ਯੂ.ਕੇ. ’ਚ ਮਹਾਤਮਾ ਗਾਂਧੀ ਦੇ ਬੁੱਤ ’ਤੇ ਲਿਖੇ ਇਤਰਾਜ਼ਯੋਗ ਨਾਹਰੇ

ਯੂ.ਕੇ. ਦੀ ਰਾਜਧਾਨੀ ਲੰਡਨ ਵਿਖੇ ਮਹਾਤਮਾ ਗਾਂਧੀ ਦੇ ਬੁੱਤ ਉਤੇ ਇਤਰਾਜ਼ਯੋਗ ਨਾਹਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਨ੍ਹਾਂ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ਿਕਰ ਵੀ ਮਿਲਦਾ ਹੈ

Update: 2025-09-30 12:59 GMT

ਲੰਡਨ : ਯੂ.ਕੇ. ਦੀ ਰਾਜਧਾਨੀ ਲੰਡਨ ਵਿਖੇ ਮਹਾਤਮਾ ਗਾਂਧੀ ਦੇ ਬੁੱਤ ਉਤੇ ਇਤਰਾਜ਼ਯੋਗ ਨਾਹਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਨ੍ਹਾਂ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ਿਕਰ ਵੀ ਮਿਲਦਾ ਹੈ। ਭਾਰਤੀ ਹਾਈ ਕਮਿਸ਼ਨ ਨੇ ਘਟਨਾ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਇਹ ਸਿਰਫ਼ ਬੁੱਤ ਨਾਲ ਛੇੜ-ਛਾੜ ਨਹੀਂ ਸਗੋਂ ਮਹਾਤਮਾ ਗਾਂਧੀ ਦੇ ਵਿਚਾਰਾਂ ਉਤੇ ਸਿੱਧਾ ਹਮਲਾ ਕੀਤਾ ਗਿਆ ਹੈ। ਹਾਈ ਕਮਿਸ਼ਨ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਘਟਨਾ ਕੌਮਾਂਤਰੀ ਅਹਿੰਸਾ ਦਿਹਾੜੇ ਤੋਂ ਤਿੰਨ ਦਿਨ ਪਹਿਲਾਂ ਵਾਪਰੀ ਜਿਸ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।

ਭਾਰਤੀ ਹਾਈ ਕਮਿਸ਼ਨ ਗੁੱਸੇ, ਦੋਸ਼ੀਆਂ ਵਿਰੁੱਧ ਕਾਰਵਾਈ ਮੰਗੀ

ਸਥਾਨਕ ਪ੍ਰਸ਼ਾਸਨ ਨਾਲ ਰਲ ਕੇ ਬੁੱਤ ਦੀ ਸੁਰੱਖਿਆ ਯਕੀਨੀ ਬਣਾਈ ਜਾ ਰਹੀ ਹੈ। ਉਧਰ ਲੰਡਨ ਪੁਲਿਸ ਨੇ ਕਿਹਾ ਕਿ ਸ਼ੱਕੀਆਂ ਦੀ ਪੈੜ ਨੱਪਣ ਦੇ ਯਤਨ ਕੀਤੇ ਜਾ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ ਲੰਡਨ ਦੇ ਟੈਵਿਸਟੌਕ ਸਕੁਏਅਰ ਵਿਖੇ ਮਹਾਤਮਾ ਗਾਂਧੀ ਦਾ ਬੁੱਤ 1968 ਵਿਚ ਸਥਾਪਤ ਕੀਤਾ ਗਿਆ। ਕਾਂਸੇ ਦਾ ਇਹ ਬੁੱਤ ਪੋਲੈਂਡ ਦੀ ਬੁੱਤ ਤਰਾਸ਼ ਫਰੈਡਾ ਬ੍ਰਿਲੀਅੰਟ ਨੇ ਤਿਆਰ ਕੀਤਾ ਅਤੇ ਯੂਨੀਵਰਸਿਟੀ ਕਾਲਜ ਲੰਡਨ ਨੇੜੇ ਟੈਵਿਸਟੌਕ ਸਕੁਏਅਰ ਵਿਖੇ ਲਾਉਣ ਦੀ ਸਿਫ਼ਾਰਸ਼ ਕੀਤੀ। ਮਹਾਤਮਾ ਗਾਂਧੀ 1888 ਤੋਂ 1891 ਦੌਰਾਨ ਯੂਨੀਵਰਸਿਟੀ ਕਾਲਫ਼ ਲੰਡਨ ਦੇ ਵਿਦਿਆਰਥੀ ਰਹੇ ਅਤੇ ਇਹ ਬੁੱਤ ਲੰਡਨ ਵਿਚ ਗੁਜ਼ਾਰੇ ਸਮੇਂ ਅਤੇ ਕੌਮਾਂਤਰੀ ਵਿਰਾਸਤ ਨੂੰ ਸ਼ਰਧਾਂਜਲੀ ਦੇਣ ਲਈ ਤਿਆਰ ਕੀਤਾ ਗਿਆ।

ਲੰਡਨ ਦੇ ਟੈਵਿਸਟੌਕ ਸਕੁਏਅਰ ਵਿਖੇ 1968 ’ਚ ਸਥਾਪਤ ਕੀਤਾ ਸੀ ਬੁੱਤ

ਹਰ ਸਾਲ ਗਾਂਧੀ ਜੈਯੰਤੀ ਮੌਕੇ ਇਥੇ ਸਮਾਗਮ ਕਰਵਾਇਆ ਜਾਂਦਾ ਹੈ। ਇਹ ਪਹਿਲੀ ਵਾਰ ਨਹੀਂ ਜਦੋਂ ਮਹਾਤਮਾ ਗਾਂਧੀ ਦੇ ਬੁੱਤ ਜਾਂ ਮੂਰਤੀ ਉਤੇ ਇਤਰਾਜ਼ਯੋਗ ਨਾਹਰੇ ਲਿਖੇ ਗਏ ਹੋਣ। 2003 ਵਿਚ ਡਰਬਨ ਅਤੇ 2015 ਵਿਚ ਜੌਹਾਨਸਬਰਗ ਵਿਖੇ ਮੁਜ਼ਾਹਰਾਕਾਰੀਆਂ ਨੇ ਗਾਂਧੀ ਨੂੰ ਨਸਲੀ ਕਰਾਰ ਦਿੰਦਿਆਂ ਬੁੱਤ ਹਟਾਉਣ ਦੀ ਮੰਗ ਕੀਤੀ ਸੀ। ਗਾਂਧੀ ਮਸਟ ਫਾਲ ਮੁਹਿੰਮ ਚਲਾਈ ਗਈ ਅਤੇ ਬੁੱਤ ਦਾ ਨੁਕਸਾਨ ਕੀਤਾ ਗਿਆ। 2020 ਵਿਚ ਨੈਦਰਲੈਂਡਜ਼ ਵਿਖੇ ਵੀ ਰੋਸ ਵਿਖਾਵੇ ਦੌਰਾਨ ਗਾਂਧੀ ਦੇ ਬੁੱਤ ’ਤੇ ਲਾਲ ਰੰਗ ਨਾਲ ਨਸਲਵਾਦੀ ਲਿਖਿਆ ਗਿਆ। ਸਿਰਫ਼ ਇਥੇ ਹੀ ਬੱਸ ਨਹੀਂ, 2021 ਵਿਚ ਆਸਟ੍ਰੇਲੀਆ ਦੇ ਮੈਲਬਰਨ ਵਿਖੇ ਉਦਘਾਟਨ ਤੋਂ ਸਿਰਫ਼ ਇਕ ਦਿਨ ਬਾਅਦ ਗਾਂਧੀ ਦਾ ਬੁੱਤ ਤੋੜ ਦਿਤਾ ਗਿਆ।

Tags:    

Similar News