ਯੂਰਪ ਵਿਚ ਹਵਾਈ ਜਹਾਜ਼ ਕਰੈਸ਼, 20 ਮੌਤਾਂ
ਤੁਰਕੀ ਹਵਾਈ ਫ਼ੌਜ ਦਾ ਕਾਰਗੋ ਜਹਾਜ਼ ਕਰੈਸ਼ ਹੋਣ ਕਾਰਨ ਇਸ ਵਿਚ ਸਵਾਰ 20 ਫੌਜੀਆਂ ਅਤੇ ਕਰੂ ਮੈਂਬਰਾਂ ਦੀ ਮੌਤ ਹੋ ਗਈ
ਇਸਤਾਂਬੁਲ : ਤੁਰਕੀ ਹਵਾਈ ਫ਼ੌਜ ਦਾ ਕਾਰਗੋ ਜਹਾਜ਼ ਕਰੈਸ਼ ਹੋਣ ਕਾਰਨ ਇਸ ਵਿਚ ਸਵਾਰ 20 ਫੌਜੀਆਂ ਅਤੇ ਕਰੂ ਮੈਂਬਰਾਂ ਦੀ ਮੌਤ ਹੋ ਗਈ। ਸੀ-130 ਹਰਕਿਊਲਿਸ ਜਹਾਜ਼ ਜਾਰਜੀਆ ਅਤੇ ਅਜ਼ਰਬੈਜਾਨ ਦੇ ਬਾਰਡਰ ਨੇੜੇ ਕਰੈਸ਼ ਹੋਇਆ। ਤੁਰਕੀ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਰਾਹਤ ਕਾਰਜਾਂ ਵਾਸਤੇ ਟੀਮਾਂ ਭੇਜੀਆਂ ਗਈਆਂ ਪਰ ਮਰਨ ਵਾਲਿਆਂ ਦੀ ਗਿਣਤੀ ਬਾਰੇ ਤਸਦੀਕ ਨਾ ਕੀਤੀ ਗਈ। ਤੁਰਕੀ ਦੇ ਰਾਸ਼ਟਰਪਤੀ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕਰਨ ਦੇ ਹੁਕਮ ਦਿਤੇ ਗਏ ਹਨ।
ਤੁਰਕੀ ਹਵਾਈ ਫੌਜ ਦੇ ਜਹਾਜ਼ ਵਿਚ ਪੈਦਾ ਹੋਈ ਤਕਨੀਕੀ ਖਰਾਬੀ
ਪ੍ਰਾਪਤ ਜਾਣਕਾਰੀ ਮੁਤਾਬਕ ਤੁਰਕੀ ਹਵਾਈ ਫ਼ੌਜ ਦਾ ਇਹ ਜਹਾਜ਼ 57 ਸਾਲ ਪੁਰਾਣਾ ਸੀ ਅਤੇ 15 ਸਾਲ ਪਹਿਲਾਂ ਇਸ ਨੂੰ ਹਵਾਈ ਫੌਜ ਵਿਚ ਸ਼ਾਮਲ ਕੀਤਾ ਗਿਆ। ਤੁਰਕੀ ਹਵਾਈ ਫੌਜ ਨਾਲ ਆਖਰੀ ਦਰਦਨਾਕ ਹਾਦਸਾ ਫਰਵਰੀ 2020 ਵਿਚ ਵਾਪਰਿਆ ਜਦੋਂ ਸੀਰੀਆਈ ਫ਼ੌਜ ਦੇ ਹਮਲੇ ਵਿਚ 33 ਜਵਾਨ ਮਾਰੇ ਗਏ ਸਨ। ਸੀ-130 ਹਰਕਿਊਲਿਸ ਦੀ ਨਿਰਮਾਤਾ ਕੰਪਨੀ ਲੌਕਹੀਡ ਮਾਰਟਿਨ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਵਿਚ ਹਰ ਸੰਭਵ ਸਹਿਯੋਗ ਦਾ ਭਰੋਸਾ ਦਿਤਾ ਗਿਆ ਹੈ।