ਬੱਚੇ ਵਾਲ-ਵਾਲ ਬਚੇ

ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਵੱਲੋਂ ਹਵਾਈ ਜਹਾਜ਼ ਕਰੈਸ਼ ਹੋਣ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਜੋ ਟੈਨੇਸੀ ਦੇ ਨੈਸ਼ਵਿਲ ਤੋਂ ਰਵਾਨਾ ਹੋਇਆ ਅਤੇ ਨੌਰਥ ਕੈਰੋਲਾਈਨਾ ਵਿਚ ਹਾਦਸੇ ਦੇ ਸ਼ਿਕਾਰ ਬਣਿਆ। ਇਲਾਕੇ ਦੇ ਫਾਇਰ ਚੀਫ਼ ਨੇ ਕਿਹਾ ਕਿ ਹਾਦਸਾ ਬੇਹੱਦ ਹੌਲਨਾਕ ਹੋ ਸਕਦਾ ਸੀ ਜੇ ਜਹਾਜ਼ ਆਇਓਟਲਾ ਵੈਲੀ ਐਲੀਮੈਂਟਰੀ ਸਕੂਲ ਦੀ ਇਮਾਰਤ ਨਾਲ ਟਕਰਾਉਂਦਾ ਪਰ ਖੁਸ਼ਕਿਸਮਤੀ ਨਾਲ ਬੱਚੇ ਅਤੇ ਟੀਚਰ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਧਰ ਬਰੈੱਟ ਜੇਮਜ਼ ਦੀ ਮੌਤ ਬਾਰੇ ਪਤਾ ਲੱਗਣ ’ਤੇ ਸ਼ਰਧਾਂਜਲੀਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਜੇਮਜ਼ ਨੂੰ ਕੈਰੀ ਅੰਡਰਵੁੱਡ ਦੇ ਗ੍ਰੈਮੀ ਐਵਾਰਡ ਜੇਤੂ ਗੀਤ ‘ਜੀਜ਼ਜ਼ ਟੇਕ ਦਾ ਵ੍ਹੀਲ’ ਅਤੇ ਜੈਸਨ ਔਲਡੀਨ ਦੇ ‘ਦਾ ਟਰੂਥ’ ਵਾਸਤੇ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਟੇਲਰ ਸਵਿਫ਼ਟ ਦਾ ਗੀਤਕਾਰ ਬਣਿਆ ਹਾਦਸੇ ਦਾ ਸ਼ਿਕਾਰ

5 ਜੂਨ 1968 ਨੂੰ ਜੰਮੇ ਜੇਮਜ਼ ਨੂੰ ਦੋ ਵਾਰ ਸਾਲ ਦਾ ਬਿਹਤਰੀਨ ਗੀਤਕਾਰ ਐਲਾਨ ਜਾ ਚੁੱਕਾ ਹੈ ਜਿਸ ਨੇ ਸੰਗੀਤ ਖੇਤਰ ਦੇ ਸ਼ੌਕ ਲਈ ਡਾਕਟਰੀ ਦੀ ਪੜ੍ਹਾਈ ਅੱਧ ਵਿਚਾਲੇ ਛੱਡ ਦਿਤੀ। ਜੇਮਜ਼ ਦੀ ਪਹਿਲੀ ਸੋਲੋ ਐਲਬਮ 1995 ਵਿਚ ਰਿਲੀਜ਼ ਹੋਈ ਅਤੇ ਇਸ ਮਗਰੋਂ ਲਗਾਤਾਰ ਸਫ਼ਲਤਾ ਦੀਆਂ ਪੌੜੀਆਂ ਚੜ੍ਹਦਾ ਚਲਾ ਗਿਆ। ਨਾਮੀ ਕਲਾਕਾਰ ਜੇਮਜ਼ ਦੇ ਲਿਖੇ ਗੀਤ ਗਾ ਚੁੱਕੇ ਹਨ ਅਤੇ 800 ਤੋਂ ਵੱਧ ਗੀਤ ਜੇਮਜ਼ ਨੇ ਆਪਣੇ ਨਾਂ ਦਰਜ ਕੀਤੇ।

Tags:    

Similar News