ਯੂ.ਕੇ. ’ਚ ਭਾਰਤੀ ਵਿਦਿਆਰਥੀਆਂ ਦੀ ਗੱਡੀ ਨਾਲ ਹਾਦਸਾ, ਇਕ ਹਲਾਕ
ਯੂ.ਕੇ. ਵਿਚ ਭਾਰਤੀ ਵਿਦਿਆਰਥੀ ਦੀ ਗੱਡੀ ਨਾਲ ਵਾਪਰੇ ਦਰਦਨਾਕ ਹਾਦਸੇ ਦੌਰਾਨ ਇਕ ਜਣੇ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਜ਼ਖਮੀ ਹੋ ਗਏ।;
ਲੰਡਨ : ਯੂ.ਕੇ. ਵਿਚ ਭਾਰਤੀ ਵਿਦਿਆਰਥੀ ਦੀ ਗੱਡੀ ਨਾਲ ਵਾਪਰੇ ਦਰਦਨਾਕ ਹਾਦਸੇ ਦੌਰਾਨ ਇਕ ਜਣੇ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਜ਼ਖਮੀ ਹੋ ਗਏ। ਹਾਦਸਾ ਪੂਰਬੀ ਇੰਗਲੈਂਡ ਦੇ ਲੈਸਟਰਸ਼ਾਇਰ ਨੇੜੇ ਵਾਪਰਿਆ ਅਤੇ 27 ਸਾਲ ਦੇ ਇਕ ਸ਼ਖਸ ਨੂੰ ਖਤਰਨਾਕ ਡਰਾਈਵਿੰਗ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਮਰਨ ਵਾਲੇ ਭਾਰਤੀ ਵਿਦਿਆਰਥੀ ਦੀ ਸ਼ਨਾਖਤ 32 ਸਾਲ ਦੇ ਚਿਰੰਜੀਵੀ ਪੰਗੁਲੂਰੀ ਵਜੋਂ ਕੀਤੀ ਗਈ ਹੈ ਅਤੇ ਗੱਡੀ ਵਿਚ ਸਵਾਰ ਸਾਰੇ ਜਣੇ ਆਂਧਰਾ ਪ੍ਰਦੇਸ਼ ਨਾਲ ਸਬੰਧਤ ਸਨ।
4 ਜ਼ਖਮੀਆਂ ਵਿਚੋਂ 2 ਦੀ ਹਾਲਤ ਗੰਭੀਰ
ਹਸਪਤਾਲ ਵਿਚ ਦਾਖਲ ਚਾਰ ਜਣਿਆਂ ਵਿਚੋਂ ਇਕ ਔਰਤ ਹੈ ਅਤੇ ਦੋ ਜਣਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਖਤਰਨਾਕ ਡਰਾਈਵਿੰਗ ਦੇ ਮਾਮਲੇ ਵਿਚ ਗ੍ਰਿਫ਼ਤਾਰ ਨੌਜਵਾਨ ਨੂੰ ਬਾਅਦ ਵਿਚ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ ਪਰ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਲੈਸਟਰਸ਼ਾਇਰ ਪੁਲਿਸ ਵੱਲੋਂ ਇਕ ਬਿਆਨ ਜਾਰੀ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਦੇ ਡੈਸ਼ਕੈਮ ਵਿਚ ਹਾਦਸੇ ਨਾਲ ਸਬੰਧਤ ਕੋਈ ਫੁਟੇਜ ਰਿਕਾਰਡ ਹੋਈ ਤਾਂ ਉਹ ਜਾਂਚਕਰਤਾਵਾਂ ਨਾਲ ਸੰਪਰਕ ਕਰੇ।